(ਸਮਾਜ ਵੀਕਲੀ)
ਇੱਕ ਤੋਰ ਇਹ ਵੀ ( ਜੇਲ੍ਹ ਜੀਵਨ ‘ਚੋਂ)
ਭਾਗ-(ਦੂਜਾ ਤੇ ਅੰਤਿਮ)
ਦੂਰ ਬੈਠੇ ਦਰਸ਼ਨ ਹੋਰੀਂ ਹੱਸੀ ਜਾਣ। ਮੈਂ ਅੱਧਾ ਘੰਟਾ ਮੱਥਾ ਮਾਰਨ ਤੋਂ ਬਾਅਦ ਆਪਣੇ ਦੁੱਧ ਦੀ ਥੈਲੀ ਹੱਥ ਫੜ ਕੇ ਦਰਸ਼ਨ ਹੋਰਾਂ ਕੋਲ ਚਲਾ ਗਿਆ। ਉਹ ਦੋਵੇਂ ਸਾਥੀ ਉੱਚੀ-ਉੱਚੀ ਦੰਦ ਕੱਢ ਰਹੇ ਸਨ। ਦਰਸ਼ਨ ਕਹਿੰਦਾ,” ਅਸੀਂ ਬਾਣੀਏ ਹੁੰਨੇਂ ਆਂ, ਹਿਸਾਬ ਕਿਤਾਬ ‘ਚ ਤਾਂ ਵੱਡੇ ਵੱਡਿਆ ਦਾ ਦਿਮਾਗ਼ ਖ਼ਰਾਬ ਕਰ ਦਿੰਦੇ ਹਾਂ। ਇਹ ਤਾਂ ਵਿਚਾਰਾ ਕੈਦੀ ਐ।”
ਮੈਂ ਦਰਸ਼ਨ ਨੂੰ ਕਿਹਾ,” ਪਤੰਦਰਾ ! ਸਮਝਾ ਉਹਨੂੰ, ਚਾਹ ਤਾਂ ਆਪਾਂ ਤਿੰਨਾਂ ਨੇ ਪੀਣੀ ਐਂ।” ਜਦੋਂ ਦਰਸ਼ਨ ਮੇਰੀ ਗੱਲ ‘ਤੇ ਅਮਲ ਕਰ ਕੇ ਉਸ ਕੰਟੀਨ ਵਾਲੇ ਕੈਦੀ ਨੂੰ ਸਮਝਾਉਣ ਗਿਆ, ਫ਼ੇਰ ਤਾਂ ਉਹ ਦਰਸ਼ਨ ਦੀ ਵੀ ਨਾ ਮੰਨਿਆਂ। ਕਹਿੰਦਾ,” ਬਾਬੂ ਜੀ ! ਮੈਨੂੰ ਤਾਂ ਸਮਝ ਹੀ ਹੁਣ ਆਈ ਐ , ਮੈਂ ਇੱਕ ਥੈਲੀ ਚੋਂ, ਚਾਲੀ ਪੰਜਾਹ ਕੱਪ ਚਾਹ ਬਣਾਉਨਾਂ, ਇਹ ਇੱਕ ਥੈਲੀ ‘ਚੋਂ ਤਿੰਨ ਬੰਦੇ ਹੀ ਪੀਣ ਨੂੰ ਫਿਰਦੇ ਨੇ। ਦਰਸ਼ਨ ਦੇ ਵੀਂ ਹੱਥ ਖੜ੍ਹੇ ਹੋ ਗਏ ਸਨ। ਅਖ਼ੀਰ ਉਸ ਦੀ ਬਣਾਈ ਚਾਹ ਵਿਚ ਕੱਚਾ ਦੁੱਧ ਪਾ ਕੇ ਪੀਤਾ ਤੇ ਛੇ ਰੁਪਏ ਦੇ ਕੇ ਖਹਿੜਾ ਛੁਡਾਇਆ। ਤੇ ਅੱਗੇ ਤੋਂ ਦੁੱਧ ਦੀ ਥੈਲੀ ਲੈਣ ਦੀ ਗੁਸਤਾਖ਼ੀ ਨਾ ਕੀਤੀ।
