ਬਾਬਾ ਵਡਭਾਗ ਸਿੰਘ ਦਾ ਭੂਤ ਮਹਿਕਮਾ

ਕਰਮ ਸਿੰਘ ਜ਼ਖ਼ਮੀ

(ਸਮਾਜ ਵੀਕਲੀ)

ਮੇਰੇ ਲੇਖ-ਸੰਗ੍ਰਹਿ ‘ਲੁਕਵਾਂ ਸੱਚ’ ਵਿੱਚੋਂ
ਬਾਬਾ ਵਡਭਾਗ ਸਿੰਘ ਕੇਵਲ ਪੰਜਾਬ ਹੀ ਨਹੀਂ ਬਲਕਿ ਸਮੁੱਚੇ ਉੱਤਰੀ ਭਾਰਤ ਵਿੱਚ ਹੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਜੇਕਰ ਇਹ ਕਿਹਾ ਜਾਵੇ ਕਿ ਭੂਤ-ਪ੍ਰੇਤ ਕੱਢਣ ਵਾਲੇ ਖੇਤਰ ਵਿੱਚ ਬਾਬਾ ਵਡਭਾਗ ਸਿੰਘ ਦਾ ਭੂਤ ਮਹਿਕਮਾ ਸਭ ਤੋਂ ਸੁਪਰੀਮ ਹੈ, ਤਾਂ ਇਸ ਵਿੱਚ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ। ਲੱਗਭੱਗ ਸਾਰੇ ਸ਼ਹਿਰਾਂ ਅਤੇ ਇੱਥੋਂ ਤੱਕ ਕਿ ਪਿੰਡਾਂ ਵਿੱਚ ਵੀ ਇਨ੍ਹਾਂ ਦੇ ਚੇਲਿਆਂ ਦੀ ਭਰਮਾਰ ਹੈ, ਜੋ ਇਨ੍ਹਾਂ ਦੀ ਗੱਦੀ ਲਗਾਉਂਦੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਵਹਿਮਾਂ-ਭਰਮਾਂ ਦੇ ਪ੍ਰਚਾਰ ਨਾਲ ਅੰਧਵਿਸ਼ਵਾਸੀ ਬਣਾ ਕੇ ਉਨ੍ਹਾਂ ਦੀ ਲੁੱਟ-ਖਸੁੱਟ ਕਰਦੇ ਹਨ। ਇਹ ਮੰਨਿਆ ਜਾਣਾ ਵੀ ਕਿੰਨੇ ਪਾਗਲਪਣ ਵਾਲੀ ਗੱਲ ਹੈ ਕਿ ਉਹ ਆਪਣੇ ਬੇਸ਼ੁਮਾਰ ਚੇਲਿਆਂ ਅਤੇ ਚੇਲੀਆਂ ਵਿੱਚ ਇੱਕੋ ਸਮੇਂ ਆ ਕੇ ਪ੍ਰਵੇਸ਼ ਕਰਦੇ ਹਨ। ਭੂਤਾਂ-ਪ੍ਰੇਤਾਂ ਦੇ ਕੇਸਾਂ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਦੇ ਚੁੰਗਲ ਵਿੱਚ ਫਸ ਰਹੇ ਹਨ।

ਚੌਂਕੀਆਂ ਲਗਾਉਣ ਵਾਲੇ ਇਨ੍ਹਾਂ ਅਖੌਤੀ ਬਾਬਿਆਂ ਵੱਲੋਂ ਮਰੀਜ਼ਾਂ ਨੂੰ ਤਬੀਤ ਵਿੱਚ ਮੜ੍ਹ ਕੇ ਗਲ ਵਿੱਚ ਪਾਉਣ ਲਈ ਜੋ ਕੱਪੜੇ ਦਾ ਇੱਕ ਛੋਟਾ ਜਿਹਾ ਟੁਕੜਾ ਦਿੱਤਾ ਜਾਂਦਾ ਹੈ, ਉਹ ਇਨ੍ਹਾਂ ਵੱਲੋਂ ਬਾਬਾ ਵਡਭਾਗ ਸਿੰਘ ਦੇ ਡੇਰੇ ਤੋਂ ਲਿਆਂਦਾ ਨਿਸ਼ਾਨ ਸਾਹਿਬ ਦੇ ਬਦਲੇ ਗਏ ਚੋਲੇ ਤੋਂ ਕੱਟ ਕੇ ਬਣਾਇਆ ਗਿਆ ਹੁੰਦਾ ਹੈ, ਜਿਸ ਨੂੰ ਇਨ੍ਹਾਂ ਦੀ ਸ਼ਬਦਾਵਲੀ ਵਿੱਚ ‘ਰੱਖ’ ਕਿਹਾ ਜਾਂਦਾ ਹੈ। ਇਸ ਰੱਖ ਨੂੰ ਇਨ੍ਹਾਂ ਬਾਬਿਆਂ ਵੱਲੋਂ ਬੜੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਪਰ ਆਪਾ-ਵਿਰੋਧੀ ਗੱਲ ਇਹ ਵੀ ਹੈ ਕਿ ਇਨ੍ਹਾਂ ਦੀ ਇਹ ਸ਼ਕਤੀਸ਼ਾਲੀ ਰੱਖ ਸਬੰਧਿਤ ਵਿਅਕਤੀ ਦੇ ਕਿਸੇ ਸ਼ਿਲੇ ਵਾਲੇ ਘਰ ਵਿੱਚ ਜਾਣ ਨਾਲ ਝੂਠੀ ਵੀ ਪੈ ਜਾਂਦੀ ਹੈ ਅਤੇ ਦੁਬਾਰਾ ਫਿਰ ਨਵੀਂ ਰੱਖ ਲੈਣੀ ਪੈਂਦੀ ਹੈ।

