ਜਲੰਧਰ ਜ਼ਿਮਨੀ ਚੋਣ ਆਪ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਨਿਰਮਲ ਕੁਟੀਆ ਸੀਚੇਵਾਲ ਹੋਏ ਨਤਮਸਤਕ

ਸੰਤ ਸੀਚੇਵਾਲ ਵੱਲੋਂ ਸੌਪਿਆ ਗਿਆ ਵਾਤਾਵਰਣ ਏਜੰਡਾ

ਸਾਲ 2009 ਤੋਂ ਲਗਾਤਾਰ ਚੋਣਾਂ ਦੌਰਾਨ ਸੰਤ ਸੀਚੇਵਾਲ ਵੱਲੋਂ ਉਮੀਦਵਾਰਾਂ ਨੂੰ ਸੌਂਪਿਆ ਜਾ ਰਿਹਾ ਹੈ ਵਾਤਾਵਰਣ ਏਜੰਡਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਲੋਕ ਸਭਾ ਹਲਕਾ ਜਲੰਧਰ ਤੋਂ ਉਪ ਚੋਣ ਲੜ ਰਹੇ ਆਪ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਅੱਜ ਨਿਰਮਲ ਕੁਟੀਆ ਸੀਚੇਵਾਲ ਵਿੱਚ ਨਤਮਸਤਕ ਹੋਏ। ਉਨ੍ਹਾਂ ਇੱਥੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਲਾਕੇ ਦੀਆਂ ਮੰਗਾਂ ਬਾਰੇ ਇੱਕ ਮੰਗ ਪੱਤਰ ਸੌਂਪਦਿਆ ਕਿਹਾ ਕਿ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਕਿਉਂਕਿ ਵਾਤਾਵਰਣ ਦੇ ਪ੍ਰਦੂਸ਼ਣ ਨਾਲ ਲੋਕਾਂ ਦਾ ਜੀਵਨ ਖਤਰੇ ਵਿੱਚ ਪਿਆ ਹੋਇਆ ਹੈ। ਸੰਤ ਸੀਚੇਵਾਲ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ 7 ਪ੍ਰਮੁੱਖ ਮੰਗਾਂ ਹਨ। ਇੰਨ੍ਹਾਂ ਬਾਰੇ ਦੱਸਦਿਆ ਸੰਤ ਸੀਚੇਵਾਲ ਨੇ ਕਿਹਾ ਇਸ ਮੰਗ ਪੱਤਰ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਉਪ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਤੱਕ ਪਹੁੰਚਦਾ ਕੀਤਾ ਜਾਵੇਗਾ।

ਇੰਨ੍ਹਾਂ ਮੰਗਾਂ ਵਿੱਚ ਸਭ ਤੋਂ ਅਹਿਮ ਮੰਗ ਕਾਲਾ ਸੰਘਿਆ ਡਰੇਨ, ਜਮਸ਼ੇਰ ਡਰੇਨ, ਚਿੱਟੀ ਵੇਈ ਅਤੇ ਸਤਲੁਜ ਦਰਿਆ ਵਿੱਚ ਪੈ ਰਹੇ ਜ਼ਹਿਰੀਲੇ ਪਾਣੀਆਂ ਨੂੰ ਰੋਕਣ ਬਾਰੇ ਹੈ। ਆਪ ਦੇ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੇ ਭਰੋਸਾ ਦਿੱਤਾ ਕਿ ਸੰਤ ਸੀਚੇਵਾਲ ਪਾਸੋਂ ਜਿਹੜੇ ਮੁੱਦਿਆ ਨੂੰ ਲੈਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਉਹ ਪਹਿਲ ਦੇ ਅਧਾਰ ‘ਤੇ ਹੱਲ ਕਰਵਾਏ ਜਾਣਗੇ ਤੇ ਵਾਤਾਵਰਣ ਵਰਗੇ ਗੰਭੀਰ ਮੁੱਦੇ ਨੂੰ ਉਹ ਪ੍ਰਮੁੱਖਤਾ ਦੇਣਗੇ। ਉਨ੍ਹਾਂ ਸੰਤ ਸੀਚੇਵਾਲ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਵਾਤਾਵਰਣ ਦੇ ਪੱਖ ਤੋਂ ਜਿਹੜੀ ਮਨੁੱਖਤਾ ਦੀ ਸੇਵਾ ਕੀਤੀ ਹੈ ਪੰਜਾਬ ਉਨ੍ਹਾਂ ਦਾ ਸਦਾ ਰਿਣੀ ਰਹੇਗਾ। ਜ਼ਿਕਰਯੋਗ ਹੈ ਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸਾਲ 2009 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਵਾਤਾਵਰਣ ਦਾ ਏਜੰਡਾ ਸੌਂਪ ਦੇ ਆ ਰਹੇ ਹਨ ਤੇੇ ਉਨ੍ਹਾਂ ਨੇ ਰਾਜ ਸਭਾ ਦੇ ਮੈਂਬਰ ਬਣਨ ਤੋਂ ਬਾਅਦ ਵੀ ਆਪਣੇ ਅਸਲ ਮੁੱਦਿਆਂ ਨੂੰ ਕਦੇਂ ਨਹੀਂ ਵਿਸਾਰਿਆ।

ਸੰਤ ਸੀਚੇਵਾਲ ਨੇ ਕਿਹਾ ਕਿ ਉਹ ਵਾਤਾਵਰਣ ਦੇ ਮੁੱਦਿਆ ‘ਤੇ ਹਮੇਸ਼ਾਂ ਪਹਿਰਾ ਦਿੰਦੇ ਰਹਿਣਗੇ ਤੇ ਇਸ ਬਾਰੇ ਲੋਕਾਂ ਦੀ ਲਾਮਬੰਦੀ ਵੀ ਕਰਦੇ ਰਹਿਣਗੇ। ਉਨ੍ਹਾਂ ਸ਼ੁਸ਼ੀਲ ਰਿੰਕੂ ਨੂੰ ਦਿੱਤੇ ਮੰਗ ਪੱਤਰ ਦਾ ਜ਼ਿਕਰ ਕਰਦਿਆ ਕਿਹਾ ਕਿ ਸਤਲੁਜ ਦਰਿਆ ਵਿੱਚ ਗੰਦਾ ਤੇ ਜ਼ਹਿਰੀਲਾ ਪਾਣੀ ਪੈਣ ਨਾਲ ਮਾਲਵੇ ਅਤੇ ਰਾਜਸਥਾਨ ਦੇ ਲੋਕ ਕੈਂਸਰ ਸਮੇਤ ਹੋਰ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਹਨਾਂ ਮੰਗ ਕੀਤੀ ਕਿ ਦੁਆਬੇ ਦੇ ਹਿੱਸੇ ਦਾ 1465 ਕਿਊਸਿਕ ਪਾਣੀ ਬਿਸਤ ਦੁਆਬ ਰਾਹੀ ਛੱਡਿਆ ਜਾਵੇ ਅਤੇ ਪਾਣੀ ਨੂੰ ਖੇਤਾਂ ਤੱਕ ਪੁੱਜਦਾ ਕਰਨ ਲਈ ਜ਼ਮੀਨਦੋਜ ਪਾਇਪ ਲਾਇਨ ਪਾਈ ਜਾਵੇ।

ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐਨ.ਜੀ.ਟੀ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੇ ਮੈਂਬਰ ਹੁੰਦਿਆ ਹੋਇਆ ਸਮੁੱਚੇ ਪੰਜਾਬ ਦੇ ਟਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ ਸੀ। ਜਿੰਨ੍ਹਾਂ ਵਿਚੋਂ ਬਹੁਤੇ ਚੱਲ ਨਹੀਂ ਸੀ ਰਹੇ। ਇਸੇ ਤਰ੍ਹਾਂ ਜਲੰਧਰ ਦੇ ਬਸਤੀ ਪੀਰਦਾਦ ਵਾਲਾ 50 ਐਮ.ਐਲ.ਡੀ ਦਾ ਪਲਾਂਟ ਵੀ ਆਪਣੀ ਪੂਰੀ ਸਮਰੱਥਾ ਨਾਲ 24 ਘੰਟੇ ਨਹੀਂ ਚਲਾਇਆ ਜਾਂਦਾ। ਉਨ੍ਹਾਂ ਗਿੱਦੜਪਿੰਡੀ ਤੋਂ ਫਿਲੌਰ ਤੱਕ ਧੁੱਸੀ ਬੰਨ੍ਹ ‘ਤੇ ਪੱਕੀ ਸੜਕ ਬਣਾਈ ਦੀ ਅਪੀਲ ਕੀਤੀ ਤਾਂ ਜੋ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕੇ। ਇੰਨ੍ਹਾਂ ਤੋਂ ਇਲਾਵਾ ਉਹਨਾਂ ਕਿਹਾ ਕਿ ਵਾਤਾਵਰਣ ਸਮੇਤ ਸਿਹਤ ਅਤੇ ਸਿੱਖਿਆ ਨਾਲ ਜੁੜੇ ਮੁੱਦਿਆ ਨੂੰ ਚੋਣ ਪ੍ਰਚਾਰ ਦੌਰਾਨ ਮੁੱਖ ਮੁੱਦੇ ਬਣਾਏ ਜਾਣ ਅਤੇ ਜਿੱਤ ਤੋਂ ਬਾਅਦ ਇਹ ਮੁੱਦੇ ਲੋਕ ਸਭਾ ਵਿੱਚ ਵੀ ਉਠਾਏ ਜਾਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਰਾਜਵਿੰਦਰ ਕੌਰ ਥਿਆੜਾ, ਸ਼ਾਹਕੋਟ ਹਲਕੇ ਤੋਂ ਆਪ ਦੇ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਆਪ ਦੇ ਕਾਨੂੰਨੀ ਵਿੰਗ ਦੇ ਸਲਾਹਕਾਰ ਐਡਵੋਕੇਟ ਗੁਰਭੇਜ ਸਿੰਘ, ਸਾਬਕਾ ਚੇਅਰਮੈਨ ਮੋਹਣ ਲਾਲ ਸੂਦ, ਬੀਸੀ ਵਿੰਗ ਦੇ ਆਗੂ ਹਰਜਿੰਦਰ ਸਿੰਘ ਸੀਚੇਵਾਲ, ਅਮਰੀਕ ਸਿੰਘ ਸੰਧੂ, ਸਰਪੰਚ ਤਜਿੰਦਰ ਸਿੰਘ, ਬੂਟਾ ਸਿੰਘ, ਦਇਆ ਸਿੰਘ, ਕੁਲਵਿੰਦਰ ਸਿੰਘ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੇ ਸਾਥੀਆਂ ਸਮੇਤ ਨਵੀਂ ਦਾਣਾ ਮੰਡੀ ਵਿਖੇ ਫਸਲਾਂ ਦਾ ਕੀਤਾ ਨਿਰੀਖਣ
Next articleNo religious event allowed on roads in UP