“ਤਿੜਕੇ ਘੜੇ ਦਾ ਪਾਣੀ ਸੀ ਬਿੰਦਰਖੀਆ”

(ਸਮਾਜ ਵੀਕਲੀ)

ਕਹਿਦੇ ਨੇ ਕਿ ਦੁਨੀਆਂ ਚ ਬਹੁਤ ਘੱਟ ਲੋਕ ਹੋਏ ਹਨ ਜਿਨ੍ਹਾਂ ਨੂੰ ਆਪਣੀ ਮੌਤ ਦਾ ਅੰਦਾਜ਼ਾ ਪਹਿਲਾਂ ਹੀ ਲੱਗ ਗਿਆ ਸੀ ਜਿਨ੍ਹਾਂ ਚੋਂ ਸ਼ਿਵ ਕੁਮਾਰ ਬਟਾਲਵੀ ਨੇ ਮੌਤ ਤੋਂ ਪਹਿਲਾਂ ਆਪਣਾ ਆਖਰੀ ਗੀਤ ਲਿਖਿਆ ।
“ਇਹ ਮੇਰਾ ਗੀਤ ਕਿਸੇ ਨਾ ਗਾਣਾ
ਇਹ ਮੇਰਾ ਗੀਤ ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ ।

ਅਤੇ ਇਸੇ ਤਰ੍ਹਾਂ ਸੁਰਜੀਤ ਬਿੰਦਰੱਖੀਆ ਨੇ ਵੀ ਮੌਤ ਤੋਂ ਪਹਿਲਾਂ ਆਪਣਾ ਆਖਰੀ ਗੀਤ ਗਾਇਆ ।
ਹੋਵੀਂ ਨਾ ਨਰਾਜ਼ ਵੇ ਤੂੰ ਹੋਵੀਂ ਨਾ ਨਿਰਾਸ਼ ਵੇ,
ਗੱਲਾਂ ਸੱਚੀਆਂ, ਭਾਵੇਂ ਨਾ ਸੱਚ ਜਾਣੀ,
ਮੈ ਕੱਲ੍ਹ ਤੱਕ ਨਹੀਂ ਰਹਿਣਾ
ਵੇ ਮੈ ਤਿੜਕੇ ਘੜੇ ਦਾ ਪਾਣੀ।

ਸੁਰਜੀਤ ਬਿੰਦਰਖੀਆ ਦਾ ਜਨਮ 15 ਅਪ੍ਰੈਲ 1962 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਬਿੰਦਰੱਖ ਵਿਖੇ ਪਿਤਾ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਜੀ ਮੰਨੇ-ਪ੍ਰਮੰਨੇ ਪਹਿਲਵਾਨ ਸਨ। ਆਪਣੇ ਪਿਤਾ ਨੂੰ ਘੁਲਦਿਆਂ ਦੇਖ ਸੁਰਜੀਤ ਬਿੰਦਰੱਖੀਆ ਅੰਦਰ ਵੀ ਪਹਿਲਵਾਨੀ ਦੀ ਚੇਟਕ ਪਰ ਉਹ ਇਸ ਖਿੱਤੇ ਵਿੱਚ ਜ਼ਿਆਦਾ ਦੇਰ ਨਹੀਂ ਟਿਕ ਸਕੇ ਕਿਉਂਕਿ ਉਨ੍ਹਾਂ ਨੂੰ ਕਾਲਜ ਪੜ੍ਹਦਿਆਂ ਭੰਗੜੇ ਦਾ ਸ਼ੌਕ ਜਾਗ ਪਿਆ। ਉਸ ਨੇ ਕਾਲਜ ਦੀਆਂ ਸਟੇਜਾਂ ਉੱਤੇ ਬੋਲੀਆਂ ਅਤੇ ਭੰਗੜਾ ਪਾ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਪ੍ਰਸਿੱਧ ਗਾਇਕ ਪੰਮੀ ਬਾਈ ਨੇ ਉਸ ਅੰਦਰਲੀ ਪ੍ਰਤਿਭਾ ਨੂੰ ਭਾਂਪਦਿਆਂ ਉਸ ਨੂੰ ਦਿੱਲੀ ਵਿਖੇ 1982 ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਵਿੱਚ ਸ਼ਮੂਲੀਅਤ ਕਰਨ ਲਈ ਰਜ਼ਾਮੰਦ ਕਰ ਲਿਆ। ਸੁਰਜੀਤ ਬਿੰਦਰੱਖੀਏ ਨੇ ਆਪਣੀ ਦਮਦਾਰ ਆਵਾਜ਼ ਅਤੇ ਭੰਗੜੇ ਨਾਲ ਦਰਸ਼ਕਾਂ ਦੇ ਦਿੱਲ ਜਿੱਤ ਲਏ।ਸੁਰਜੀਤ ਬਿੰਦਰੱਖੀਆ ਦੀ ਖਿੱਚਵੀਂ ਆਵਾਜ਼ ਨੇ ਲੋਕ ਮਨਾਂ ਉੱਤੇ ਜਾਦੂਈ ਅਸਰ ਕੀਤਾ।

