ਲੋਹੜੀ

ਗੁਰਜੀਤ ਕੌਰ
(ਸਮਾਜ ਵੀਕਲੀ)
ਲੋਹੜੀ ਸਾਡੇ ਦੇਸ਼ ਦਾ ਪ੍ਰਸਿੱਧ ਤਿਉਹਾਰ ਹੈ। ਇਹ ਹਰ ਸਾਲ ਮਾਘ ਮਹੀਨੇ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ।ਇਸ ਦਿਨ ਠੰਢ ਵੀ ਪੂਰੇ ਜੋਸ਼ ਤੇ ਹੁੰਦੀ ਹੈ। ਇਹ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਮੰਨਿਆ ਜਾਂਦਾ  ਹੈ ।ਤਿਓਹਾਰ ਸਾਡਾ ਆਪਸੀ ਪਿਆਰ ਭਾਈਚਾਰਕ ਸਾਂਝ ਵਧਾਉਂਦੇ ਹਨ। ਲੋਹੜੀ ਵੀ ਆਪਸੀ ਸਾਂਝ ਪਿਆਰ ਦੀ ਪ੍ਰਤੀਕ ਹੈ ।ਜਿਸ ਨੂੰ ਰਲ ਕੇ ਧੂਣੀ  ਦੇ ਰੂਪ ਵਿੱਚ ਬਾਲਦੇ ਹਨ। ਲੋਹੜੀ  ਮਨਾਉਣ ਦੀ ਪਰੰਪਰਾ ਇੱਕ ਲੋਕ ਨਾਇਕ ਦੁੱਲਾ ਭੱਟੀ ਦੇ ਨਾਲ ਸਬੰਧਤ ਦੱਸੀ ਜਾਂਦੀ ਹੈ। ਦੁੱਲਾ ਇਕ ਡਾਕੂ ਸੀ ।ਉਹ ਬੜਾ ਸੂਰਬੀਰ ਤੇ ਬਹਾਦਰ ਸੀ।  ਉਹ ਸ਼ਾਹੂਕਾਰਾਂ ਕੋਲੋਂ ਗਹਿਣੇ ਪੈਸਾ ਲੁੱਟ ਕੇ ਗ਼ਰੀਬਾਂ ਦੀ ਮਦਦ ਕਰਦਾ ਸੀ। ਉਹ ਗ਼ਰੀਬ ਲੋਕਾਂ ਲਈ ਮਸੀਹਾ ਸੀ ।ਕਹਿੰਦੇ ਨੇ ਕਿ ਇੱਕ ਵਾਰ ਉਸ ਨੇ ਗ਼ਰੀਬ ਪਰਿਵਾਰ ਨਾਲ ਸਬੰਧਤ ਦੋ ਕੁੜੀਆਂ ਸੁੰਦਰੀ ਤੇ ਮੁੰਦਰੀ ਨੂੰ ਹਾਕਮਾਂ ਦੇ ਚੁੰਗਲ ਚੋਂ ਬਚਾ ਕੇ ਆਪਣੇ ਹੱਥੀਂ ਵਿਆਹ ਕੀਤਾ ਤੇ ਤੋਹਫੇ  ਵਜੋਂ  ਉਨ੍ਹਾਂ ਦੀ ਝੋਲੀ ਸ਼ੱਕਰ ਪਾਈ। ਲੋਕ ਗੀਤਾਂ ਵਿੱਚ ਵੀ ਉਸ ਦੀ ਇਸ ਬਹਾਦਰੀ ਦੇ ਕਿੱਸੇ ਗਾਏ ਜਾਂਦੇ ਹਨ ।ਲੋਹੜੀ ਸਾਡੇ ਪਿੰਡਾਂ ਸ਼ਹਿਰਾਂ ਵਿੱਚ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ ।ਲੋਹੜੀ ਤੋਂ ਕੁਝ ਦਿਨ ਪਹਿਲਾਂ ਬੱਚੇ ਇਕੱਠੇ ਹੋ ਕੇ ਘਰ-ਘਰ ਲੋਹੜੀ ਮੰਗਣ ਜਾਂਦੇ ਹਨ। ਹੱਸਦੇ-ਖੇਡਦੇ ਨੱਚਦੇ-ਟੱਪਦੇ ਮੁੰਡੇ ਕੁਡ਼ੀਆਂ ਦੁੱਲੇ ਦੀ ਗਾਥਾ ਬਿਆਨ ਕਰਦੇ ਗਾਉਂਦੇ ਹਨ
ਸੁੰਦਰ ਮੁੰਦਰੀਏ ਹੋ…
ਤੇਰਾ ਕੌਣ ਵਿਚਾਰਾ ਹੋ… 
ਦੁੱਲਾ ਭੱਟੀ ਵਾਲਾ ਹੋ …
ਦੁੱਲੇ ਨੇ ਧੀ ਵਿਆਹੀ ਹੋ…
 ਸੇਰ ਸ਼ੱਕਰ ਪਾਏ ਹੋ…
ਇਸੇ ਤਰ੍ਹਾਂ ਹਰ ਘਰ ਚੋਂ ਉਨ੍ਹਾਂ ਨੂੰ ਗੁੜ, ਮੂੰਗਫਲੀ ,ਲੱਕੜਾਂ ਆਦਿ ਮਿਲ ਜਾਂਦੇ ਹਨ ਤੇ ਗਾਉਂਦੇ ਹਨ ..
ਸਾਨੂੰ ਦੇ ਲੋਹੜੀ..
ਤੇਰੀ ਜੀਵੇ ਜੋੜੀ ..
ਗਾਉਂਦਿਆਂ ਗਾਉਂਦਿਆਂ ਕਈ ਵਾਰ ਜਿਸ ਘਰੋਂ ਦੇਰ ਤਕ ਕੁਝ ਨਾ ਮਿਲੇ ਤਾਂ ਕੁੜੀਆਂ ਇਕੱਠੀਆਂ ਹੋ ਕੇ ਬੋਲਦੀਆਂ ਹਨ ..
ਸਾਡੇ ਪੈਰਾਂ ਹੇਠ ਸਲਾਈਆਂ..
ਅਸੀਂ ਕਿਹੜੇ ਵੇਲੇ ਦੀਆਂ ਆਈਆਂ..
ਸਾਡੇ ਪੈਰਾਂ ਹੇਠਾਂ ਰੋੜ..
ਸਾਨੂੰ ਛੇਤੀ ਛੇਤੀ ਤੋਰ..  
ਪੁਰਾਣੇ ਸਮਿਆਂ ਵਿੱਚ ਲੋਹੜੀ ਮੰਗਣ ਦਾ ਰਿਵਾਜ ਸੀ। ਲੋਕ ਵੀ ਲੋਹੜੀ ਮੰਗਣ ਵਾਲਿਆਂ ਨੂੰ ਖਾਲੀ ਨਹੀਂ ਸਨ ਮੋੜਦੇ। ਜੇ ਕਿਤੇ ਘਰ ਦੀਆਂ ਸੁਆਣੀਆਂ ਘਰ ਦੇ ਕੰਮਕਾਰ ਵਿੱਚ ਰੁੱਝੀਆਂ  ਲੋਹੜੀ ਨਾਂ ਦੇ ਪਾਉਂਦੀਆਂ ਤਾਂ ਨਿਆਣੇ ਬਾਹਰ ਖੜ੍ਹੇ ਖੜ੍ਹੇ ਥੱਕ ਜਾਂਦੇ ਤੇ ਬੋਲਾਂ ਦੇ ਵਿੱਚ ਗੁੱਸੇ ਦਾ ਪ੍ਰਗਟਾਵਾ ਕਰਦੇ …
ਕੋਠੇ ਉੱਤੇ ਹੁੱਕਾ..
 ਇਹ ਘਰ ਭੁੱਖਾ ..
ਤੇ ਜਿੱਥੇ ਉਨ੍ਹਾਂ ਨੂੰ ਮਨਪਸੰਦ ਦੀਆਂ ਮੂੰਗਫਲੀਆਂ ਗੁੜ ਰਿਉੜੀਆਂ ਮਿਲ ਜਾਂਦੀਆਂ ਤਾਂ ਖ਼ੁਸ਼ੀ ਨਾਲ ਉੱਚੀ ਆਵਾਜ਼ ਵਿੱਚ ਗਾਉਂਦੇ  ..
ਕੋਠੇ ਉੱਤੇ ਕੰਘਾ ..
ਇਹ ਘਰ ਚੰਗਾ..
 ਇਹ ਘਰ ਚੰਗਾ.. 
ਜਿਸ ਘਰ ਮੁੰਡਾ ਜੰਮਿਆ ਹੁੰਦਾ ਉਸ ਘਰੋਂ ਵਧਾਈ ਦੇ ਰੂਪ ਵਿੱਚ ਵੱਧ ਗੁੜ ਸ਼ੱਕਰ ਤੇ ਪੈਸਾ ਧੇਲਾ ਵੀ ਮਿਲ ਜਾਂਦਾ। ਉੱਥੇ ਖੁਸ਼ ਹੋ ਕੇ ਨਿਆਣੇ  ਦੁਆਵਾਂ ਦਿੰਦੇ..
ਕੋਠੇ ਉੱਤੇ ਮੋਰ..
ਇੱਥੇ ਮੁੰਡਾ ਜੰਮੇ ਹੋਰ..
ਵਰ੍ਹੇ ਨੂੰ ਫੇਰ ਆਈਏ.. 
ਪਿੰਡਾਂ ਸ਼ਹਿਰਾਂ ਵਿੱਚ ਜਿਸ ਘਰ ਮੁੰਡਾ ਜੰਮਿਆ ਹੁੰਦਾ ਉਸ ਘਰ ਦੀਆਂ ਨੂੰਹਾਂ ਧੀਆਂ ਆਂਢ ਗੁਆਂਢ ਦੀਆਂ ਔਰਤਾਂ ਮਿਲ ਕੇ ਸੱਜ ਧੱਜ ਕੇ ਪਿੱਤਲ ਦੀ ਪਰਾਤ ਵਿੱਚ ਮੂੰਗਫਲੀਆਂ,ਰਿਓੜੀਆਂ ਪਾ ਕੇ ਘਰ ਘਰ ਲੋਹੜੀ ਵੰਡ ਕੇ ਆਉਂਦੀਆਂ ਅਤੇ ਨੇੜਲੇ ਘਰਾਂ ਵਿੱਚ ਲੋਹੜੀ ਵਾਲੀ ਰਾਤ ਨੂੰ ਆਪਣੇ ਘਰ ਆਉਣ ਦਾ ਸੱਦਾ ਵੀ ਦੇ ਕੇ ਆਉਂਦੀਆਂ। ਲੋਹੜੀ ਨੂੰ ਮੁੰਡੇ ਜੰਮੇ ਦੇ ਜਸ਼ਨ ਵਿਚ ਮਨਾਏ ਜਾਂਦੇ ਹਨ ਤੇ ਢੋਲ ਢਮੱਕਾ ਵੀ ਹੁੰਦਾ ।ਬੜੀਆਂ ਖ਼ੁਸ਼ੀਆਂ ਚਾਵਾਂ ਤੇ  ਮਲਾਰਾਂ ਨਾਲ ਲੋਹੜੀ ਮਨਾਈ ਜਾਂਦੀ। ਜਿਸ ਘਰ ਲਡ਼ਕੇ ਦਾ ਨਵਾਂ ਵਿਆਹ ਹੋਇਆ ਹੋਵੇ ਉਸ ਘਰ ਵੀ ਵਿਆਹ ਦੀ ਲੋਹੜੀ ਬੜੇ ਚਾਵਾਂ ਨਾਲ ਮਨਾਈ ਜਾਂਦੀ।
ਗਲੀਆਂ ਮੁਹੱਲਿਆਂ ਵਿਚ ਸਾਂਝੀਆਂ ਖੁਲ੍ਹੀਆਂ ਥਾਂਵਾਂ ਤੇ ਲੋਹੜੀ ਲਾਈ ਜਾਂਦੀ। ਦੇਰ ਰਾਤ ਤੱਕ  ਬੱਚੇ ,ਬੁੱਢੇ ਜਵਾਨ,ਔਰਤਾਂ  ਸਭ ਰਲ ਮਿਲ ਕੇ ਲੋਹੜੀ ਸੇਕਦੇ ਹਨ ਤੇ ਵੱਡੀ ਉਮਰ ਦੀਆਂ ਔਰਤਾਂ ਆਪੋ ਆਪਣੇ ਘਰੋਂ ਮੂੰਗਫਲੀ, ਰਿਓੜੀਆਂ ਲਿਆ ਕੇ ਇਕ  ਜਗ੍ਹਾ ਇਕੱਠੀਆਂ ਕਰ ਦਿੰਦੀਆਂ ਹਨ ਤੇ  ਬੁੱਕ ਭਰ ਭਰ ਕੇ ਸਭ ਨੂੰ ਵਰਤਾਉਂਦੀਆਂ ਹਨ। ਇਸ ਤਰ੍ਹਾਂ ਆਪਸੀ ਸਾਂਝ ਪਿਆਰ ਵਧਾਉਂਦਾ ਇਹ ਤਿਉਹਾਰ ਖੁਸ਼ੀਆਂ ਖੇੜੇ ਵੰਡਦਾ ਹੈ ।ਆਲਸ ਨੂੰ ਤਿਆਗਣ ਦੀ ਕਾਮਨਾ ਕਰਦਾ ਹਰ ਜੀਅ ਤਿਲਾਂ ਨੂੰ ਅੱਗ ਵਿੱਚ ਸੁੱਟਦਾ ਬੋਲਦਾ ਹੈ …
ਈਸ਼ਰ ਆ.. 
ਦਲਿੱਦਰ ਜਾਹ..
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ.. 
 ਲੋਹੜੀ ਵਾਲੀ ਰਾਤ ਮੋਠ ਤੇ ਚੌਲਾਂ ਦੀ ਖਿਚੜੀ ਪਕਾਈ ਜਾਂਦੀ ਹੈ ਜੋ ਅਗਲੀ ਸਵੇਰ ਮਾਘੀ ਵਾਲੇ ਦਿਨ  ਖਾਧੀ ਜਾਂਦੀ ਹੈ ਇਸ ਨੂੰ
“ਪੋਹ ਰਿੱਧੀ ਮਾਘ ਖਾਧੀ” ਆਖਿਆ ਜਾਂਦਾ ਹੈ।
ਅਜੋਕੇ ਸਮੇਂ ਵਿੱਚ ਸਮੇਂ ਦੇ ਬਦਲਾਅ ਨਾਲ ਕਿਤੇ ਕਿਤੇ ਧੀਆਂ ਦੀ ਲੋਹੜੀ ਮਨਾਉਣ ਦਾ ਵੀ ਰਿਵਾਜ ਚੱਲ ਪਿਆ ਹੈ।ਕੁਝ ਕੁ ਉਸਾਰੂ ਸੋਚ ਵਾਲੇ ਲੋਕਾਂ ਨੇ ਇਹ ਕਦਮ ਉਠਾ ਕੇ ਸਮਾਜ ਨੂੰ  ਧੀ ,ਪੁੱਤ ਬਰਾਬਰ ਹੋਣ ਦਾ ਸੰਦੇਸ਼ ਦਿੱਤਾ ਹੈ। ਇਹ ਨਿਵੇਕਲਾ ਕਦਮ ਧੀਆਂ ਪ੍ਰਤੀ ਉੱਚੀ ਸੋਚ ਦਾ ਸਬੂਤ ਹੈ।
ਗੁਰਜੀਤ ਕੌਰ ‘ਮੋਗਾ’
Previous articleਰੁਲ਼ਦੂ ਰਖਦੈ ਨਜ਼ਰ ਤਾਜੀਆਂ ਖ਼ਬਰਾਂ ‘ਤੇ
Next articleਸੁਪਨਿਆਂ ਦੇ ਖਤ….