(ਸਮਾਜ ਵੀਕਲੀ)
ਕਿਤੋਂ ਭਰ ਉਡਾਰੀ
ਵਾਪਸ ਪਰਤ ਆ
ਵਤਨਾਂ ਨੂੰ
ਇੱਦਾਂ
ਤੜਪਦੇ ਨਹੀਂ ਛੱਡੀ ਦਾ
ਆਪਣਿਆਂ ਨੂੰ
ਬੇਗਾਨੀਆਂ ਜੂਹਾਂ ‘ਚ
ਤੜਪਦੀਆਂ ਰੂਹਾਂ ਨੂੰ
ਕੌਣ ਦੇਵੇਗਾ ਸਕੂਨ
ਜਦੋਂ ਖੌਲ ਉਠਦਾ ਹੈ ਖੂਨ
ਵੇਖ ਮਧੋਲੇ ਗਏ ਸਪਨਿਆਂ ਨੂੰ
ਤਿੜਕ ਜਾਂਦੇ ਨੇ
ਸ਼ੋਹਰਤਾਂ ਦੀ ਤ੍ਰਿਸ਼ਨਾ ‘ਚੋਂ
ਉਸਾਰੇ ਮਹਿਲਾਂ ਦੇ ਬੁਰਜ਼
ਹੋ ਜਾਂਦਾਂ ਹੈ
ਬੜਾ ਕੁੱਝ ਖੁਰਦ ਬੁਰਦ
ਜਦੋਂ
ਪੈੜਾਂ ਹੇਠਲੀ ਜ਼ਮੀਨ
ਗਵਾਚੇ ਪਲਾਂ ਦੀ ਪੀੜ
ਜਿਉਂਦੇ ਹੋਣ ਦਾ
ਅਹਿਸਾਸ ਕਰਾਉਂਦੀ ਹੈ
ਸੁੰਨ ਹੋ ਚੁੱਕੀਆਂ ਰੂਹਾਂ
ਵੀਰਾਨ ਜਿਹੇ
ਹਾੜ ਬੋਲਦੇ
ਖ਼ਾਲੀ ਖੂਹਾਂ ‘ਚ
ਅਜਬ ਤੁਫਾਨ ਲਿਆਉਂਦੀ ਹੈ
ਕਦੇ ਤਾਂ
ਤੇਰੇ ਨਾਲ
ਇੱਦਾਂ ਹੋਇਆ ਹੀ ਹੋਵੇਗਾ
ਚੁੱਪ ਚੁਪੀਤੇ
ਭਰੇ ਪੀਤੇ ਅੰਦਰ ਨੂੰ
ਆਪ ਮੁਹਾਰੇ ਹੰਝੂਆਂ ਨੇਂ
ਗੁੰਮਨਾਮੀ
ਵਾਂਗ ਸੁਨਾਮੀ
ਆਣ ਧੋਇਆ ਹੋਏਗਾ
ਬੜਾ ਕੁੱਝ ਲਕੋਇਆ ਹੋਵੇਗਾ ਤੂੰ
ਚਿਹਰੇ ‘ਤੇ ਚਿਹਰਾ ਪਾ
ਢਕ ਲਿਆ ਹੋਏਗਾ
ਆਪਣਾ ਮੂੰਹ
ਤੇਰੇ ਲਬਾਂ ਤੇ ਚੜ੍ਹੀ ਮੁਸਕਾਨ
ਕਰਦੀ ਹੋਵੇਗੀ
ਤੈਨੂੰ ਵੀ ਪ੍ਰੇਸ਼ਾਨ
ਤੂੰ ਕਦੇ ਸੋਚਿਆ
ਵੀ ਨਹੀਂ ਹੋਣਾਂ
ਕਿ ਇੱਦਾਂ ਵੀ ਹੋਏਗਾ
ਆਪਣੇ ਮਨ ਦੇ ਸਕੂਨ ਲਈ
ਰਗਾਂ ‘ਚ ਵਗਦੇ
ਮੋਹ ਰੱਤੇ ਖੂਨ ਲਈ
ਤੂੰ ਪਰਤ ਆ
ਵਤਨਾਂ ਨੂੰ
ਜਿਥੇ ਤੇਰੀਆਂ ਪੈੜਾਂ ਦੇ ਨਿਸ਼ਾਨ
ਤੇਰੀ ਮਹਿਕ ਸੰਭਾਲੀਂ ਬੈਠੇ ਨੇ
ਤੂੰ ਵੇਖ ਤਾਂ ਸਈ
ਤੇਰੇ ਲਈ
ਕੋਈ ਕਦੋਂ ਦਾ
ਖੜ੍ਹਾ ਹੈ ਪੱਬਾਂ ਭਾਰ
ਨਹੀਂ ਸਕਿਆ ਵਿਸਾਰ
ਉਹ ਤੈਨੂੰ
ਇੱਕ ਵਾਰੀ
ਭਰ ਉਡਾਰੀ
ਵਾਪਸ ਪਰਤ ਆ
ਮੁੱਦਤਾਂ ਬੀਤ ਗਈਆਂ
ਇੱਦਾਂ ਨਹੀਂ ਕਰੀ ਦਾ
ਜਿਉਂਦੇ ਜੀ ਨਹੀਂ ਮਰੀ ਦਾ
ਸੱਚੀਂ ਤੇਰੇ ਬਿਨ
ਸੰਸਾਰ ਅਧੂਰਾ ਹੈ।ਕਿਤੋਂ ਭਰ ਉਡਾਰੀ
ਡਾ ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly