(ਸਮਾਜ ਵੀਕਲੀ)
ਜੀਤੋ ਕੁੜੀ ਨੂੰ ਕੁੱਛੜ ਲਈ ਡਾਕਟਰ ਦੇ ਲਾਈਨ ਵਿੱਚ ਲੱਗੀ ਬੈਠੀ ਸੀ, ਸਭ ਲੋਕਾਂ ਦੀਆਂ ਨਜ਼ਰਾਂ ਕੁੜੀ ਤੇ ਟਿਕੀਆਂ ਸਨ, ਚਿੱਟੀ ਦੁੱਧ ਜਿਹੀ ਢਾਈ ਕੁ ਮਹੀਨੇ ਦੀ ਕੁੜੀ , ਗੁਲਾਬੀ ਬੁੱਲ ਤੇ ਗੁਲਾਬੀ ਉਂਗਲਾਂ ਦੇ ਪੌਟੇ ਚੁੱਗਦੀ ਸੌਂ ਗਈ l ਪੰਜਾਂ ਸੱਤਾਂ ਮਰੀਜਾਂ ਬਾਅਦ ਜੀਤੋ ਦੀ ਵਾਰੀ ਆ ਗਈ l
ਹਾਂ ਜੀ ਡਾਕਟਰ ਨੇ ਪੁੱਛਿਆ “ਕੀ ਹੋਇਆ ਬੱਚੇ ਨੂੰ”? ਬੱਚੀ ਦਾ ਪਿੰਡਾ ਬੁਖਾਰ ਨਾਲ ਤਪੀ ਜਾਂਦਾ ਸੀ, ਚੈੱਕ ਕਰ ਕੇ ਡਾਕਟਰ ਨੇ ਦਵਾਈ ਲਿਖਣ ਵਾਸਤੇ ਪੈੱਨ ਚੁੱਕਿਆ, ਡਾਕਟਰ ਨੇ ਪੁੱਛਿਆ “ਭੈਣ ਜੀ ਬੱਚੇ ਦਾ ਨਾਮ”?
ਥੋੜੇ ਟਾਈਮ ਵਾਸਤੇ ਜੀਤੋਂ ਚੁੱਪ ਹੋ ਗਈ, ਉਸਨੂੰ ਗੱਲ ਨਹੀਂ ਓੜ ਰਹੀ ਸੀ ਥੋੜਾ ਟਾਇਮ ਡਾਕਟਰ ਦੇ ਮੂੰਹ ਵੱਲ ਦੇਖਣ ਤੋਂ ਬਾਅਦ ਅਤੇ ਸੋਚਣ ਤੋਂ ਬਾਅਦ ਬੋਲੀ “ਪਰਵੀਨ ਹਾਂ ਜੀ ਪਰਵੀਨ ਨਾਮ ਹੈ ”
ਅੱਛਾ ਫਿਰ ਤਾਂ ਤੁਸੀਂ ਮੇਰੇ ਵਾਲਾ ਨਾਮ ਰੱਖਿਆ ਹੈ, ਵੱਡੀ ਹੋ ਕੇ ਡਾਕਟਰ ਬਣੇਗੀ ਡਾਕਟਰ ਨੇ ਹੱਸ ਕੇ ਕਿਹਾ ਅਤੇ ਦੁਆਈਆਂ ਲਿਖ ਦਿੱਤੀਆ ਜੀਤੋ ਓਥੋਂ ਉੱਠ ਖਲੋਤੀ ਅਤੇ ਸੋਚਦੀ-ਸੋਚਦੀ ਭੰਬਲਭੂਸੇ ਵਿੱਚ ਬਾਹਰ ਨਿਕਲ ਆਈ ਬਾਹਰ ਆ ਕੇ ਸੋਚਣ ਲੱਗੀ ਢਾਈ ਮਹੀਨੇ ਦੀ ਕੁੜੀ ਹੋ ਗਈ ਹੈ ਪਰ ਅਜੇ ਤੱਕ ਕਿਸੇ ਨੇ ਇਸ ਦਾ ਕੋਈ ਨਾਮ ਨਹੀਂ ਰੱਖਿਆ, ਰੱਖ ਦਾ ਵੀ ਕੌਣ ਬਾਪ ਹੀ ਰੱਖਦਾ ਹੁੰਦਾ ਹੈ ਜਾਂ ਦਾਦਾ ਦਾਦੀ ਕੁੜੀ ਹੋਣ ਕਰਕੇ ਉਹਨਾਂ ਤੇ ਇਹਦੇ ਵੱਲ ਕਦੇ ਵੇਖਿਆ ਵੀ ਨੀਂ ਨਾਮ ਕੀ ਰੱਖਣਾ ਸੀ ਆਪਦੇ ਕਰਮਾਂ ਨੂੰ ਕੋਸਦੀ ਮਨ ਚ ਹਜ਼ਾਰਾਂ ਗਿਲੇ-ਸ਼ਿਕਵੇ ਕਰਦੀ ਜੀਤੋ ਪਰਵੀਨ ਨੂੰ ਲੈ ਪਿੰਡ ਵਾਲੀ ਬੱਸ ਚੜ੍ਹ ਗਈ l
ਡਾ. ਪਰਮਿੰਦਰ ਕੌਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly