ਏਹੁ ਹਮਾਰਾ ਜੀਵਣਾ – 262

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਬਾਹਰੋਂ ਈ ਲਾਡੀ ਨੇ ਅਵਾਜ਼ ਦੇ ਕੇ ਪੁੱਛਿਆ, ” ਬੀਜੀ …..ਬੀਜੀ…..ਘਰੇ ਈ ਓਂ? ” ਬੀਜੀ ਨੇ ਵੀ ਅਵਾਜ਼ ਪਛਾਣ ਲਈ ਸੀ। ਪਿੱਛੇ ਸੰਦੂਕ ਵਾਲੇ ਕਮਰੇ ਵਿੱਚ ਖੜ੍ਹੇ ਬੀਜੀ ਨੇ ਕਿਹਾ,” ਹਾਂ ਘਰੇ ਈ ਆਂ….ਆਜਾ ਲੰਘਿਆ….( ਕੰਮ ਕਰਦੇ ਹੋਏ ਹੀ ਅਵਾਜ਼ ਦਿੰਦੇ ਹਨ) …ਅੰਦਰੇ ਆਜਾ…। ਲਾਡੀ ਨੇ ਬੀਜੀ ਨੂੰ ਸਤਿਕਾਰ ਨਾਲ ਸਤਿ ਸ੍ਰੀ ਆਕਾਲ ਬੁਲਾਈ ਤੇ ਕੋਲ ਪਏ ਮੰਜੇ ਤੇ ਬੈਠ ਗਈ । “ਬੀਜੀ ….( ਲਾਡੀ ਨੇ ਜਕਦੀ ਜਕਦੀ ਨੇ) ਇੱਕ…. ਕੰਮ ਆਈ ਸੀ …..ਥੋਡੇ ਕੋਲ਼ੇ।” (ਕੰਮ ਕਰਦੇ ਕਰਦੇ ਬੀਜੀ ਬੋਲੀ) …..” ਹਾਂ ਲਾਡੀ …..ਦੱਸ ਕੀ ਕੰਮ ਐਂ…..ਕਰਨ ਆਲ਼ਾ ਹੋਇਆ ਤਾਂ ਜ਼ਰੂਰ ਕਰੂੰਗੀ।”

“ਬੀਜੀ……..ਓਹ ……ਸਾਡਾ ਨਿੱਕੂ ਆ ਨਾ….।” ਲਾਡੀ ਰੁਕ ਰੁਕ ਕੇ ਬੋਲ ਰਹੀ ਸੀ।

“ਹਾਂ, ਕੀ ਹੋਇਆ ਨਿੱਕੂ ਨੂੰ……..?” ਬੀਜੀ ਕੰਮ ਛੱਡ ਕੇ ਉਸ ਦੀ ਗੱਲ ਵੱਲ ਧਿਆਨ ਦਿੰਦੇ ਹੋਏ ਪੁੱਛਦੇ ਹਨ।

“ਬੀਜੀ ……. ਤੁਹਾਨੂੰ ਤਾਂ ਪਤਾ ਈ ਆ ਨਾ….ਨਿੱਕੂ ਨੂੰ ਜਿਹੜੀ ਆਹ ਸਵਾ ਖੇ ਖਾਣ ਦੀ ਆਦਤ ਪਈ ਆ…..ਬੱਸ ਹੁਣ ਵਧਦੀ ਓ ਈ ਜਾਂਦੀ ਆ….ਉਹ ਹੁਣ ਘਰੇ ਕਲੇਸ਼ ਪਾਈਂ ਬੈਠਾ…..ਕਹਿੰਦਾ ਛੇਤੀ ਹਜ਼ਾਰ ਰੁਪਿਆ ਦਵੋ…..ਘਰੇ ਆਨਾ ਨੀ……।” ਲਾਡੀ ਦਾ ਬੋਲਦੀ ਬੋਲਦੀ ਦਾ ਗਲ਼ਾ ਭਰ ਆਇਆ ਤੇ ਅਗਾਂਹ ਕੁਝ ਨਾ ਬੋਲ ਸਕੀ।

ਬੀਜੀ ਸੰਦੂਕ ਵੱਲੋਂ ਆ ਕੇ ਕੋਲ਼ ਪਈ ਕੁਰਸੀ ਤੇ ਬੈਠ ਗਏ ਤੇ ਆਖਣ ਲੱਗੇ,” ਨਾ ਓਹਨੂੰ ਕੰਜਰ ਨੂੰ ਘਰ ਨੀ ਦੀਂਹਦਾ…..ਪਿਓ ਕਿਹੜੇ ਹਾਲੀਂ ਦੋ ਕਿੱਲਿਆਂ ਦੀ ਵਾਹੀ ਕੱਲਾ ਈ ਬੌਲਦ ਆਂਗੂੰ ਕਰਨ ਲੱਗਿਆ ਹੋਇਆ। ਪੰਜਾਂ ਕਿੱਲਿਆਂ ਤੋਂ ਦੋ ਰਹਿਗੇ। ਕਿੰਨਾ ਚਿਰ ਹੋਰ ਭੋਰ ਭੋਰ ਖਾਓਂਗੇ? ਐਨੀ ਲੱਛਣੀਂ ਤਾਂ ਹੋਰ ਸਾਲ ਖੰਡ ਟੱਪਜੂ…..ਫੇਰ ……ਬਜਾਇਓ ਬੈਠ ਕੇ ਛੁਣਛਣੇ।” ( ਬੀਜੀ ਗੁੱਸੇ ਵਿੱਚ ਲਗਾਤਾਰ ਬੋਲੀ ਜਾ ਰਹੇ ਸਨ)

“ਬੀਜੀ ਪਿਓ ਵੀ ਇਹੀ ਗੱਲ ਕਹਿੰਦਾ ਸੀ…..ਮੁੰਡੇ ਨੇ ਮੂਹਰਿਓਂ ਕਹੀ ਚੱਕਲੀ…..(ਲਾਡੀ ਫੁੱਟ ਫੁੱਟ ਕੇ ਰੋਣ ਲੱਗੀ) ਬੱਸ ਆਹ ਦਿਨ ਰਹਿਗੇ ਸੀ ਦੇਖਣ ਨੂੰ……. ਪਿਓ ਦੁਪਹਿਰੇ ਰੋਟੀ ਖਾਣ ਘਰੇ ਆਇਆ ਸੀ …. ਓਵੇਂ ਥਾਲ ਚ ਪਈ ਛੱਡ ਕੇ ਮੋਟਰ ਵੱਲ ਨੂੰ ਤੁਰ ਗਿਆ…. ਮੈਂ ਬਥੇਰਾ ਰੋਕਿਆ….. ਬੀਜੀ ਅੱਖਾਂ ਭਰੀ ਜਾਂਦਾ ਕਹਿੰਦਾ ਸੀ‌ ….ਆਹ ਦਿਨ ਦੇਖਣ ਨੂੰ ਪਾਲ ਪੋਸ ਕੇ ਬਰਾਬਰ ਦਾ ਕੀਤਾ ਸੀ।ਕਹਿੰਦਾ ਮੈਂ ਮੋਟਰ ਤੇ ਦਵਾਈ ਪੀ ਕੇ ਮਰ ਜਾਣਾ…। ਮੈਂ ਮਗਰੇ ਈ ਰੋਟੀ ਬੰਨ੍ਹ ਕੇ ਲੈਗੀ … ਓਹਨੂੰ ਖੁਆ ਕੇ ਤੇ ਓਹਨੂੰ ਸਮਝਾ ਕੇ ਆਈ ਆਂ …. ਐਦਾਂ ਤਾਂ ਬੀਜੀ ਸਾਡਾ ਘਰ ਬਰਬਾਦ ਹੋਜੂ।”

ਬੀਜੀ ਉਸ ਦੇ ਮੋਢੇ ਤੇ ਹੱਥ ਰੱਖ ਕੇ ਹੌਂਸਲਾ ਦਿੰਦੇ ਹੋਏ ਕਹਿੰਦੇ ਹਨ,” ਹੁਣ ਉਹ ਆਪ ਕਿੱਥੇ ਆ ਕੰਜਰ ….?”

” ਪਤਾ ਨੀ ਬੀਜੀ….ਆਪ ਤਾਂ ਮੋਟਰ ਸਾਈਕਲ ਲੈ ਕੇ ਜਦੇ ਈ ਨਿਕਲ ਗਿਆ….. ਨਾਲ ਇੱਕ ਪਤਲਾ ਜਿਹਾ ਕਾਲ਼ਾ ਜਿਹਾ ਮੁੰਡਾ ਸੀ ,ਓਹ ਬਲੈਕੀਆਂ ਦਾ ਦੋਹਤਾ ਲੱਗਦਾ ਸੀ …… ਬੀਜੀ ਐਹੋ ਜਿਹੀ ਗੰਦੀ ਔਲਾਦ ਨਾਲੋਂ ਤਾਂ ਅਸੀਂ…..।” ਕੁਝ ਕਹਿੰਦੀ ਕਹਿੰਦੀ ਲਾਡੀ ਚੁੱਪ ਕਰ ਗਈ….. ” ਫਿਰ ਲਾਡੀ ਕਹਿਣ ਲੱਗੀ….. ਬੀਜੀ ਰਾਤ ਨੂੰ ਫੇਰ ਆ ਕੇ ਉਹਨੇ ਉਹੀ ਕੁਛ ਕਰਨਾ….ਪਿਓ ਪੁੱਤ ਚੋਂ ਕਿਤੇ ਕਿਸੇ ਦੀ ਜਾਹ-ਜਾਂਹਦੀ ਈ ਓ ਨਾ ਹੋਜੇ …….. ਹਜ਼ਾਰ ਰੁਪਏ ਦੇ ਹੈਗੇ ਤਾਂ ਮੈਂ ਓਹਦਾ ਮੱਥਾ ਡੰਮ ਦਿਆਂ।”