ਦੂਜੇ ਸਮਾਨ ਦੀ ਦੁਕਾਨ ਨੂੰ ਚਲਾਉਣ ਵਾਲਾ ਵੀ ਕੈਦੀ ਸੀ। ਮੈਂ ਉਸ ਦਾ ਰਹਿਣ ਸਹਿਣ ਵੇਖ ਕੇ ਉਸ ਨੂੰ ਠੇਕੇਦਾਰ ਸਮਝਦਾ ਸਾਂ। ਜਦੋਂ ਵੀ ਕੋਈ ਅਧਿਆਪਕ ਉਸ ਤੋਂ ਸਮਾਨ ਲੈਣ ਜਾਂਦਾ, ਉਹ ਬੜੀ ਤੜੀ ਨਾਲ ਸਮਾਨ ਵੇਚਦਾ ਸੀ, ਮੈਂ ਸੋਚਿਆ,” ਬੜਾ ਕੱਬਾ ਠੇਕੇਦਾਰ ਹੈ।”
ਬਾਅਦ ਵਿੱਚ ਪਤਾ ਲੱਗਿਆ ਕਿ ਉਹ ਮੁਕਤਸਰ ਦੇ ਇਲਾਕੇ ਦਾ ਰਹਿਣ ਵਾਲਾ ਸੀ, ਸ਼ਾਇਦ ਕਿਸੇ ਸੈਕਸ ਸਕੈਂਡਲ ਦੇ, ਕਤਲ ਵਿਚ ਉਮਰ ਕੈਦ ਕੱਟ ਰਿਹਾ ਸੀ। ਕਹਿੰਦੇ ਨੇ, ਉਸ ਨੇ ਉਸ ਜਨਾਨੀ ਦੇ ਘਰ ਵਾਲੇ ਦਾ ਕਤਲ ਕਰ ਦਿੱਤਾ ਸੀ, ਜਿਸ ਨਾਲ ਉਸ ਦੀ ਗਿੱਟ-ਮਿੱਟ ਸੀ। ਇੱਕ ਦਿਨ ਸਾਡੇ ਅਧਿਆਪਕ ਸਾਥੀ ਕੇਸਰ ਨਾਲ ਐਵੇਂ ਹੀ ਉਲਝ ਪਿਆ। ਕੇਸਰ ਨੂੰ ਉਸ ਦੀ ਔਕਾਤ ਦਾ ਪਤਾ ਸੀ। ਜਦੋਂ ਉਹ ਬੋਲਣੋਂ ਨਾ ਹਟਿਆ ਤਾਂ ਕੇਸਰ ਨੇ ਕਿਹਾ,” ਜੇ ਅਜਿਹੇ ਚਰਿੱਤਰ ਦਾ ਮਾਲਕ ਐਂ ਤਾਹੀਂਓ ਏਥੇ ਉਮਰ ਕੈਦ ਕੱਟ ਰਿਹਾ ਹੈ।”
ਉਹ ਕਿਹੜਾ ਅੱਗੋਂ ਘੱਟ ਸੀ, ਉਸ ਨੇ ਅੱਗੋਂ ਤੋੜ ਕੇ ਜਵਾਬ ਦਿੱਤਾ,” ਤੂੰ ਕਿਹੜਾ ਏਥੇ ਮਖਮਲੀ ਵਿਛੋਣਿਆਂ ਤੇ ਸੌਨੈਂ।
ਇੱਕ ਅਧਿਆਪਕ ਨੇ ਵਿਚ ਪੈ ਕੇ ਗੱਲ ਚਲਦੀ ਕੀਤੀ ਤੇ ਕੇਸਰ ਨੂੰ ਸਮਝਾਇਆ ਕਿ ਪੜ੍ਹੇ ਲਿਖੇ,ਅਜਿਹੇ ਵਿਅਕਤੀਆਂ ਦੇ ਮੂੰਹ ਨਹੀਂ ਲਗਦੇ।