ਬਾਬਾ ਵਡਭਾਗ ਸਿੰਘ ਦਾ ਜਨਮ 18 ਭਾਦੋਂ 1715 ਨੂੰ ਬਾਬਾ ਰਾਮ ਸਿੰਘ ਦੇ ਘਰ ਕਰਤਾਰ ਪੁਰ ਵਿਖੇ ਹੋਇਆ। ਇਨ੍ਹਾਂ ਦੀ ਮਾਤਾ ਨਾਂ ਰਾਜ ਕੌਰ ਸੀ ਅਤੇ ਇਨ੍ਹਾਂ ਦਾ ਖਾਨਦਾਨ ਧੀਰ ਮੱਲ ਨਾਲ ਸਬੰਧਿਤ ਸੀ, ਜਿਨ੍ਹਾਂ ਨੂੰ ਇਸ ਕਰਕੇ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ, ਕਿਉਂਕਿ ਗੁਰੂ ਹਰਕ੍ਰਿਸ਼ਨ ਜੀ ਦੇ ਦਿੱਲੀ ਵਿਖੇ ਹੋਏ ਅਕਾਲ ਚਲਾਣੇ ਤੋਂ ਬਾਅਦ, ਬਾਬੇ ਬਕਾਲੇ ਬਾਈ ਮੰਜੀਆਂ ਡਾਹ ਕੇ ਬੈਠੇ ਝੂਠੇ ਗੁਰੂਆਂ ਵਿੱਚ ਉਹ ਵੀ ਸ਼ਾਮਲ ਸਨ। ਜਦੋਂ ਮੱਖਣ ਸ਼ਾਹ ਲੁਬਾਣੇ ਦੀ ਅਗਵਾਈ ਵਿੱਚ ਸਿੱਖ ਸੰਗਤ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਨੌਂਵਾਂ ਵਾਰਸ ਐਲਾਨ ਦਿੱਤਾ ਸੀ, ਤਾਂ ਧੀਰਮੱਲ ਨੇ ਆਪਣੀ ਹਾਰ ਨੂੰ ਬਰਦਾਸ਼ਤ ਨਾ ਕਰਦਿਆਂ ਸ਼ੀਹੇਂ ਮਸੰਦ ਰਾਹੀਂ ਗੁਰੂ ਸਾਹਿਬ ’ਤੇ ਗੋਲੀ ਵੀ ਚਲਵਾ ਦਿੱਤੀ ਸੀ, ਜੋ ਉਨ੍ਹਾਂ ਦੀ ਦਸਤਾਰ ਵਿੱਚ ਵੱਜ ਕੇ ਅੱਗੇ ਲੰਘ ਗਈ ਸੀ। ਇਸ ਘਟਨਾ ਤੋਂ ਬਾਅਦ ਵੀ ਧੀਰਮੱਲ ਨੇ ਗੂਰੂ ਨਾਨਕ ਵਾਲੀ ਗੱਦੀ ਦੇ ਸਮਾਨੰਤਰ ਆਪਣੀ ਸ਼ੁਰੂ ਕੀਤੀ ਇਹ ਗੱਦੀ ਜਾਰੀ ਰੱਖੀ, ਜਿਸ ਨੂੰ ਬਾਬਿਆਂ ਦੀ ਗੱਦੀ ਆਖਿਆ ਜਾਣ ਲੱਗਿਆ। ਬਾਬਾ ਵਡਭਾਗ ਸਿੰਘ ਵੀ ਅੱਗੇ ਚੱਲ ਕੇ ਇਸੇ ਗੱਦੀ ਦੇ ਮਾਲਕ ਬਣੇ ਅਤੇ ਹੁਣ 19 ਸਤੰਬਰ 1991 ਤੋਂ ਟਿੱਕਾ ਅਮਰਿੰਦਰ ਸਿੰਘ ਸੋਢੀ ਇਸ ਡੇਰੇ ਦੇ ਮੁਖੀ ਚੱਲੇ ਆ ਰਹੇ ਹਨ।

ਬੇਸ਼ੱਕ ਕਿਹਾ ਜਾਂਦਾ ਹੈ ਕਿ ਬਾਬਾ ਵਡਭਾਗ ਸਿੰਘ ਅੰਮ੍ਰਿਤ ਛਕ ਕੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਏ ਸਨ ਪਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹੋਰਨਾਂ ਗੁਰਦੁਆਰਿਆਂ ਵਾਂਗ ਸਿੱਖ ਸਥਾਨ ਸਮਝ ਕੇ ਇਨ੍ਹਾਂ ਦੇ ਕਰਤਾਰਪੁਰ ਵਾਲੇ ਡੇਰੇ ’ਤੇ ਹਮਲਾ ਕਰ ਦਿੱਤਾ, ਤਾਂ ਇਹ ਉਸ ਦਾ ਮੁਕਾਬਲਾ ਕਰਨ ਦੀ ਥਾਂ ਡਰ ਕੇ ਭਗੌੜੇ ਹੋ ਗਏ। ਅਬਦਾਲੀ ਦੀ ਫ਼ੌਜ ਵੱਲੋਂ ਗੁਰੂ ਗ੍ਰੰਥ ਸਾਹਿਬ ਅਤੇ ਨਿਸ਼ਾਨ ਸਾਹਿਬ ਨੂੰ ਅਗਨ ਭੇਂਟ ਕਰ ਦਿੱਤਾ ਗਿਆ। ਜਦੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਇਸ ਦੁਰਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਫਿਰ ਇਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਕਰਤਾਰਪੁਰ ਤੋਂ ਭੱਜ ਕੇ ਇਨ੍ਹਾਂ ਨੇ ਪਿੰਡ ਮੈੜੀ ਜਾ ਕੇ ਭੂਤ-ਪ੍ਰੇਤ ਕੱਢਣ ਦਾ ਕਾਰੋਬਾਰ ਸ਼ੁਰੂ ਕਰ ਲਿਆ, ਜੋ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਹੈ।

ਅੱਜਕੱਲ੍ਹ ਇਸ ਸਥਾਨ ਨੂੰ ਡੇਰਾ ਬਾਬਾ ਵਡਭਾਗ ਸਿੰਘ ਵੀ ਕਿਹਾ ਜਾਂਦਾ ਹੈ। ਪ੍ਰਚਾਰਿਆ ਗਿਆ ਹੈ ਕਿ ਉੱਥੇ ਪਹੁੰਚ ਕੇ ਬਾਬਾ ਵਡਭਾਗ ਸਿੰਘ ਨੇ ਕਿਸੇ ਨਾਹਰ ਸਿੰਘ ਨਾਂ ਦੇ ਪਹਾੜ ਜਿੱਡੇ ਜਿੰਨ ਨੂੰ ਫੜ ਕੇ ਤੋਤੇ ਵਾਲੇ ਪਿੰਜਰੇ ਵਿੱਚ ਕੈਦ ਕਰ ਲਿਆ, ਜਿਹੜਾ ਇੱਕ ਬੇਰੀ ਦੇ ਦਰੱਖਤ ਵਿੱਚ ਰਹਿੰਦਾ ਸੀ ਅਤੇ ਬੇਰੀ ਕੋਲੋਂ ਲੰਘਣ ਵਾਲੇ ਲੋਕਾਂ ਨੂੰ ਮਾਰ ਕੇ ਖਾ ਜਾਂਦਾ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅੱਜਕੱਲ੍ਹ ਵੀ ਬਾਬਾ ਵਡਭਾਗ ਸਿੰਘ ਦੇ ਹੁਕਮ ਨਾਲ ਭੂਤਾਂ-ਪ੍ਰੇਤਾਂ ਤੋਂ ਸ਼ਰਧਾਲੂਆਂ ਦੀ ਰੱਖਿਆ ਓਹੀ ਕਰਦਾ ਹੈ।