ਉਹ ਆਪਣੀ ਪਲੇਠੀ ਕੈਸੇਟ ਨਾਲ ਹੀ ਉਸ ਸਮੇਂ ਦੇ ਹਿੱਟ ਕਲਾਕਾਰਾਂ ਦੀ ਕਤਾਰ ਵਿੱਚ ਆ ਖੜਾ ਹੋਇਆ। ਸਰੋਤੇ ਉਸ ਦੀਆਂ ਕੈਸੇਟਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ, ਵਿਆਹਾਂ ਵਿੱਚ ਡੀ.ਜੇ. ’ਤੇ ਵੱਜਣ ਵਾਲੇ ਗੀਤਾਂ ਵਿੱਚ ਬਹੁਗਿਣਤੀ ਗੀਤ ਸੁਰਜੀਤ ਬਿੰਦਰੱਖੀਏ ਦੇ ਹੀ ਹੁੰਦੇ ਸਨ। ਉਸ ਦੇ ਅਨੇਕਾਂ ਗੀਤਾਂ ਨੇ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਹਾਸਲ ਕੀਤੀ। ‘ਦੁਪੱਟਾ ਤੇਰਾ ਸੱਤ ਰੰਗ ਦਾ’ ਗੀਤ ਨੂੰ ਵਿਸ਼ਵ ਪੱਧਰ ਦੇ ਦਸ ਹਿੱਟ ਗੀਤਾਂ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ। ਸੁਰਜੀਤ ਬਿੰਦਰੱਖੀਏ ਦੀਆਂ ਹੁਣ ਤਕ ਮਾਰਕੀਟ ਵਿੱਚ ਆਈਆਂ ਲਗਪਗ 29 ਦੇ ਕਰੀਬ ਕੈਸੇਟਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਗੀਤਕਾਰ ਸ਼ਮਸ਼ੇਰ ਸੰਧੂ ਦੀ ਕਲਮ ਅਤੇ ਬਿੰਦਰੱਖੀਏ ਦੀ ਆਵਾਜ਼ ਨੇ ਮਿਲ ਕੇ ਅਜਿਹਾ ਇਤਿਹਾਸ ਸਿਰਜਿਆ ਜਿਸ ਦੀ ਮਿਸਾਲ ਦੁਨੀਆ ਵਿੱਚ ਕਿਧਰੇ ਵੀ ਨਹੀਂ ਮਿਲਦੀ।

ਉਸ ਦੇ ਅਨੇਕਾਂ ਗੀਤ ਜਿਨ੍ਹਾਂ ਵਿੱਚੋਂ ਦੁਪੱਟਾ ਤੇਰਾ ਸੱਤ ਰੰਗ ਦਾ, ਤੇਰੇ ’ਚੋਂ ਤੇਰਾ ਯਾਰ ਬੋਲਦਾ, ਲੱਕ ਟੁਣੂੰ ਟੁਣੂੰ, ਮੁੱਖੜਾ, ਪੇਕੇ ਹੁੰਦੇ ਮਾਂਵਾਂ ਨਾਲ, ਕੱਚੇ ਤੰਦਾਂ ਦੀਆਂ ਅੱਜ-ਕੱਲ੍ਹ ਯਾਰੀਆਂ ਅਤੇ ਮੈਂ ਤਿੜਕੇ ਘੜੇ ਦਾ ਪਾਣੀ ਆਦਿ ਗੀਤ ਅੱਜ ਵੀ ਹਵਾਵਾਂ ਵਿੱਚ ਆਪਣੀ ਮਹਿਕ ਬਿਖੇਰਦੇ ਹਨ। ਸੁਰਜੀਤ ਬਿੰਦਰੱਖੀਏ ਨੇ ਜਿਸ ਵੀ ਖੇਤਰ ਵਿੱਚ ਪੈਰ ਪਾਇਆ ਭਾਵੇਂ ਉਹ ਖੇਤਰ ਪਹਿਲਵਾਨੀ ਦਾ ਹੋਵੇ ਜਾਂ ਭੰਗੜੇ ਦਾ ਅਤੇ ਚਾਹੇ ਪੰਜਾਬੀ ਗਾਇਕੀ ਦਾ, ਕੁਦਰਤ ਹਮੇਸ਼ਾ ਉਸ ਉੱਤੇ ਮਿਹਰਬਾਨ ਰਹੀ।

ਕੁਦਰਤ ਨੇ ਉਸ ਦੇ ਰਾਹਾਂ ਉੱਤੇ ਫੁੱਲ ਵਿਛਾ ਕੇ ਉਸ ਦਾ ਸਵਾਗਤ ਕੀਤਾ। ਸੁਰਜੀਤ ਬਿੰਦਰੱਖੀਏ ਨੇ 28 ਸਕਿੰਟ ਲੰਮੀ ਹੇਕ ਲਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਉਸ ਨੇ ਮਿਰਜ਼ਾ, ਜੁਗਨੀ, ਟੱਪੇ ਅਤੇ ਬੀਟ ਗੀਤਾਂ ਨੂੰ ਵਿਲੱਖਣ ਅੰਦਾਜ਼ ਵਿੱਚ ਗਾ ਕੇ ਆਪਣੀ ਇੱਕ ਅਲਹਿਦਾ ਪਛਾਣ ਬਣਾਈ। ਉਸ ਦੇ ਗੀਤ ਪੰਜਾਬੀ ਦੀਆਂ ਨਾਮਵਰ ਫ਼ਿਲਮਾਂ ਵਿੱਚ ਵੀ ਗੂੰਜੇ। ਉੱਚੇ-ਲੰਮੇ ਕੱਦ-ਕਾਠ ਅਤੇ ਸੋਹਣੀ ਡੀਲ-ਡੌਲ ਦਾ ਮਾਲਕ ਸੁਰਜੀਤ ਬਿੰਦਰੱਖੀਆ ਜਦੋਂ ਕੁੜਤੇ, ਚਾਦਰੇ ਅਤੇ ਲਿਸ਼ਕਦੀ ਪੱਗ ਬੰਨ੍ਹ ਕੇ ਸਟੇਜ ਉੱਤੇ ਖੜ੍ਹ ਉੱਚੀ ਹੇਕ ਲਾਉਂਦਾ ਤਾਂ ਦਰਸ਼ਕ ਅਸ਼-ਅਸ਼ ਕਰ ਉੱਠਦੇ।

17 ਨਵੰਬਰ 2003 ਨੂੰ ਤਿੜਕੇ ਘੜੇ ਦਾ ਪਾਣੀ ਖਾਲੀ ਹੋ ਚੁੱਕਾ ਸੀ ਅਤੇ ਪੰਜਾਬੀ ਗਾਇਕੀ ਦੇ ਅੰਬਰ ਦਾ ਚੰਨ ਸੁਰਜੀਤ ਬਿੰਦਰੱਖੀਆ ਸਦਾ-ਸਦਾ ਲਈ ਉਡਾਰੀ ਮਾਰ ਗਿਆ। ਅੱਜ ਉਸ ਦਾ ਪੁੱਤ ਗੀਤਾਜ ਬਿੰਦਰੱਖੀਆ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਲਈ ਜ਼ੋਰ ਅਜ਼ਮਾਈ ਕਰ ਰਹਿਆ ਹੈ। ਹਰ ਸਾਲ 15 ਅਪ੍ਰੈਲ ਨੂੰ ਜਨਮ ਦਿਨ ਤੇ ਸਰੋਤਿਆਂ ਵੱਲੋਂ ਸੁਰਜੀਤ ਬਿੰਦਰਖੀਆ ਨੂੰ ਯਾਦ ਕੀਤਾ ਜਾਂਦਾ ਹੈ।

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਨਜਮ
Next articleਬਾਬਾ ਸਾਹਿਬ ਦੀ ਜਿਅੰਤੀ ਮੌਕੇ ਸੈਮੀਨਾਰ ਕਰਵਾਏ ਗਏ।