ਏਹੁ ਹਮਾਰਾ ਜੀਵਣਾ ਹੈ -252

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਪੱਪੇ ਦੀ ਸਵੇਰੇ ਬਰਾਤ ਚੜ੍ਹਨੀ ਸੀ ਤੇ ਸ਼ਾਮੀਂ ਉਹ ਮੱਝਾਂ ਨੂੰ ਪੱਠੇ ਪਾ ਕੇ ਧਾਰਾਂ ਕੱਢਦਾ ਫ਼ਿਰਦਾ ਸੀ। ਘਰ ਮੇਲ਼ ਆਇਆ ਹੋਇਆ ਸੀ। ਨਾਨਕੀਆਂ ਜਾਗੋ ਕੱਢਣ ਦੀ ਤਿਆਰੀ ਕਰ ਰਹੀਆਂ ਸਨ। ਸਵੇਰੇ ਵੀ ਨ੍ਹਾਈ ਧੋਈ ਤੋਂ ਪਹਿਲਾਂ ਧਾਰਾਂ ਕੱਢਣੀਆਂ ਸਨ ਕਿਉਂਕਿ ਸਾਰੀਆਂ ਮੱਝਾਂ ਉਸ ਦੇ ਹੱਥ ਪਈਆਂ ਹੋਈਆਂ ਸਨ। ਦਰ ਅਸਲ ਪੱਪੇ ਹੋਰੀਂ ਤਿੰਨ ਭਰਾ ਅਤੇ ਤਿੰਨ ਭੈਣਾਂ ਸਨ ਤੇ ਇਹ ਸਾਰਿਆਂ ਤੋਂ ਛੋਟਾ ਹੋਣ ਕਰਕੇ ਵੱਡੇ ਭਰਾਵਾਂ ਨੇ ਬਹੁਤੇ ਕੰਮ ਇਸ ਉੱਤੇ ਹੀ ਸੁੱਟੇ ਹੋਏ ਸਨ। ਬਹੁਤਾ ਸ਼ਰੀਫ਼ ਹੋਣ ਕਰਕੇ ਸਾਰਾ ਟੱਬਰ ਜਿੱਧਰ ਨੂੰ ਨਠਾਈ ਫਿਰਦਾ ਸੀ ਓਧਰ ਨੂੰ ਹੀ ਇਹ ਨੱਠਿਆ ਫ਼ਿਰਦਾ ਸੀ,ਕਦੇ ਪਲਟ ਕੇ ਜਵਾਬ ਦੇਣਾ ਤਾਂ ਜਾਣਦਾ ਹੀ ਨਹੀਂ ਸੀ। ਵੈਸੇ ਵੀ ਵੱਡੇ ਭਰਾ ਭਰਜਾਈਆਂ ਬਹੁਤੇ ਤੇਜ਼ ਬਣਦੇ ਸਨ।

ਪੱਪੇ ਦਾ ਵਿਆਹ ਹੋ ਗਿਆ ਸੀ। ਸਾਰਾ ਕਾਰਜ ਖ਼ੁਸ਼ੀ ਖ਼ੁਸ਼ੀ ਨਿੱਬੜ ਗਿਆ ਸੀ। ਵਿਆਹ ਤੋਂ ਦੋ ਕੁ ਮਹੀਨਿਆਂ ਬਾਅਦ ਵੱਡੇ ਭਰਾਵਾਂ ਨੇ ਅੱਡ ਹੋ ਕੇ ਆਪਣੇ ਨਿਆਣਿਆਂ ਦਾ ਵੀ ਕੁਛ ਬਣਾਉਣ ਦੀ ਗੱਲ ਕਹਿ ਕੇ ਵੰਡੀਆਂ ਪਾ ਲਈਆਂ। ਵੱਡੇ ਨੇ ਕਿਹਾ,”ਆਪਾਂ ਤਿੰਨੇ ਭਰਾ ਇੱਕ ਇੱਕ ਕੁੜੀ ਦੇ ਦਿਨ ਤਿਉਹਾਰ ਨੂੰ ਆਵਾਂ ਜਾਵਾਂਗੇ ਤੇ ਸਮਝ ਲਓ ਅੱਜ ਤੋਂ ਆਪਣੇ ਹਿੱਸੇ ਇੱਕ ਇੱਕ ਕੁੜੀ ਆਈ।”

ਉਸ ਤੋਂ ਛੋਟਾ ਬੋਲਿਆ,” ਮੈਂ ਕਹਿਨਾਂ….. ਬੇਬੇ ਬਾਪੂ ਜੀ ਪੱਪੇ ਨਾਲ਼ ਰਹਿ ਲੈਣਗੇ…. ਵੰਡਵਾਂ ਖ਼ਰਚਾ ਦੇ ਦਿਆ ਕਰਾਂਗੇ….!”

“ਜ਼ਮੀਨ…. ਦਾ ਉਰਲਾ ਛੇ ਕਿੱਲਿਆਂ ਵਾਲਾ ਟੱਕ ਆਪਾਂ ਰੱਖ ਲੈਂਦੇ ਆਂ….. ਪਰੇ ਭੱਠੇ ਨਾਲ਼ ਦੇ ਤਿੰਨ ਕਿੱਲੇ ਪੱਪੇ ਨੂੰ ਦੇ ਦਿੰਨੇ ਆਂ….!” ਵੱਡਾ ਬੋਲਿਆ।

ਪੱਪਾ ਵਿਚਾਰਾ ਕੀ ਕਰਦਾ,ਉਹ ਤਾਂ ਪਹਿਲਾਂ ਹੀ ਸਭ ਕੁਝ ਮਿਥੀ ਬੈਠੇ ਸਨ… ਵੈਸੇ ਵੀ ਪੱਪਾ ਆਪਣੇ ਮਾਂ ਪਿਓ ਨੂੰ ਤਾਂ ਨਹੀਂ ਧੱਕ ਸਕਦਾ ਸੀ। ਜ਼ਮੀਨ ਵੀ ਉਸ ਨੂੰ ਘੱਟ ਉਪਜਾਊ ਦਿੱਤੀ ਸੀ। ਪਰ ਪੱਪੇ ਦੀ ਨੀਤ ਸਾਫ਼ ਸੀ। ਅੱਡ ਹੋਣ ਤੋਂ ਬਾਅਦ ਪਹਿਲੀ ਖ਼ੇਤੀ ਵਿੱਚ ਹੀ ਪੱਪੇ ਦੀ ਫ਼ਸਲ ਦਾ ਝਾੜ ਉਹਨਾਂ ਨਾਲੋਂ ਡਿਊਢਾ ਨਿਕਲਿਆ ਸੀ। ਉਹ ਦੋਵੇਂ ਭਰਾ ਹੈਰਾਨ ਸਨ ਕਿ ਉਨ੍ਹਾਂ ਨੇ ਤਾਂ ਉਸ ਨੂੰ ਹਲਕੀ ਜ਼ਮੀਨ ਦਿੱਤੀ ਸੀ। ਸੜੇ ਮੱਚੇ ਹੋਏ ਬੀਬੀ ਬਾਪੂ ਦਾ ਵੰਡੇ ਹਿੱਸੇ ਦਾ ਖ਼ਰਚਾ ਪਾਣੀ ਦੇਣ ਤੋਂ ਵੀ ਮੁਕਰ ਗਏ ਸਨ ।ਉਲਟਾ ਕਹਿਣ ਲੱਗੇ ਕਿ ਬੀਬੀ ਬਾਪੂ ਤਾਂ ਉਸ ਦਾ ਜਵਾਕ ਪਾਲਦੇ ਨੇ…ਓਹ ਤਾਂ ਉਹਨਾਂ ਦਾ ਲਾਹਾ ਖੱਟ ਰਿਹਾ ਹੈ। ਜਦ ਕਿ ਬੀਬੀ ਬਾਪੂ ਨੇ ਉਹਨਾਂ ਦੇ ਬੱਚੇ ਵੀ ਪਾਲੇ ਸਨ ਕਿਉਂ ਕਿ ਉਦੋਂ ਉਹ ਵਧੀਆ ਤਕੜੇ ਪਏ ਸਨ ਹੁਣ ਤਾਂ ਉਹਨਾਂ ਤੋਂ ਆਪਣਾ ਆਪ ਵੀ ਨਹੀਂ ਸੀ ਸੰਭਾਲਿਆ ਜਾਂਦਾ।

ਪੱਪੇ ਦੇ ਦੋਵੇਂ ਵੱਡਿਆਂ ਭਰਾਵਾਂ ਨੇ ਆਪਣੇ ਆਪਣੇ ਹਿੱਸੇ ਆਈਆਂ ਭੈਣਾਂ ਨਾਲ਼ ਵੀ ਵਰਤਣਾ ਛੱਡ ਦਿੱਤਾ ਸੀ। ਬੇਬੇ ਬਾਪੂ ਦੀ ਦਵਾਈ ਬੂਟੀ, ਆਪਣੇ ਦੋ ਜਵਾਕਾਂ ਦਾ ਖ਼ਰਚਾ ਤੇ ਤਿੰਨਾਂ ਭੈਣਾਂ ਦੇ ਜਾਣਾ ਆਉਣਾ, ਦਿਨ ਤਿਉਹਾਰ ਨੂੰ ਕੁੜੀਆਂ ਨੇ ਆ ਜਾਣਾ,ਪੱਪੇ ਦੀ ਹੁਣ ਕਬੀਲਦਾਰੀ ਭਾਰੀ ਸੀ, ਖ਼ਰਚੇ ਵੱਧ ਸਨ ਪਰ ਉਸ ਨੇ ਕਦੇ ਸੀ ਨਹੀਂ ਵੱਟੀ ਸੀ। ਉਸ ਨੇ ਜ਼ਮੀਨ ਠੇਕੇ ਤੇ ਦੇ ਦਿੱਤੀ ਸੀ ਤੇ ਆਪ ਸ਼ਹਿਰ ਕਲਰਕੀ ਦੀ ਨੌਕਰੀ ਕਰਨ ਲੱਗ ਪਿਆ ਸੀ। ਹੌਲ਼ੀ ਹੌਲ਼ੀ ਬੇਬੇ ਬਾਪੂ ਵੀ ਛੇ ਮਹੀਨਿਆਂ ਦੇ ਫ਼ਰਕ ਨਾਲ ਰੱਬ ਨੂੰ ਪਿਆਰੇ ਹੋ ਗਏ ਸਨ। ਪੱਪੇ ਨੇ ਜਿਵੇਂ ਆਪਣੇ ਸਾਰੇ ਫ਼ਰਜ਼ਾਂ ਨੂੰ ਖਿੜੇ ਮੱਥੇ ਨਿਭਾਇਆ ਸੀ ਉਵੇਂ ਰੱਬ ਨੇ ਵੀ ਕਦੇ ਉਸ ਨੂੰ ਕੋਈ ਥੋੜ ਨਹੀਂ ਰੱਖੀ ਸੀ।

ਇੱਕ ਦਿਨ ਪੱਪੇ ਦਾ ਇੱਕ ਦੋਸਤ ਉਸ ਨੂੰ ਮਿਲਣ ਆਇਆ ਜੋ ਕਨੇਡਾ ਤੋਂ ਆਇਆ ਸੀ। ਉਸ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਵੀ ਪਰਿਵਾਰ ਸਮੇਤ ਕਨੇਡਾ ਜਾਣ ਲਈ ਫਾਈਲ ਲਾ ਦੇਵੇ।ਉਹ ਉਸ ਨੂੰ ਰਾਹਦਾਰੀ ਭੇਜ ਦੇਵੇਗਾ। ਰੱਬ ਦੀ ਕਰਨੀ ਐਸੀ ਹੋਈ ਕਿ ਉਸ ਦਾ ਕਨੇਡਾ ਵਾਲ਼ਾ ਕੰਮ ਵੀ ਛੇਤੀ ਹੀ ਹੋ ਗਿਆ ਤੇ ਉਹ ਆਪਣੇ ਪਰਿਵਾਰ ਨਾਲ ਪੱਕੇ ਤੌਰ ਤੇ ਕਨੇਡਾ ਚਲਿਆ ਗਿਆ। ਪਿੰਡ ਦੀ ਸੱਥ ਵਿੱਚ ਅਕਸਰ ਲੋਕ ਉਸ ਦੀਆਂ ਗੱਲਾਂ ਕਰਦੇ ਤੇ ਕਹਿੰਦੇ,” ਬਈ….. ਪੱਪੇ ਵਰਗਾ ਸਾਊ ਤੇ ਸਾਫ਼ ਦਿਲ ਬਣਨਾ ਬੜਾ ਔਖਾ….ਕਦੇ ਤਾਂ ਸੌਰਾ …..ਵੱਡੇ ਭਰਾਵਾਂ ਦੇ ਕੀਤੇ ਫ਼ੈਸਲਿਆਂ ਨੂੰ ਪਲਟਦਾ….!”

“ਫੇਰ …… ਰੱਬ ਨੇ ਕਿਹੜਾ ਓਹਨੂੰ ਕੋਈ ਤੋਟ ਰੱਖੀ ਆ…!”

“ਆਹੋ ਬਈ….. ਏਹਨੂੰ ਤਾਂ ਕਹਿੰਦੇ ਨੇ ਬਈ ਨੀਤਾਂ ਨੂੰ ਮੁਰਾਦਾਂ ਲੱਗਦੀਆਂ ਨੇ….. ਅਸਲ ਵਿੱਚ ਏਹੁ ਤਾਂ ਹਮਾਰਾ ਜੀਵਣਾ ਹੈ!”
ਇਸ ਤਰ੍ਹਾਂ ਜਦ ਲੋਕ ਉਸ ਦੀਆਂ ਗੱਲਾਂ ਕਰਦੇ ਤਾਂ ਵੱਡੇ ਭਰਾਵਾਂ ਦੇ ਸੀਨੇ ਵਿੱਚ ਭਾਂਬੜ ਬਲ਼ ਉੱਠਦੇ ਪਰ ਹੁਣ ਉਹ ਉਸ ਦਾ ਕੁਝ ਨਹੀਂ ਵਿਗਾੜ ਸਕਦੇ ਸਨ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਗੀ ਮਨ ਭੂਤਾਂ ਦਾ ਘਰ
Next articleਮੌਸਮ ਦੀ ਮਾਰ