“ਮੇਰੇ ਵੱਲੋਂ ਤੂੰ ਦੋ ਹਜ਼ਾਰ ਲੈ ਜਾ…..ਪਰ ਇਹ ਜਿਹੜੇ ਪੈਸੇ ਤੂੰ ਆਏਂ ਉਧਾਰ ਲੈ ਲੈ ਕੇ ਕਰਜ਼ ਚੜ੍ਹਾਈ ਜਾਨੀਂ ਆਂ…..ਇਹ ਤਾਂ ਤੇਰੇ ਕਿਸੇ ਅਰਥ ਨਹੀਂ ਲੱਗਦੇ…..ਚੱਲ ਉੱਠ ! ਹਿੰਮਤ ਕਰ , ਆਪਾਂ ਪਿੰਡ ਚੋਂ ਇਹ ਕੋਹੜ ਕੱਢਣਾ….।” ਬੀਜੀ ਕਹਿੰਦੇ ਹਨ ਤੇ ਲਾਡੀ ਨੂੰ ਨਾਲ ਲੈਕੇ ਪਿੰਡ ਵਿੱਚ ਸਾਰੇ ਬੰਦੇ ਬੁੜੀਆਂ ਇਕੱਠੇ ਕਰਕੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਮੁਹਿੰਮ ਛੇੜ ਦਿੱਤੀ।ਜਿਹੜਾ ਨਸ਼ਾ ਵੇਚਣ ਆਉਂਦਾ ਉਸ ਦੀ ਸਾਰੇ ਇਕੱਠੇ ਹੋ ਚੰਗੀ ਕੁੱਟ ਮਾਰ ਕਰਦੇ। ਇਹਨਾਂ ਨੂੰ ਦੇਖ ਕੇ ਨਾਲ਼ ਦੇ ਪਿੰਡਾਂ ਵਾਲਿਆਂ ਨੇ ਮੁਹਿੰਮ ਛੇੜ ਦਿੱਤੀ।ਪਿੰਡ ਵਿੱਚ ਜੇ ਕੋਈ ਨੌਜਵਾਨ ਨਸ਼ਾ ਕਰਕੇ ਵੜਦਾ ਤਾਂ ਉਸ ਨੂੰ ਉਸੇ ਸਮੇਂ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ। ਉਹਨਾਂ ਨੂੰ ਦੇਖ਼ ਕੇ ਆਲ਼ੇ ਦੁਆਲ਼ੇ ਦੇ ਸਾਰੇ ਪਿੰਡਾਂ ਦੇ ਨੌਜਵਾਨ ਨਸ਼ਾ ਕਰਕੇ ਪਿੰਡ ਵਿੱਚ ਵੜਨ ਤੋਂ ਡਰਨ ਲੱਗ ਪਏ ਸਨ ਤੇ ਨਸ਼ਾ ਵੇਚਣ ਵਾਲਿਆਂ ਦੀ ਤਾਂ ਓਧਰ ਨੂੰ ਮੂੰਹ ਕਰਨ ਦੀ ਹਿੰਮਤ ਨਾ ਪਈ। ਲਾਡੀ ਦੇ ਮੁੰਡੇ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਸਾਲ ਭਰ ਲਈ ਬੀਜੀ ਨੇ ਆਪ ਭਜਵਾਇਆ।