ਸਾਡੇ ਕਈ ਅਧਿਆਪਕਾਂ ਨੇ ਟਾਈਮ ਪਾਸ ਦੇ ਕਈ ਹੋਰ ਸਾਧਨ ਦੀ ਲੱਭ ਲਏ ਸਨ। ਉਨ੍ਹਾਂ ਵਿਚੋਂ ਟਾਈਮ ਪਾਸ ਦਾ ਇੱਕ ਸਾਧਨ, ਝੂਠੀਆਂ ਅਫ਼ਵਾਹਾਂ ਫੈਲਾਉਣਾ ਸੀ, ਕਿ ਅੱਜ ਗੱਲਬਾਤ ਸਿਰੇ ਲੱਗ ਗਈ, ਕੱਲ੍ਹ ਨੂੰ ਆਪਾਂ ਸਾਰੇ ਆਪਣੇ ਆਪਣੇ ਘਰ ਹੋਵਾਂਗੇ। ਜਦੋਂ ਅਗਲੇ ਦਿਨ ਅਖ਼ਬਾਰਾਂ ਵਿਚ ਹੋਰ ਗ੍ਰਿਫ਼ਤਾਰੀਆਂ ਤੇ ਯੂਨੀਅਨ ਗਤੀਵਿਧੀਆਂ ਦਾ ਵੇਰਵਾ ਆਉਂਦਾ ਤਾਂ ਉਹ ਅਨਭੋਲ ਸਾਥੀ ਸਮਝ ਜਾਂਦੇ। ਕੁਝ ਬੰਦੇ ਅਕਲ ਦੇ ਬੜੇ ਕੱਚੇ ਹੁੰਦੇ ਹਨ। ਸਾਡੇ ਨਾਲ ਵੀ ਸਾਡਾ ਇੱਕ ਸਾਥੀ ਸੀ, ਰੰਗਾ (ਅਸਲ ਨਾਮ ਹੋਰ) ।
ਉਸ ਨੂੰ ਉੱਭਲ ਚਿੱਤੀ ਲੱਗੀ ਹੋਈ ਸੀ ਕਿ ਕਦੋਂ ਜੇਲ੍ਹ ‘ਚੋਂ ਛੁਟਕਾਰਾ ਹੋ। ਜਿੱਥੇ ਉਹ ਬੈਠਾ ਹੁੰਦਾ, ਉੱਥੇ ਜਾ ਕੇ ਸਾਡੇ ਇੱਕ ਦੋ ਸ਼ਰਾਰਤੀ ਸਾਥੀ, ਆਪਸ ਵਿੱਚ ਗੱਲਾਂ ਕਰਦੇ ਕਰਦੇ ਰੰਗੇ ਨੂੰ ਸੁਣਉਣ ਲਈ ਕਹਿ ਦਿੰਦੇ,” ਅੱਜ ਮਨਿਸਟਰ ਸਾਹਿਬ ਆਏ ਸਨ, ਸਮਝੌਤੇ ‘ਤੇ ਦਸਤਖ਼ਤ ਹੋ ਗਏ। ਬਸ ਸਵੇਰ ਤੱਕ ਕੱਪੜੇ ਬੰਨ੍ਹ ਲਓ, ਭਾਂਡੇ ਸੰਭਾਲ ਲਵੋ।”
ਉਹ ਕੰਨਾਂ ਦਾ ਕੱਚਾ, ਓਸ ਵੇਲੇ ਸਾਰੀਆਂ ਬੈਰਕਾਂ ਵਿਚ ਗੇੜਾ ਦੇ ਆਉਂਦਾ ਤੇ ਕਹਿੰਦਾ,” ਸਮਝੌਤਾ ਹੋ ਗਿਆ, ਆਪਾਂ ਨੂੰ ਸਿੱਧਾ ਨਹੀਂ ਦੱਸਦੇ। ਕੋਈ ਪੁੱਛਦਾ,” ਤੈਨੂੰ ਕਿੱਥੋਂ ਪਤਾ ਲੱਗਿਆ ?”