ਹਰ ਸਾਲ ਹੋਲੇ-ਮਹੱਲੇ ਦੇ ਦਿਨਾਂ ਵਿੱਚ ਡੇਰਾ ਬਾਬਾ ਵਡਭਾਗ ਸਿੰਘ ਵਿਖੇ ਬੜਾ ਭਾਰੀ ਮੇਲਾ ਲੱਗਦਾ ਹੈ। ਬੇਸ਼ੁਮਾਰ ਲੋਕਾਂ ਵੱਲੋਂ ਉੱਥੇ ਭੇਲੀਆਂ ਚੜ੍ਹਾਈਆਂ ਜਾਂਦੀਆਂ ਹਨ, ਜਿਹੜੇ ਇਹ ਸਮਝਦੇ ਹਨ ਕਿ ਬਾਬਾ ਜੀ ਦੀ ਕਿਰਪਾ ਨਾਲ ਉਨ੍ਹਾਂ ਦੇ ਘਰ ਮੁੰਡਾ ਹੋਇਆ ਹੈ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਬਾਬਾ ਜੀ ਦੇ ਤਾਂ ਆਪਣੇ ਹੀ ਕੋਈ ਮੁੰਡਾ ਨਹੀਂ ਸੀ ਹੋਇਆ। ਬਾਬਾ ਵਡਭਾਗ ਸਿੰਘ ਦੀ ਪਹਿਲੀ ਪਤਨੀ ਰਾਧਾ ਦੇ ਤਾਂ ਕੋਈ ਔਲਾਦ ਹੀ ਨਹੀਂ ਸੀ ਹੋਈ। ਫਿਰ ਉਨ੍ਹਾਂ ਨੇ ਦੂਜਾ ਵਿਆਹ ਸੰਦਲੀ ਨਾਲ ਕਰਵਾਇਆ, ਪਰ ਉਨ੍ਹਾਂ ਦੇ ਵੀ ਕੇਵਲ ਇੱਕ ਕੁੜੀ ਹੀ ਹੋਈ। ਇਸ ਦੇ ਬਾਵਜੂਦ ਵੀ ਲੋਕ ਪਤਾ ਨਹੀਂ ਕਿਵੇਂ ਸਮਝੀਂ ਜਾਂਦੇ ਹਨ ਕਿ ਬਾਬਾ ਵਡਭਾਗ ਸਿੰਘ ਪੁੱਤਰਾਂ ਦੇ ਦਾਤੇ ਹਨ।

ਇਸ ਤਰ੍ਹਾਂ ਵੀ ਨਹੀਂ ਹੈ ਕਿ ਉੱਥੇ ਕੇਵਲ ਅਨਪੜ੍ਹ ਲੋਕ ਹੀ ਦਿਖਾਈ ਦਿੰਦੇ ਹੋਣ, ਬਲਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉੱਥੇ ਜਾਣ ਵਾਲਿਆਂ ਵਿੱਚ ਤਾਂ ਪੜ੍ਹਿਆਂ-ਲਿਖਿਆਂ ਦੀ ਵੀ ਕੋਈ ਘਾਟ ਨਹੀਂ ਹੈ। ਅਜਿਹਾ ਵਰਤਾਰਾ ਸਾਡੀ ਅਜੋਕੀ ਸਿੱਖਿਆ ਪ੍ਰਣਾਲੀ ’ਤੇ ਜ਼ਰੂਰ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਵਿਗਿਆਨਕ ਯੁੱਗ ਦੇ ਅੱਖਾਂ ਚੁੰਧਿਆ ਦੇਣ ਵਾਲੇ ਯੁੱਗ ਵਿੱਚ ਮਨੁੱਖ ਦੀ ਅਜਿਹੀ ਦਸ਼ਾ ਅਤੇ ਦਿਸ਼ਾ ਬੇਹੱਦ ਤਰਸਯੋਗ ਅਤੇ ਸ਼ਰਮਨਾਕ ਹੈ।

ਬਾਬਾ ਵਡਭਾਗ ਸਿੰਘੀ ਦੇ ਡੇਰੇ ਵਿੱਚ ਪਹੁੰਚੇ ਭੂਤ-ਪ੍ਰੇਤਾਂ ਤੋਂ ਪੀੜਤ ਵਿਅਕਤੀਆਂ ਨੂੰ ਠੀਕ ਕਰਨ ਲਈ, ਜੋ ਬੇਰਹਿਮ ਤਰੀਕਾ ਅਖ਼ਤਿਆਰ ਕੀਤਾ ਜਾਂਦਾ ਹੈ, ਉਸ ਦਾ ਦ੍ਰਿਸ਼ ਵੀ ਬੜਾ ਦਰਦਨਾਕ ਹੁੰਦਾ ਹੈ, ਕਿਉਂਕਿ ਉੱਥੇ ਮੌਜੂਦ ਬਹੁਤ ਸਾਰੇ ਲੋਕ ਸਿਰ ਮਾਰ-ਮਾਰ ਕੇ ਖੇਡ ਰਹੇ ਹੁੰਦੇ ਹਨ, ਜਿਨ੍ਹਾਂ ਨੂੰ ਸੰਗਲਾਂ ਅਤੇ ਚਿਮਟਿਆਂ ਨਾਲ ਕੁਟਾਪਾ ਚਾੜ੍ਹਿਆ ਜਾਂਦਾ ਹੈ। ਲੋਕ ਚੀਕਾਂ ਮਾਰ ਰਹੇ ਹੁੰਦੇ ਹਨ ਪਰ ਕੋਈ ਵੀ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਇਸ ਖ਼ੌਫ਼ਨਾਕ ਵਰਤਾਰੇ ਨੂੰ ਦੇਖ ਕੇ ਕਿਸੇ ਪੱਥਰ ਦਿਲ ਵਿਅਕਤੀ ਨੂੰ ਵੀ ਕੰਬਣੀ ਛਿੜ ਸਕਦੀ ਹੈ। ਆਮ ਤੌਰ ’ਤੇ ਇਨ੍ਹਾਂ ਮਰੀਜ਼ਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੀ ਹੁੰਦੀ ਹੈ।

ਇਸ ਮਾਮਲੇ ਵਿੱਚ ਕਿਸੇ ਹੱਦ ਤੱਕ ਲੋਕਾਂ ਦੀ ਮਜ਼ਬੂਰੀ ਵੀ ਸਮਝ ਵਿੱਚ ਆਉਂਦੀ ਹੈ ਕਿਉਂਕਿ ਆਮ ਛੋਟੇ-ਮੋਟੇ ਸ਼ਹਿਰਾਂ ਵਿੱਚ ਮਾਨਸਿਕ ਰੋਗਾਂ ਦੇ ਇਲਾਜ ਦਾ ਕੋਈ ਪ੍ਰਬੰਧ ਹੀ ਨਹੀਂ ਹੁੰਦਾ ਅਤੇ ਜਿੱਥੇ ਹੁੰਦਾ ਵੀ ਹੈ, ਤਾਂ ਉਹ ਆਮ ਆਦਮੀ ਦੀ ਪਹੁੰਚ ਵਿੱਚ ਨਹੀਂ ਹੁੰਦਾ। ਸਾਡੀਆਂ ਸਰਕਾਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਪਹਿਲ ਦੇ ਆਧਾਰ ’ਤੇ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਸਾਧਾਰਨ ਲੋਕਾਂ ਦੀ ਪਹੁੰਚ ਵਿੱਚ ਲਿਆਂਦਾ ਜਾਵੇ। ਅਖ਼ਬਾਰਾਂ, ਪਰਚਿਆਂ, ਸਰਕਾਰੀ ਅਤੇ ਗ਼ੈਰ-ਸਰਕਾਰੀ ਰੇਡੀਓ ਸਟੇਸ਼ਨਾਂ ਜਾਂ ਟੀ.ਵੀ. ਚੈਨਲਾਂ ਰਾਹੀਂ ਅੰਧਵਿਸ਼ਵਾਸਾਂ ਦੇ ਪ੍ਰਚਾਰ-ਪ੍ਰਸਾਰ ਉੱਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ ਕਿਉਂਕਿ ਵਿਗਿਆਨਕ ਸੋਚ ਦਾ ਧਾਰਨੀ ਮਨੁੱਖ ਹੀ ਅਜਿਹੇ ਭੰਬਲਭੂਸੇ ਵਿੱਚੋਂ ਬਾਹਰ ਨਿੱਕਲਣ ਦੇ ਸਮਰੱਥ ਹੋ ਸਕਦਾ ਹੈ।

ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਰਤਨ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਪਿੰਡ ਢੇਸੀਆਂ ਕਾਹਨਾਂ ਵਿਖ਼ੇ 30 ਅਪ੍ਰੈਲ ਨੂੰ ਮਨਾਇਆ ਜਾਵੇਗਾ
Next article