ਸਾਲ ਬਾਅਦ ਜਦ ਉਹ ਘਰ ਆਇਆ ਤਾਂ ਬੀਜੀ ਨੇ ਆਪ ਆ ਕੇ ਉਸ ਨੂੰ ਆਖਿਆ,” ਦੇ ਹੁਣ ਤੂੰ ਕਿਸੇ ਪੁੱਠੇ ਪਾਸੇ ਪਿਆ ਤਾਂ ਤੈਨੂੰ ਮੈਂ ਆਪਣੇ ਪੁੱਤ (ਜੋ ਸ਼ਹਿਰ ਵਿੱਚ ਪੁਲਿਸ ਦਾ ਵੱਡਾ ਅਫ਼ਸਰ ਸੀ)ਨੂੰ ਕਹਿ ਕੇ ਅੰਦਰ ਕਰਵਾ ਦੇਣਾ ਹੈ।” ਪਰ ਮੁੰਡਾ ਹੁਣ ਜਮ੍ਹਾਂ ਤੀਰ ਵਾਂਗ ਸਿੱਧਾ ਹੋ ਗਿਆ ਸੀ। ਬੀਜੀ ਦੁਆਰਾ ਚਲਾਈ ਮੁਹਿੰਮ ਕਾਰਨ ਕਈ ਪਿੰਡ ਨਸ਼ਾ ਮੁਕਤ ਹੋ ਚੁੱਕੇ ਸਨ। ਸਾਰੇ ਪਾਸੇ ਬੀਜੀ ਦੀ ਚਰਚਾ ਸੀ ।ਬੀਜੀ ਸਮੇਂ ਸਮੇਂ ਤੇ ਦਿਨ ਸੁਧ ਵਾਲੇ ਦਿਨ ਗੁਰਦੁਆਰੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਤਾਂ ਜੋ ਕਿਤੇ ਇਹ ਮੁਹਿੰਮ ਢਿੱਲੀ ਨਾ ਪੈ ਜਾਏ,” ਆਪਣੇ ਪਿੰਡ ਤੋਂ ਉੱਠੀ ਲਹਿਰ ਹੁਣ ਕਿੰਨੇ ਪਿੰਡਾਂ ਦੇ ਲੋਕਾਂ ਲਈ ਪ੍ਰੇਰਨਾ ਬਣ ਚੁੱਕੀ ਹੈ, ਮੇਰੇ ਪਿੰਡ ਦੇ ਸ਼ੇਰ ਬੱਚਿਓ! ਕਸਮ ਖਾ ਲਵੋ ਕਿ ਕਿਸੇ ਨਸ਼ਾ ਵੇਚਣ ਵਾਲੇ ਨੂੰ ਅਸੀਂ ਆਪਣੇ ਪਿੰਡ ਦੀ ਜੂਹ ਨੀ ਟੱਪਣ ਦੇਣੀ, ਚਾਹੇ ਕਿਸੇ ਦਾ ਕੋਈ ਰਿਸ਼ਤੇਦਾਰ ਕਿਉਂ ਨਾ ਹੋਵੇ।ਹੁਣ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸੁਧਾਰ ਕਰਨ ਲਈ ਕਮਾਨ ਆਪਾਂ ਨੂੰ ਹੀ ਚੁੱਕਣੀ ਪੈਣੀ ਹੈ।ਹੁਣ ਏਹੁ ਹਮਾਰਾ ਜੀਵਣਾ ਹੈ।”

ਸਭ ਪਾਸੇ ਬੀਜੀ ਦੀ ਚਰਚਾ ਹੋ ਰਹੀ ਸੀ।ਲਾਡੀ ਦਾ ਪੁੱਤਰ ਵੀ ਆਪਣੇ ਪਿਓ ਨਾਲ ਖੇਤਾਂ ਵਿੱਚ ਕੰਮ ਕਰਨ ਜਾਂਦਾ ਤੇ ਹੁਣ ਉਹ ਵੀ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਸਨ।ਪਤਾ ਨਹੀਂ ਕਿੰਨੇ ਹੋਰ ਪਰਿਵਾਰ ਇਸ ਤਰ੍ਹਾਂ ਖ਼ੁਸ਼ਹਾਲ ਬਣ ਚੁੱਕੇ ਸਨ। ਆਪਣੇ ਆਪ ਲਈ ਤੇ ਆਪਣੇ ਪਰਿਵਾਰ ਦੀ ਖੁਸ਼ੀ ਲਈ ਤਾਂ ਹਰ ਕੋਈ ਹੀ ਉਪਰਾਲੇ ਕਰਦਾ ਹੈ ਪਰ ਜੋ ਕੰਮ ਬੀਜੀ ਨੇ ਕੀਤਾ ਸੀ ਅਸਲ ਵਿੱਚ ਤਾਂ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁੱਖੀ ਬਾਠ ਸੇਵਾ ਕਲੱਬ ਕਨੇਡਾ ਵੱਲੋਂ ਤਿੰਨ ਰੋਜ਼ਾ ਫ੍ਰੀ ਕੈਂਪ ਲਗਾਇਆ ਗਿਆ।
Next article‘ਆਪ’ ਸਰਕਾਰ ‘ਤੇ ਸਖ਼ਤ ਸਵਾਲ ਪੁੱਛਣ ਕਾਰਨ ਚਰਨਜੀਤ ਚੰਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ : ਡਾ. ਅਮਰ ਸਿੰਘ