ਤਾਂ ਉਹ ਕਹਿੰਦਾ,” ਇਹ ਨਾ ਪੁੱਛੋ ! ਮੈਂ ਪ੍ਰਧਾਨ ਜੀ ਵਾਲੀ ਬੈਰਕ ਵਿਚ ਹੀ ਰਹਿ ਰਿਹਾਂ। ਕਿਤੋਂ ਉਡਦੀ ਉਡਦੀ ਸੁਣੀ ਐਂ- ਖ਼ਾਸ ਬੰਦੇ ਨੇ ਪ੍ਰਧਾਨ ਜੀ ਦੇ। ਰਾਤ ਨੂੰ ਪ੍ਰਧਾਨ ਜੀ ਉਹਨਾਂ ਦੇ ਬਿਸਤਰ ‘ਤੇ ਲਾਜ਼ਮੀ ਜਾਂਦੇ ਨੇ।” ਅਧਿਆਪਕ ਵਿਚਾਰੇ ਬਾਹਰ ਜਾਣ ਦੀ ਉਮੀਦ ਲਾ ਕੇ ਬਹਿ ਜਾਂਦੇ।
ਇੱਕ ਦਿਨ ਤਾਂ ਬੜੀ ਹਾਸੋਹੀਣੀ ਗੱਲ ਹੋਈ। ਬੈਰਕ ਦੇ ਬਾਹਰ ਸਾਰੇ ਖੁੱਲ੍ਹੇ ਮੈਦਾਨ ਵਿਚ ਬੈਠੇ ਸਨ। ਸਭ ਨੂੰ ਉਮੀਦ ਸੀ ਕਿ ਅੱਜ ਸਮਝੌਤਾ ਜ਼ਰੂਰ ਹੋ ਜਾਵੇਗਾ। ਉਸ ਦਿਨ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵੀ ਸਨ। ਇੱਕ ਨੇ ਕਿਹਾ,” ਜਦੋਂ ਹੀ ਅੱਜ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਮੁੱਖ ਮੰਤਰੀ ਸਾਹਿਬ ਵਿਹਲੇ ਹੋਏ ਸਮਝੌਤੇ ‘ਤੇ ਦਸਤਖ਼ਤ ਕਰ ਦੇਣਗੇ । ਜੇ ਸੁੱਖ ਰਹੇ ਤਾਂ…….।
ਰੱਬ ਦਾ ਭਾਣਾ ਉਸ ਦਿਨ ਸੱਚਮੁਚ ਹੀ ਪ੍ਰਬੰਧਕੀ ਕਮੇਟੀ ਦਾ ਇੱਕ ਮੈਂਬਰ ਮਰ ਗਿਆ। ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਇੱਕ ਮੌਕਾ ਹੋਰ ਮਿਲ ਗਿਆ ਕਿ ਅੱਜ ਸਾਰੇ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਓਥੇ ਸਸਕਾਰ ‘ਤੇ ਚਲੇ ਗਏ। ਸਵੇਰੇ ਸਮਝੌਤੇ ਤੋਂ ਬਾਅਦ ਸਾਡੀ ਰਿਹਾਈ ਦੇ ਹੁਕਮ ਆ ਜਾਣਗੇ। ਰੰਗੇ ਨੇ ਸਾਰੀ ਘਟਨਾ ਆਪਣੇ ਕੋਲੋਂ, ਵਧਾ ਚੜ੍ਹਾ ਕੇ ਸਾਰੀਆਂ ਬੈਰਕਾਂ ‘ਚ ਸੁਣਾ ਦਿੱਤੀ ਕਿ ਸਵੇਰੇ ਸਾਰੇ, ਰਿਹਾਈ ਲਈ ਤਿਆਰ ਹੋ ਜਾਵੋ , ਭਾਵੇਂ ਅਜੇ ਆਇਆ ਨੂੰ ਹਫ਼ਤਾ ਦਸ ਦਿਨ ਹੀ ਹੋਏ ਸਨ।
ਅਗਲੇ ਦਿਨ ਕੰਨਾਂ ਦੇ ਕੱਚੇ ਰੰਗੇ ਨੇ ਜੇਲ੍ਹ ਵਿੱਚ ਫ਼ੇਰ ਗੱਲ ਉਡਾ ਦਿੱਤੀ ਕਿ ਸਮਝੌਤਾ ਤਾਂ ਹੋ ਗਿਆ, ਪਰ ਮੁੱਖ ਮੰਤਰੀ ਸਾਹਿਬ ਦੇ ਦਸਤਖ਼ਤ ਰਹਿ ਗਏ। ਆਪ ਤਾਂ ਉਹ ਅਮਰੀਕਾ ਇਲਾਜ਼ ਕਰਵਾਉਣ ਚਲੇ ਗਏ ਤੇ ਜਾਂਦੇ ਹੋਏ ਜੇਲ੍ਹ ਸੁਪਰਡੈਂਟ ਡੀਆਈਜੀ ਸ਼ਰਮਾਂ ਸਾਹਿਬ ਨੂੰ ਅਧਿਕਾਰ ਦੇ ਗਏ ਕਿ ਰਾਤੀਂ ਸਾਰੇ ਅਧਿਆਪਕਾਂ ਨੂੰ ਛੱਡ ਦੇਣਾ। ਉਸੇ ਸਮੇਂ ਹੀ ਜੇਲ੍ਹ ਬੈਰਕ ਉੱਤੋਂ ਦੀ ਜਹਾਜ਼ ਲੰਘਿਆ, ਇੱਕ ਬੋਲਿਆ, ਏਸ ‘ਚ ਚੱਲੇ ਨੇ ਮੁੱਖ ਮੰਤਰੀ ਸਾਹਿਬ ਅਮਰੀਕਾ। ਜੇ ਜੇਲ੍ਹ ਸੁਪਰਡੈਂਟ ਦੇ ਨਾਂ ਛੱਡਿਆ ਤਾਂ ਦੋ, ਤਿੰਨ ਮਹੀਨੇ ਹੋਰ ਲੱਗ ਸਕਦੇ ਨੇ। ਰੰਗਾ ਕੱਚੀ ਜਿਹੀ ਹਾਸੀ ਹੱਸਿਆ। ਇੱਕ ਦਿਨ ਤਾਂ ਸੋਹੀ ਸਾਹਿਬ ਤੇ ਪਰਮਜੀਤ ਸਿੰਘ ਨੇ ਵੀ ਕਾਫ਼ੀ ਬੁੱਧੂ ਬਣਾਇਆ। ਅਫ਼ਸੋਸ ਦੀ ਗੱਲ ਇਹ ਨਹੀਂ ਸੀ ਕਿ ਉਸ ਨੂੰ ਬੁੱਧੂ ਬਣਾਇਆ ਜਾਵੇ, ਉਹ ਜਾਨ ਜ਼ਿਆਦਾ ਹੀ ਖਾਂਦਾ ਸੀ। ਉਹ ਸਵੇਰੇ ਹੀ ਵੱਡੇ ਤੜਕੇ ਨਹਾ ਧੋ ਕੇ ਤਿਆਰ ਹੋ ਜਾਂਦਾ।
ਜਦੋਂ ਚਾਹ ਆਉਂਦੀ ਆਪਣੇ ਦੋ ਗਲਾਸ ਪਹਿਲਾਂ ਹੀ ਭਰ ਲੈਂਦਾ। ਤੇ ਜਿੱਥੇ ਦੂਜੇ ਸਾਥੀ ਕੁਝ ਖਾ ਰਹੇ ਹੁੰਦੇ ਓਥੇ ਜਾ ਡੇਰਾ ਲਾਉਂਦਾ। ਉਹਨਾਂ ਨੂੰ ਤਾਂ ਗੱਲੀਂ ਲਾ ਛੱਡਦਾ, ਆਪ ਸਾਰੀਆਂ ਮੱਠੀਆਂ, ਸ਼ੱਕਰਪਾਰੇ, ਭੁਜੀਆ, ਬਿਸਕੁਟਾਂ ਵਗੈਰਾ ਨੂੰ ਗੇੜਾ ਦੇ ਦਿੰਦਾ। ਬਿਨਾਂ ਸੂਲ੍ਹਾ ਮਾਰੇ ਹੀ ਬਰੈੱਡ, ਰਸ ਵਗੈਰਾ ਵਿਚਾਲਿਓਂ ਚੁੱਕ ਲੈਂਦਾ ਕਿਉਂਕਿ ਜੇਲ੍ਹ ਵਿੱਚ ਸਾਰੇ ਗਰੁੱਪ, ਆਪਣਾ-ਆਪਣਾ ਖਾਂਦੇ ਸਨ। ਪਹਿਲੇ ਪੰਜ ਸੱਤ ਦਿਨ ਤਾਂ ਕਿਸੇ ਨੇ ਮਹਿਸੂਸ ਨਾ ਕੀਤਾ, ਜਦੋਂ ਪੱਕੇ ਤੌਰ ‘ਤੇ ਮੱਖੀ ਬਣ ਗਿਆ ਸਾਰੇ ਉਸ ਦੀ ਹਰਕਤ ਤੋਂ ਦੁਖੀ ਹੋਣ ਲੱਗੇ, ਕਿਉਂਕਿ ਸਾਰੇ ਸਕੂਲਾਂ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਸਮਾਨ ਲਿਆਂਦਾ ਹੁੰਦਾ ਸੀ ਜਾਂ ਸਕੂਲਾਂ ਵੱਲੋਂ ਭੇਜਿਆ ਗਿਆ ਹੁੰਦਾ ਸੀ। ਰੰਗੇ ਦੇ ਸਕੂਲ ਦਾ ਇੱਕ ਅਧਿਆਪਕ ਸਾਥੀ ਹੋਰ ਵੀ ਸੀ। ਬੜਾ ਬੀਬਾ ਬੰਦਾ। ਲੰਗਰ ਵਿੱਚ ਪੱਕੀ ਸੇਵਾ ਕਰਨੀ। ਆਪਣਾ ਸਮਾਨ ਕੰਟੀਨ ਤੋਂ ਖਰੀਦਣਾ।
ਉਸ ਨੇ ਦੱਸਿਆ ਕਿ,” ਸਾਨੂੰ ਆਉਂਦਿਆਂ ਨੂੰ ਸਾਰੇ ਸਟਾਫ਼ ਨੇ ਕਾਫ਼ੀ ਰੁਪਏ ਇਕੱਠੇ ਕਰਕੇ ਦਿੱਤੇ ਹਨ, ਤਾਂ ਕਿ ਅਸੀਂ ਜੇਲ੍ਹ ਵਿਚ ਆਪਣਾ ਕੁਝ ਖ਼ਰੀਦ ਕੇ ਖਾ ਸਕੀਏ। ਪਰ ਮਾਂ ਦਾ ਪੁੱਤ ਜਿਸ ਦਿਨ ਦਾ ਜੇਲ੍ਹ ‘ਚ ਆਇਐ, ਇੱਕ ਪੰਜੀ ਨਹੀਂ ਕੱਢੀ, ਰੁਪਏ ਪਜਾਮੇਂ ਦੇ ਨਾਲ਼ੇ ਨਾਲ ਬੰਨ੍ਹੀ ਫਿਰਦੈ। ਹਾਰ ਤੇ ਭਰਾਵੋ ਮੈਂ ਤਾਂ ਆਪਣੀਆਂ ਚੀਜ਼ਾਂ ਖ਼ਰੀਦਣ ਲੱਗ ਪਿਆ।” ਸਾਰੀਆਂ ਬੈਰਕਾਂ ਵਾਲੇ ਅਧਿਆਪਕ, ਦੋ ਚਾਰ ਦਿਨਾਂ ਵਿੱਚ ਹੀ ਉਸ ਦੀ ਰਗ-ਰਗ ਤੋਂ ਵਾਕਿਫ਼ ਹੋ ਗਏ। ਦੁਨੀਆਂ ਬਹੁਤ ਰੰਗ ਰਗੀਲੀ ਹੈ।
ਜੇਲ੍ਹ ਵਿੱਚ ਰੰਗੇ ਦੀ ਨਫ਼ਰੀ ਦਾ ਇੱਕ ਹੋਰ ਯੋਧਾ ਮਿਲਿਆ। ਉਸ ਦਾ ਵੀ ਹਾਜ਼ਮਾ ਖ਼ਰਾਬ ਸੀ। ਗੱਲ ਗੱਲ ਉੱਤੇ ਤੈਸ਼ ‘ਚ ਆ ਜਾਣਾ, ਕਦੇ ਕਦੇ ਬਹੁਤ ਦਲੇਰੀ ਦੀਆਂ ਗੱਲਾਂ ਕਰਦਾ, ਕਦੇ ਝੱਗ ਵਾਂਗੂੰ ਬੈਠ ਜਾਂਦਾ, ਕਦੇ ਦਿਮਾਗ਼ੀ ਤਵਾਜ਼ਨ ਠੀਕ ਨਾ ਹੋਣ ਦਾ ਸਬੂਤ ਦਿੰਦਾ। ਨਾਮ ਸੀ ਰੱਜਿਆ ਸਿੰਘ।(ਅਸਲ ਨਾਮ ਹੋਰ)
ਪਹਿਲੇ ਦੋ-ਤਿੰਨ ਦਿਨ ਤਾਂ ਉਸ ਨੇ ਸਟੇਜ ‘ਤੇ ਚੰਗੇ ਗੀਤ ਸੁਣਾਏ। ਦੋ ਚਾਰ ਦਿਨਾਂ ਬਾਅਦ ਹੀ ਛੂਕਰ ਗਿਆ, ਬਈ ਮੇਰੇ ਵਰਗਾ ਕਿਹੜਾ ਮੁਹੰਮਦ ਰਫ਼ੀ ਹੈ ਇਥੇ ।
ਜਦੋਂ ਸਟੇਜ ‘ਤੇ ਸਮਾਂ ਦੇ ਦਿਆ ਕਰਾਂ, ਸਟੇਜ ਤੋਂ ਉਤਰਨ ਦਾ ਨਾਮ ਹੀ ਨਾ ਲਿਆ ਕਰੇ।
ਤੇ ਪਹਿਲਾਂ ਹੀ ਪੰਡਾਲ ਵਿੱਚ ਸਜੇ ਬੈਠੇ ਅਧਿਆਪਕਾਂ ਨੂੰ ਬੇਨਤੀ ਕਰ ਦਿਆ ਕਰੇ:-
” ਭਰਾਵੋ ! ਮੈਂ ਸੁਣਾਊਂਂਗਾ ਥੋਨੂੰ ਤਿੰਨ ਗੀਤ,
ਜੇ ਚੌਥਾ ਕਹੋਗੇ ਤਾਂ ਸੁਣਾਊਂ।
ਜੇ ਪਸੰਦ ਆਵੇ ਤਾਂ ਵੀ ਸੁਣਿਓਂ ।
ਜੇ ਨਾ ਸੁਣੋਗੇ, ਮੈਂ ਬੈਰਕ ‘ਚ ਜਾ ਕੇ ਉੱਚੀ-ਉੱਚੀ ਗਾ ਲੂੰ।
ਗਾਏ ਬਿਨਾਂ, ਮੈਨੂੰ ਨੀਂਦ ਨਹੀਂ ਆਉਂਦੀ ਭਰਾਵੋ !
ਸਾਡੇ ਬਠਿੰਡੇ ਵਾਲੇ ਅਧਿਆਪਕ ਸਾਥੀ ਇਹੋ ਜਿਹੇ ਕਲਾਕਾਰ ਨੂੰ ਬੜਾ ਹਾਸੇ ਵਿੱਚ ਲੈਂਦੇ। ਕੇਸਰ ਤੇ ਪਵਨ ਪੰਡਾਲ ਵਿਚੋਂ ਹੀ ਉੱਚੀ ਉੱਚੀ ਕਹਿੰਦੇ,” ਕੱਢ ਲੈ ਸੱਪ, ਜਿੰਨੇ ਮਰਜ਼ੀ ਕੱਢ ਲੈ। ਹੋਰ ਵੀ ਬਥੇਰੇ ਕੱਢੀ ਜਾਂਦੇ ਐ।” ਤੇ ਸਾਰੇ ਅਧਿਆਪਕ ਉੱਚੀ-ਉੱਚੀ ਹੱਸ ਪੈਂਦੇ। ਇੱਕ ਦਿਨ ਤਾਂ ਕਮਾਲ ਹੀ ਹੋ ਗਈ। ਰੱਜਿਆ ਸਿੰਘ ਨੇ ਪ੍ਰਧਾਨ ਜੀ ਤੇ ਸੈਕਟਰੀ ਸਾਹਿਬ ਉੱਤੇ ਗਰਾਂਊਂਡ ਵਿਚ ਹੀ ਤਵਾ ਧਰ ਤਾ।
ਸਾਰੇ ਅਧਿਆਪਕਾਂ ਨੇ ਬੜਾ ਬੁਰਾ ਮਨਾਇਆ, ਕਹਿੰਦਾ ਫਿਰੇ,” ਮੈਂ ਅਲੱਗ ਯੂਨੀਅਨ ਬਣਾਊਂਂਗਾ, ਕਈ ਅਧਿਆਪਕ ਕਹਿਣ,” ਕਮਲਿਆਂ ਦੀ!”
ਜਦੋਂ ਸਾਡੇ ਕਈ ਅਗਾਂਹ-ਵਧੂ ਵਿਚਾਰਧਾਰਾ ਵਾਲੇ ਸਾਥੀਆਂ ਨੂੰ ਉਸ ਦੀ ਗੱਲ ਦਾ ਪਤਾ ਲੱਗਿਆ ਤਾਂ ਉਸ ਦੀ ਚੰਗੀ ਕੁਪੱਤ ਕੀਤੀ, ਫ਼ੇਰ ਜਾ ਕੇ ਸਮਝਿਆ ਤੇ ਉਸ ਤੋਂ ਬਾਅਦ ਝਕਦਾ ਝਕਦਾ ਪੰਡਾਲ ਆਇਆ ਕਰੇ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly