ਸੈਲੂਲਰ ਜੇਲ੍ਹ ਦੀਆਂ ਕਾਲ ਕੋਠਰੀਆਂ, ਸ਼ਹਾਦਤਾਂ ਅਤੇ ਸਿੱਖੀ ਦੇ ਨਿਸ਼ਾਨ..

(ਸਮਾਜ ਵੀਕਲੀ)

 

ਹਜਾਰਾਂ ਮੀਲ ਦਾ ਸਫ਼ਰ, ਠਾਠਾਂ ਮਾਰਦਾ ਸਮੁੰਦਰ, ਕਾਲੇਪਾਣੀਆਂ ਦਾ ਤਖੱਲਸ, ਸੈਲੂਲਰ ਜੇਲ੍ਹ ਦੀਆਂ ਕਾਲ ਕੋਠੜੀਆਂ, ਸ਼ਹਾਦਤਾਂ ਦਾ ਇਤਿਹਾਸ, ਬਲੀਦਾਨ ਵੇਦੀ , ਅਜ਼ਾਦ ਹਿੰਦ ਫੌਜ ਦੀਆਂ ਪੈੜਾਂ, ਚਾਰੋਂ ਤਰਫ਼ ਪਾਣੀ ਹੀ ਪਾਣੀ, ਕੁਦਰਤ ਨਾਲ ਇਕ-ਮਿਕ ਅਤੇ ਦਿਲਕਸ਼ ਬੀਚਾਂ ਦੀ ਧਰਤੀ ਹੈ: ਅੰਡੇਮਾਨ ਨਿਕੋਬਾਰ। ਪੰਜਾਬੀ ਸਾਹਿਤ ਵਿੱਚ ਆਪਣਾ ਇੱਕ ਨਿਵੇਕਲਾ ਸਥਾਨ ਰੱਖਣ ਵਾਲੇ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਮੇਰੇ ਪਸੰਦੀਦਾ ਕਵੀ ਰਹੇ ਹਨ। ਸਕੂਲ ਸਮੇਂ ਤੋਂ ਹੀ ਉਨ੍ਹਾਂ ਦੀ ਕਵਿਤਾਵਾਂ ਖਾਸਕਰ ‘ਵਗਦੇ ਪਾਣੀ’ ਦੀ ਮੇਰੇ ਦਿਲ ਦਿਮਾਗ਼ ਉਪਰ ਗਹਿਰੀ ਛਾਪ ਉਕਰੀ ਹੋਈ ਹੈ। ਉਨ੍ਹਾਂ ਦੇ ਨਾਮ ਨਾਲ ਲੱਗੇ ਤਖੱਲਸ ‘ਕਾਲੇਪਾਣੀ’ ਨੇ ਇਸ ਧਰਤੀ ਵੱਲ ਹਮੇਸ਼ਾ ਆਕਰਸ਼ਕ ਕੀਤਾ, ਫਿਰ ਜਿਵੇਂ-ਜਿਵੇ ਉਨ੍ਹਾਂ ਬਾਰੇ ਹੋਰ ਪੜਿਆ-ਜਾਣਿਆ ਤਾਂ ਕਾਲੇਪਾਣੀਆਂ ਦਾ ਰਹੱਸ ਖੁੱਲਦਾ ਗਿਆ।

ਅੱਜ ਵੀ ਕਾਲੇਪਾਣੀਆਂ ਦਾ ਨਾਮ ਸੁਣਦੇ ਹੀ ਹਰ ਕਿਸੇ ਦੇ ਜ਼ੀਹਨ ਵਿੱਚ ਸੈਲੂਲਰ ਜੇਲ ਦੀਆਂ ਉਹ ਕਾਲ-ਕੋਠਰੀਆ ਆ ਜਾਂਦੀਆਂ ਹਨ ਜਿੰਨਾ ਵਿੱਚ ਸਾਡੇ ਦੇਸ਼ ਦੇ ਸੁੰਤਤਰਤਾ ਸੰਗਰਾਮੀਆ ਨੂੰ ਬੜੇ ਹੀ ਬਦਤਰ ਹਾਲਾਤਾਂ ਵਿੱਚ ਰੱਖਿਆ ਜਾਂਦਾ ਸੀ। ਹੁਣ ਜਦੋਂ ਪਿਛਲੇ ਮਹੀਨੇ ਉਸ ਟਾਪੂਆਂ ਦੀ ਧਰਤੀ ਤੇ ਜਾਣ ਦਾ ਸਬੱਬ ਬਣਿਆ ਤਾਂ ਪੰਜਾਬੀ ਖਾਸਕਰ ਸਿੱਖ ਭਾਈਚਾਰੇ ਵਲੋਂ ਦੇਸ਼ ਦੀ ਅਜ਼ਾਦੀ ਲਈ ਪਾਏ ਅਮੁੱਲ ਯੋਗਦਾਨ ਅਤੇ ਉੱਥੋ ਵਸਦੇ ਸਿੱਖ ਭਾਈਚਾਰੇ ਦੇ ਸਰੋਕਾਰਾਂ ਬਾਰੇ ਲਿਖਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਇਸ ਲਿਖਤ ਰਾਹੀ ਤੁਹਾਡੇ ਨਾਲ ਸਾਝੀ ਕਰਨ ਜਾ ਰਿਹਾ ਹਾਂ। ਉਮੀਦ ਹੈ ਤੁਸੀਂ ਪਸੰਦ ਕਰੋਗੇ..

ਭੂਗੋਲਿਕ ਤੌਰ ‘ਤੇ ਭਾਰਤੀ ਮੁੱਖ ਭੂਮੀ ਦੇ ਪੂਰਬ ਵਿੱਚ ਸਥਿਤ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਬੰਗਾਲ ਦੀ ਖਾੜੀ ‘ਚ ਛੋਟੇ-ਵੱਡੇ 572 ਟਾਪੂ ਹਨ। ਜਿੰਨਾ ਚੋਂ 36 ਤੇ ਹੀ ਆਬਾਦੀ ਵਸਦੀ ਹੈ। ਅੰਡੇਮਾਨ ਅਤੇ ਨਿਕੋਬਾਰ ਨੂੰ ਪੰਜਾਬ ਤੋਂ ਜਾਣਾ ਕਿਸੇ ਵਿਦੇਸ਼ੀ ਫੇਰੀ ਤੋਂ ਘੱਟ ਨਹੀਂ ਕਿਉਂਕਿ ਦਿਲੀ ਤੋਂ ਤਕਰੀਬਨ ਪੰਜ ਘੰਟੇ ਦੀ ਪੋਰਟ ਬਲੇਅਰ ਹਵਾਈ ਅੱਡੇ ਤੱਕ ਦੀ ਫਲੈਟ ਹੈ। ਇਸ ਵਿੱਚ ਕਲਕੱਤੇ ਹਵਾਈ ਅੱਡੇ ਤੇ ਅੱਧੇ ਕੁ ਘੰਟੇ ਦੀ ਠਹਿਰ ਵੀ ਸ਼ਾਮਿਲ ਹੈ। ਦਿੱਲੀ ਤੋਂ ਪੋਰਟ ਬਲੇਅਰ 2485 ਕਿਲੋਮੀਟਰ ਦੀ ਹਵਾਈ ਦੂਰੀ ਤੇ ਸਥਿਤ ਹੈ।

ਕਾਲਪਾਣੀਆਂ ਦੀ ਧਰਤੀ ਵਿਖੇ ਤਰਸ ਅਤੇ ਰਹਿਮ ਦੇ ਮੁਜੱਸਮੇ ਦੀਵਾਨ ਸਿੰਘ ਕਾਲੇਪਾਣੀ ਨੂੰ ਸਿਜਦਾ ਕਰਨ ਦਾ ਵਿਚਾਰ ਜਦੋ ਆਪਣੇ ਦੋਸਤਾਂ(ਨਰਿੰਦਰ ਪਾਲ ਸਿੰਘ, ਰਵਿੰਦਰ ਸਿੰਘ, ਜਤਿੰਦਰ ਮੋਹਨ, ਕਰਨੈਲ ਸਿੰਘ ਅਤੇ ਗੁਰਦੇਵ ਸਿੰਘ) ਨਾਲ ਸਾਂਝਾ ਕੀਤਾ ਤਾਂ ਸਭ ਨੇ ਸੁਣਦੇ ਸਾਰ ਹੀ ਹਾਮੀ ਭਰ ਦਿੱਤੀ। ਸਭ ਤੋਂ ਪਹਿਲਾਂ ਪੋਰਟ ਬਲੇਅਰ ਏਅਰੋਪਟ ਪਹੁੰਚ ਕੇ ਅਸੀਂ ਸਾਰੇ ਗੁਰਦੁਆਰਾ ਡਾ. ਦੀਵਾਨ ਸਿੰਘ ਕਾਲੇਪਾਣੀ ਵਿਖੇ ਨਤਮਸਤਕ ਹੋਏ। ਉਹ ਦਿਨ ਜਨਵਰੀ ਮਹੀਨੇ ਦਾ ਆਖਰੀ ਐਤਵਾਰ ਸੀ। ਉੱਥੇ ਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਰਾਹੁਲ ਸਿੰਘ ਜੀ ਨੇ ਦੱਸਿਆ ਕਿ ਹਰ ਮਹੀਨੇ ਦੇ ਆਖਰੀ ਐਤਵਾਰ ਇੱਥੋ ਨਜਦੀਕ ਹੀ ਪੁਲਿਸ ਗੁਰਦੁਆਰਾ ਵਿਖੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਜਿਸ ਵਿੱਚ ਆਪਣੇ ਪੰਜਾਬੀ ਭਾਈਚਾਰੇ ਦੀ ਸੰਗਤ ਹੁੰਮ-ਹੁੰਮਾ ਕੇ ਪਹੁੰਚਦੀ ਹੈ। ਮੇਰੇ ਲਈ ਇਹ ਗੱਲ ਸੋਨੇ ਤੇ ਸੁਹਾਗੇ ਵਾਲੀ ਸੀ, ਕਿਉਂਕਿ ਯਾਤਰਾ ਦੇ ਪਹਿਲੇ ਹੀ ਦਿਨ ਸਮੁੱਚੇ ਭਾਈਚਾਰਾ ਨਾਲ ਗੁਰੂ-ਘਰ ਵਿਖੇ ਮੇਲ-ਮਿਲਾਪ ਹੋਣਾ ਇਸ ਤੋਂ ਵੱਧ ਖੁਸ਼ੀ ਦੀ ਕੀ ਗੱਲ ਹੋ ਸਕਦੀ ਸੀ? ਇਕ ਅੰਦਾਜੇ ਮੁਤਾਬਕ ਇੱਥੇ 1500 ਦੇ ਕਰੀਬ ਸਿੱਖ ਅਬਾਦੀ ਵਸਦੀ ਹੈ।

ਪੁਲਿਸ ਗੁਰਦੁਆਰਾ ਪੋਰਟ ਬਲੇਅਰ: ਇਹ ਨਾਮ ਹੋਂਦ ਵਿੱਚ ਆਇਆ ਕਿਉਂਕਿ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਉਸ ਸਮੇਂ ਬਰਤਾਨਵੀ ਅੰਡੇਮਾਨ ਅਤੇ ਨਿਕੋਬਾਰ ਪੁਲਿਸ ਵਿਭਾਗ ਦੁਆਰਾ ਕੀਤਾ ਗਿਆ ਸੀ। ਬ੍ਰਿਟਿਸ਼ ਰਾਜ ਸਮੇਂ ਇੱਥੇ ਬਹੁਤ ਸਾਰੇ ਭਾਰਤੀ ਪੁਲਿਸ ਕਰਮਚਾਰੀ ਵਜੋਂ ਤਾਇਨਾਤ ਸਨ। ਭਾਰਤੀਆਂ ਦਾ ਵਿਸ਼ਵਾਸ ਜਿੱਤਣ ਲਈ ਅੰਗਰੇਜ਼ਾਂ ਨੇ ਇਹ ਧਾਰਮਿਕ ਸੰਸਥਾਵਾਂ ਬਣਾਉਣ ਦਾ ਫੈਸਲਾ ਕੀਤਾ। ਸਭ ਤੋਂ ਅਫਸੋਸਜਨਕ ਗੱਲ ਇਹ ਸੀ ਕਿ ਉਸ ਸਮੇਂ ਇਸ ਗੁਰਦੁਆਰੇ ਵਿੱਚ ਆਮ ਸਿੱਖਾਂ ਦੇ ਜਾਨ ਤੇ ਮਨਾਹੀ ਸੀ। ਪਰੰਤੂ ਹੁਣ ਅਜਿਹਾ ਕੁੱਝ ਵੀ ਨਹੀਂ ਹੈ। ਮੋਜੂਦਾ ਸਮੇਂ ਸਿੱਖ ਪੰਥ ਦੇ ਦਿਨ-ਤਿਉਹਾਰ ਪੁਲਿਸ ਗੁਰਦੁਆਰਾ ਸਾਹਿਬ ਵਿਖੇ ਸਥਾਨਕ ਸਿੱਖ ਅਤੇ ਹੋਰ ਭਾਈਚਾਰਿਆਂ ਵਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ।

ਗੁਰਦੁਆਰਾ ਡਾ. ਦੀਵਾਨ ਸਿੰਘ ਕਾਲੇਪਾਣੀ: ਗੁਰੂ ਨਾਨਕ ਦੇ ਘਰ ਜਿੱਥੋ ਅਵਾਜ਼ ਆਉਂਦੀ ਹੈ ਕਿ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।” ਉਸ ਦਰ(ਪੁਲਿਸ ਗੁਰਦੁਆਰਾ) ਤੇ ਇਸ ਤਰ੍ਹਾਂ ਦੇ ਭੇਦਭਾਵ ਹੋ ਰਿਹਾ ਹੋਵੇ ਤਾਂ ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੇ ਨੇਕ ਇਨਸਾਨ ਦਾ ਨਿਰਾਸ਼ ਅਤੇ ਦੁੱਖੀ ਹੋਣਾ ਸੁਭਾਵਿਕ ਹੀ ਸੀ ਸੋ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਨਾਲ ਰਲ-ਮਿਲ ਕੇ ਨਵੇਂ ਗੁਰਦੁਆਰਾ ਸਾਹਿਬ ਜੀ ਦੀ ਨੀਂਹ 15 ਅਗਸਤ 1937 ਵਿੱਚ ਰੱਖੀ, ਪਹਿਲਾਂ ਇਸਨੂੰ ‘ਨਵਾਂ ਗੁਰਦੁਆਰਾ’ ਕਿਹਾ ਜਾਂਦਾ ਸੀ। ਮੌਜੂਦਾ ਸਮੇਂ ਇਹ ਗੁਰਦੁਆਰਾ ਡਾ. ਦੀਵਾਨ ਸਿੰਘ ਕਾਲੇਪਾਣੀ ਨਾਮ ਨਾਲ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ। ਸ਼ਾਇਦ, ਇਹ ਪਹਿਲਾ ਅਤੇ ਆਖਰੀ ਗੁਰਦੁਆਰਾ ਹੀ ਹੈ, ਜਿਸਦਾ ਨਾਮ ਸਿੱਖ ਗੁਰੂਆਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਗੁਰਦੁਆਰਾ ਇੱਕ ਵਿਲੱਖਣ ਕਮੇਟੀ ਦੁਆਰਾ ਚਲਾਇਆ ਜਾਂਦਾ ਸੀ ਜਿਸ ਵਿੱਚ ਸਾਰੇ ਧਰਮਾਂ ਦੇ 25 ਮੈਂਬਰ ਸਨ।

ਇਸ ਵਿੱਚ 12 ਸਿੱਖ, 10 ਹਿੰਦੂ, 2 ਮੁਸਲਮਾਨ ਅਤੇ 1 ਈਸਾਈ ਸ਼ਾਮਲ ਸੀ। ਮੋਜੂਦਾ ਸਮੇਂ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸਵਰਣ ਸਿੰਘ ਜੀ ਹਨ। ਗੁਰਦੁਆਰਾ ਵਿੱਚ ਲੰਗਰ ਹਾਲ ਅਤੇ ਸੰਗਤ ਦੀ ਰਿਹਾਇਸ਼ ਲਈ ਕਮਰੇ ਉਪਲਬਧ ਹਨ। ਗੁਰਦੁਆਰਾ ਲੋਹੇ ਦੇ ਥੰਮ੍ਹਾਂ ਦੀ ਨੀਂਹ ਉੱਤੇ ਲੱਕੜ ਨਾਲ ਬਣਾਇਆ ਗਿਆ ਹੈ। ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਆਦਮਕੱਦ ਬੁੱਤ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਸੜਕ ਦੇ ਦੁਜੇ ਪਾਸੇ ਖਾਲਸਾ ਸਕੂਲ ਵਲ ਸੋਸ਼ੋਬਿਤ ਕੀਤਾ ਗਿਆ ਹੈ। ਇਹ ਗੁਰਦੁਆਰਾ ਐਬਰਡੀਨ ਬਾਜ਼ਾਰ ਵਿੱਚ ਸਥਿਤ ਹੈ। ਇਹ ਗੁਰਦੁਆਰਾ ਸਾਹਿਬ ਅਗਲੇ ਕੁੱਝ ਸਾਲਾਂ ਵਿੱਚ ਆਪਣੀ ਸਥਾਪਨਾ ਦਾ ਇਕ ਸਦੀ ਦਾ ਸਫਰ ਤੈਅ ਕਰਨ ਦੇ ਰਾਹ ਤੇ ਹੈ। ਇਸ ਤੋਂ ਇਲਾਵਾਂ ਗੁਰਦੁਆਰਾ ਮਿੰਨੀ ਬੇ ਅਤੇ ਐਮਈਐਸ ਗੁਰਦੁਆਰਾ ਹਾਡੂ ਵੀ ਪੋਰਟ ਬਲੇਅਰ ਵਿੱਚ ਸਿੱਖ ਭਾਈਚਾਰੇ ਦੀ ਆਸਥਾ ਦੇ ਮੁੱਖ ਅਸਥਾਨ ਹਨ।

ਬਲੀਦਾਨ ਵੇਦੀ ਹਫਰੀਗੰਜ: ਪੁਲਿਸ ਗੁਰਦੁਆਰਾ ਪਹੁੰਚ ਕੇ ਪੰਜਾਬੀ ਭਾਈਚਾਰੇ ਨੂੰ ਮਿਲ ਕੇ ਅਥਾਹ ਖੁਸ਼ੀ ਪ੍ਰਾਪਤ ਹੋਈ। ਉੱਥੇ ਹੀ ਹਰਜਿੰਦਰ ਸਿੰਘ ਅਤੇ ਸਰਨ ਸਿੰਘ ਨਾਲ ਮੇਲ ਹੋਇਆ ਉਨ੍ਹਾਂ ਦੱਸਿਆ ਕਿ ਕਲ 30 ਜਨਵਰੀ ਨੂੰ ਇੱਥੋ ਤਕਰੀਬਨ 18 ਕਿਲੋਮੀਟਰ ਦੂਰ ਬਲੀਦਾਨ ਵੇਦੀ ਹੰਫਰੀਗਜ ਵਿਖੇ 30 ਜਨਵਰੀ 1944 ਨੂੰ ਜਪਾਨੀਆਂ ਵਲੋਂ ਸ਼ਹੀਦ ਕੀਤੇ ਗਏ ਸ਼ਹੀਦ ਸੂਰਬੀਰਾਂ ਦੀ ਯਾਦ ਵਿੱਚ ਸਮਾਗਮ ਹੈ ਤੁਸੀਂ ਉੱਥੇ ਜਰੂਰ ਹਾਜਰੀ ਲਗਾਇਓ। ਜਿਕਰਯੋਗ ਹੈ ਕਿ 30 ਜਨਵਰੀ 1944 ਨੂੰ 44 ਕੈਦੀਆਂ ਨੂੰ ਮੌਤ ਦੀ ਸਜ਼ਾ ਲਈ ਚੁਣਿਆ ਗਿਆ। ਇਨ੍ਹਾਂ ਲੋਕਾਂ ਨੂੰ ਟਰੱਕਾਂ ਵਿੱਚ ਲੱਦ ਕੇ ਹੰਫਰੀਗੰਜ ਨਾਮਕ ਇੱਕ ਸਥਾਨ ਤੇ ਗੋਲੀਆ ਮਾਰ ਕੇ ਕਤਲ ਕਰ ਕੇ ਸਮੂਹਿਕ ਕਬਰ ਵਿੱਚ ਦਫ਼ਨਾਇਆ ਗਿਆ ਸੀ ਜਿਸ ਵਿੱਚ ਬਹੁਗਿਣਤੀ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਤ ਸਨ।

ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਦੁਜੇ ਵਿਸ਼ਵ ਯੁੱਧ ਦੌਰਾਨ 1942 ਵਿੱਚ ਜਪਾਨੀਆਂ ਦਾ ਅੰਡੇਮਾਨ ਨਿਕੋਬਾਰ ਟਾਪੂ ਉਪਰ ਕਬਜ਼ਾ ਹੋ ਚੁੱਕਾ ਸੀ ਅਤੇ ਇਹ ਸਾਰੇ ਸ਼ਹੀਦ ਇੰਡੀਆ ਇੰਡੀਪੈਂਡੈਂਟ ਲੀਗ ਦੇ ਮੈਬਰ ਸਨ। ਜਦੋਂ ਅਸੀ ਉੱਥੇ ਪਹੁੰਚੇ ਤਾਂ ਬਲਿਦਾਨ ਵੇਦੀ ਸ਼ਹੀਦਾਂ ਦੇ ਸਮਾਰਕ ਦੇ ਸਰਪ੍ਰਸਤ ਸ਼੍ਰੀ ਗੌਰੀ ਸ਼ੰਕਰ ਪਾਂਡੇ, ਜਨਰਲ ਸਕੱਤਰ ਸ਼੍ਰੀ ਜੈਵੰਸ਼ ਸ਼ੰਕਰ ਪਾਂਡੇ ਅਤੇ ਹੋਰ ਪ੍ਰਬੰਧਕ ਮੈਬਰਾਂ ਨੇ ਸਾਡਾ ਬੜੀ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੁੱਖ ਮਹਿਮਾਨ ਵਜੋਂ ਉੱਥੋਂ ਦੇ ਮੈਂਬਰ ਪਾਰਲੀਮੈਂਟ ਸ੍ਰੀ ਕੁਲਦੀਪ ਰਾਏ ਸ਼ਰਮਾਂ ਜੀ ਨਾਲ ਮੁਲਾਕਾਤ ਬਹੁਤ ਹੀ ਭਾਵੁਕ ਮਾਹੌਲ ਵਿੱਚ ਹੋਈ। ਇਸ ਮੌਕੇ ਸਰਬ ਧਰਮ ਪ੍ਰਾਰਥਨਾ ਨਾਲ ਸਮੂਹ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ। ਹਰ ਕਿਸੇ ਦੀਆਂ ਅੱਖਾਂ ਨਮ ਸਨ। ਹਜਾਰਾਂ ਮੀਲ ਦੂਰ ਆਪਣੇ ਬਜ਼ੁਰਗਾਂ ਦੇ ਪਾਏ ਪੂਰਨਿਆਂ ਨੂੰ ਜਾ ਕੇ ਅੱਖੀ ਵੇਖਣਾ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕਰਨਾ ਸਾਡੇ ਲਈ ਵੀ ਬਹੁਤ ਭਾਵਪੂਰਤ ਪਲ ਸਨ।

ਸੈਲੂਲਰ ਜੇਲ੍ਹ: ਸੈਲੂਲਰ ਜੇਲ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਇੱਕ ਬ੍ਰਿਟਿਸ਼ ਬਸਤੀਵਾਦੀ ਜੇਲ੍ਹ ਸੀ। ਮੁੱਖ ਭੂਮੀ ਤੋਂ ਅਲੱਗ, ਇਸ ਜੇਲ੍ਹ ਨੂੰ ਕਾਲਾ ਪਾਣੀ ਵੀ ਕਿਹਾ ਜਾਂਦਾ ਹੈ (ਜਿੱਥੇ ਕਾਲ ਦਾ ਅਰਥ ਹੈ ਮੌਤ ਜਾਂ ਸਮਾਂ,ਇਸ ਤਰ੍ਹਾਂ ਕਾਲੇਪਾਣੀ ਦੀ ਜੇਲ ਤੋਂ ਭਾਵ ਮੌਤ ਦਾ ਪਾਣੀ ਜਾਂ ਸਥਾਨ)।ਇਹ ਬਹੁਚਰਚਿਤ ਜੇਲ੍ਹ ਸਮੁੰਦਰ ਤਲ ਤੋਂ ਕੋਈ ਸੱਠ ਫੁੱਟ ਉੱਚੀ ਪਹਾੜੀ ‘ਤੇ ਪੋਰਟ ਬਲੇਅਰ ਵਿੱਚ ਸਥਿਤ ਹੈ। ਹਾਲਾਂਕਿ ਜੇਲ੍ਹ ਕੰਪਲੈਕਸ ਨੂੰ 1896 ਅਤੇ 1906 ਦੇ ਵਿਚਕਾਰ ਬਣਾਇਆ ਗਿਆ ਸੀ ਲੇਕਿਨ ਭਾਰਤ ਵਿੱਚ ਬ੍ਰਿਟਿਸ਼ ਅਧਿਕਾਰੀ 1857 ਦੇ ਭਾਰਤੀ ਵਿਦਰੋਹ ਦੇ ਤੁਰੰਤ ਬਾਅਦ ਦੇ ਦਿਨਾਂ ਤੋਂ ਅੰਡੇਮਾਨ ਟਾਪੂ ਨੂੰ ਇੱਕ ਜੇਲ੍ਹ ਵਜੋਂ ਹੀ ਵਰਤ ਰਹੇ ਸਨ। ਪਹਿਲਾ ਸਜਾ ਦੇਣ ਲਈ ਚੱਠਮ ਅਤੇ ਵਾਈਪਰ ਟਾਪੂਆਂ ਨੂੰ ਵਰਤਿਆ ਜਾਂਦਾ ਸੀ। ਸੰਨ 1883 ਵਿੱਚ ਅੰਗਰੇਜ਼ਾਂ ਦੁਆਰਾ ਇੱਥੇ ਚਠਮ ਆਰਾ ਵੀ ਲਗਾਇਆ ਗਿਆ। ਵਾਈਪਰ ਆਈਲੈਂਡ ਵਿਖੇ ਇੱਕ ਛੋਟਾ ਜਿਹੀ ਜੇਲ੍ਹ ਸੀ ਜਿੱਥੇ ਅੰਗਰੇਜ਼ ਦੋਸ਼ੀਆਂ ਅਤੇ ਰਾਜਨੀਤਿਕ ਕੈਦੀਆਂ ਨੂੰ ਕੈਦ ਕਰਦੇ ਸਨ। ਇਸ ਵਿੱਚ ਇੱਕ ਪਹਾੜੀ ਉੱਤੇ ਫਾਂਸੀ ਦੇ ਤਖ਼ਤੇ ਦੇ ਖੰਡਰ ਹਨ।

1906 ਵਿੱਚ ਸੈਲੂਲਰ ਜੇਲ੍ਹ ਦੇ ਨਿਰਮਾਣ ਤੋਂ ਕਈ ਸਾਲ ਪਹਿਲਾਂ, ਇਹ ਵਾਈਪਰ ਆਈਲੈਂਡ ਦੀ ਜੇਲ੍ਹ ਸੀ ਜਿਸਦੀ ਵਰਤੋਂ ਅੰਗਰੇਜ਼ਾਂ ਦੁਆਰਾ ਸਾਡੇ ਦੇਸ਼ ਦੇ ਦੇਸ਼ਭਗਤਾਂ ‘ਤੇ ਜਬਰ ਅਤੇ ਤਸ਼ਦਦ ਕਰਨ ਲਈ ਕੀਤੀ ਜਾਂਦੀ ਸੀ। ਗੱਲ ਕਰੀਏ ਸੈਲੂਲਰ ਜੇਲ੍ਹ ਦੀ, ਸੋ ਇਸ ਜੇਲ ਦੇ ਸੱਤ ਵਿੰਗ ਸਨ ਅਤੇ ਹਰ ਵਿੰਗ ਤਿੰਨ ਮੰਜਿਲਾ ਸੀ। ਕੈਦੀਆਂ ਨੂੰ ਰੱਖਣ ਲਈ ਇਸ ਵਿੱਚ ਤਕਰੀਬਨ 13*7 ਫੁੱਟ ਦੇ ਅਕਾਰ ਦੇ 693 ਸੈੱਲ ਸਨ। ਹਰ ਇਕ ਵਿੰਗ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇਕ ਵਿੰਗ ਦਾ ਅਗਲਾ ਹਿੱਸਾ ਦੁਜੇ ਦੇ ਪਿਛਲੇ ਪਾਸੇ ਵਲ ਹੋਵੇ ਤਾਂ ਕਿ ਵਿੰਗ ਵਿੱਚ ਕੈਦੀ ਇਕ-ਦੁੱਜੇ ਨੂੰ ਨਾ ਵੇਖ ਸਕਣ ਅਤੇ ਨਾ ਹੀ ਕੋਈ ਗੱਲਬਾਤ ਕਰ ਸਕਣ। ਕੇਂਦਰ ਵਿਚਲੇ ਟਾਵਰ ਨੂੰ ਸਾਰੇ ਸੱਤੇ ਵਿੰਗਾ ਦੇ ਲਾਂਘੇ ਦਾ ਕੇਂਦਰ ਬਿੰਦੂ ਬਣਾਇਆ ਗਿਆ ਸੀ ਤੇ ਇਹ ਗਾਰਡਾਂ ਲਈ ਕੈਦੀਆਂ ਲਈ ਨਜ਼ਰ ਰੱਖਣ ਲਈ ਇਕ ਪੁਆਇੰਟ ਵਜੋਂ ਵਰਤਿਆ ਜਾਂਦਾ ਸੀ। ਇਸ ਥਾਂ ਤੇ ਹੀ ਅਲਾਰਮ ਵਜਾਉਣ ਲਈ ਇਕ ਵੱਡੀ ਘੰਟੀ ਸੀ।

ਮੋਜੂਦਾ ਸਮੇਂ ਇਸ ਜੇਲ੍ਹ ਦੇ ਸੱਤ ਵਿੰਗਾ ਵਿੱਚੋਂ ਸਿਰਫ ਤਿੰਨ ਵਿੰਗ ਅਤੇ ਕੇਂਦਰ ਦਾ ਟਾਵਰ ਹੀ ਬਚਿਆ ਹੈ। 11 ਫਰਵਰੀ 1979 ਨੂੰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੁਆਰਾ ਸੈਲੂਲਰ ਜੇਲ੍ਹ ਨੂੰ ਰਾਸ਼ਟਰੀ ਯਾਦਗਾਰ ਘੋਸ਼ਿਤ ਕੀਤਾ ਗਿਆ ਸੀ। ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਰੋਸ਼ਨੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ।ਕੈਦੀਆਂ ਨੂੰ ਸਜ਼ਾ ਦੇ ਰੂਪ ਵਿੱਚ ਅਕਿਹ ਅਤੇ ਅਸਿਹ ਤਸੀਹੇ ਝੱਲਣੇ ਪੈਂਦੇ ਸਨ। ਕੈਦੀਆਂ ਨੂੰ ਰੋਜ਼ਾਨਾ ਤੀਹ ਪੌਂਡ ਨਾਰੀਅਲ ਦਾ ਤੇਲ ਜਾਂ ਦਸ ਪੌਂਡ ਸਰ੍ਹੋਂ ਦਾ ਤੇਲ ਕੱਢਣ ਦਾ ਟੀਚੇ ਦਿੱਤਾ ਜਾਂਦਾ ਸੀ ਜੋ ਕਿ ਸਭ ਦੀ ਸਰੀਰਕ ਸਮਰੱਥਾ ਤੋਂ ਪਰੇ ਸਨ। ਕੋਟੇ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। ਸਰੀਰਕ ਤਸ਼ੱਦਦ ਅਤੇ ਗਾਰਡਾਂ ਦੁਆਰਾ ਸੰਗਲਾਂ ਨਾਲ ਬੰਨ੍ਹ ਕੇ ਕੋੜੇ ਮਾਰੇ ਜਾਂਦੇ ਸਨ। ਭੋਜਨ ਵੀ ਮਨੁੱਖੀ ਖਾਣ ਦੇ ਯੋਗ ਨਹੀਂ ਹੁੰਦਾ ਸੀ। ਅੰਤ ਵਿੱਚ ਇਕ ਤੋਖਲਾ ਜਿਵੇਂ ਕਿ ਇਤਿਹਾਸ ਵਿੱਚ ਹੁੰਦਾ ਆਇਆ ਹੈ ਕਿ ਪੰਜਾਬੀਆਂ ਖਾਸਕਰ ਸਿੱਖਾਂ ਦੇ ਅਜਾਦੀ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਅਣਗੋਲਿਆ ਹੀ ਕੀਤਾ ਜਾਂਦਾ ਰਿਹਾ ਹੈ। ਇਸ ਹੀ ਸੰਦਰਭ ਵਿੱਚ ਪਿਛਲੇ ਸਮਿਆਂ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਅਤੇ ਪੰਜਾਬ ਸਰਕਾਰ ਦੇ ਵਫਦ ਅੰਡੇਮਾਨ ਨਿਕੋਬਾਰ ਵਿਸ਼ੇਸ਼ ਤੌਰ ਤੇ ਜਾਕੇ ਉੱਚ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ। ਰੋਜ਼ਾਨਾ ਵਿਖਾਏ ਜਾਂਦੇ ਅਵਾਜ਼ ਅਤੇ ਰੋਸ਼ਨੀ ਸ਼ੋਅ ਵਿੱਚ ਵੀ ਪੰਜਾਬੀਆਂ ਦਾ ਨਾਮਾਤਰ ਜਿਕਰ ਹੈ।

ਪਿਛਲੇ ਸਮੇਂ ਵਿੱਚ ਸ੍ਰੋਮਣੀ ਗੁਰਦੁਆਰਾ ਕਮੇਟੀ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਨਾਮ ਉਪਰ ਅੰਡੇਮਾਨ ਵਿੱਚ ਕਿਸੇ ਟਾਪੂ ਦਾ ਨਾਮ ਰੱਖਣ ਦੀ ਮੰਗ ਵੀ ਉਠਾਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਪਿਛਲੇ ਮਹੀਨੇ ਪਰਕਰਮ ਦਿਵਸ ਦੇ ਮੌਕੇ ‘ਤੇ ਇਕ ਸਮਾਰੋਹ ‘ਚ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ 21 ਸਭ ਤੋਂ ਵੱਡੇ ਬੇਨਾਮ ਟਾਪੂਆਂ ਦੇ ਨਾਮ 21 ਪਰਮਵੀਰ ਚੱਕਰ ਪੁਰਸਕਾਰ ਵਿਜੇਤਾਵਾਂ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਮੰਤਰੀ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀਪ ‘ਤੇ ਬਣਾਏ ਜਾਣ ਵਾਲੇ ਨੇਤਾ ਜੀ ਨੂੰ ਸਮਰਪਿਤ ਰਾਸ਼ਟਰੀ ਸਮਾਰਕ ਦੇ ਮਾਡਲ ਦਾ ਵੀ ਉਦਘਾਟਨ ਕੀਤਾ, ਜਿਸ ਨੂੰ ਪਹਿਲਾਂ ਰੌਸ ਆਈਲੈਂਡਜ਼ ਵਜੋਂ ਜਾਣਿਆ ਜਾਂਦਾ ਸੀ। ਅਸੀਂ ਇਨ੍ਹਾਂ ਫੈਸਲਿਆਂ ਦਾ ਸਵਾਗਤ ਕਰਦੇ ਹਾਂ ਪਰੰਤੂ ਨਾਲ ਹੀ ਡਾ. ਦੀਵਾਨ ਸਿੰਘ ਕਾਲੇਪਾਣੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਭਾਰਤ ਸਰਕਾਰ ਨੂੰ ਅਜਿਹੇ ਹੀ ਕਦਮ ਉਠਾਉਣ ਦੀ ਪੁਰਜੋਰ ਬੇਨਤੀ ਕਰਦੇ ਹਾਂ।

ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ: ਗੁਰਦੁਆਰਾ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਬਿਲਕੁਲ ਸਾਹਮਣੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਥਿਤ ਹੈ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਸਰਬਜੀਤ ਕੌਰ ਅਤੇ ਸਮੂਹ ਸਟਾਫ਼ ਨੇ ਸਾਨੂੰ ਖਿੜੇ ਮੱਥੇ ਜੀ ਆਇਆਂ ਕਿਹਾ। ਵਿਦਿਆਰਥੀਆਂ ਦੀ ਸਵੇਰ ਦਾ ਸਭਾ ਵਿੱਚ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਬੋਲਣ ਦਾ ਵੀ ਮੌਕਾ ਦਿੱਤਾ ਗਿਆ। ਸਕੂਲ ਵਿੱਚ ਇਸ ਸਮੇਂ 700 ਦੇ ਕਰੀਬ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਜਿੰਨਾ ਵਿੱਚ ਵੱਡੀ ਗਿਣਤੀ ਬੰਗਾਲੀ ਅਤੇ ਤਾਮਿਲ ਵਿਦਿਆਰਥੀਆਂ ਦੀ ਹੈ। ਹੈਰਾਨੀ ਅਤੇ ਖੁਸ਼ੀ ਇਸ ਗੱਲ ਦੀ ਹੋਈ ਕਿ ਸਕੂਲ ਵਿੱਚ ਪੰਜਾਬੀ ਬੋਲੀ ਨੂੰ ਤੀਜੀ ਭਾਸ਼ਾ ਦੇ ਰੂਪ ਵਿੱਚ ਬਾਖੂਬੀ ਪੜਾਇਆ ਜਾ ਰਿਹਾ ਹੈ। ਬੰਗਾਲੀ ਅਤੇ ਤਾਮਿਲ ਪਿਛੋਕੜ ਵਾਲੇ ਵਿਦਿਆਰਥੀਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਕੇ ਮਨ ਨੂੰ ਤਸੱਲੀ ਹੋਈ ਕਿ ਪੰਜਾਬੀਆਂ ਜੁਬਾਨੇ ਹਾਲੇ ਹੈ ਤੇਰੇ ਆਸ਼ਿਕ ਜਿਹੜੇ ਤੇਰੀ ਚੜਦੀ ਕਲਾਂ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਖਾਲਸਾ ਪਬਲਿਕ ਸਕੂਲ ਦੀ ਸਥਾਪਨਾ 14 ਅਪ੍ਰੈਲ 1999 ਨੂੰ ਕੀਤੀ ਗਈ ਸੀ। 2017-18 ਵਿੱਚ ਸਾਇੰਸ ਸਟਰੀਮ ਨਾਲ ਸਕੂਲ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅੱਪਗ੍ਰੇਡ ਕੀਤਾ ਗਿਆ ਹੈ। ਇਸ ਸਮੇਂ ਸਕੂਲ ਪ੍ਰਸ਼ਾਸ਼ਨ ਦੀ ਅਗਵਾਈ ਵਿੱਚ ਸ: ਸੁਰਿੰਦਰ ਸਿੰਘ ਚੰਨੀ ਚੇਅਰਮੈਨ ,ਸ. ਹਰਦਿੰਦਰ ਸਿੰਘ ਪਾਬਲਾ ਮੀਤ ਚੇਅਰਮੈਨ, ਡਾ.(ਮਿਸ) ਸਰਬਜੀਤ ਕੌਰ ਜਗਪਾਲ ਬਤੌਰ ਪ੍ਰਿੰਸੀਪਲ, ਸ. ਰਣਜੀਤ ਸਿੰਘ ਸੰਯੁਕਤ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ ।

ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਕੰਪਿਊਟਰ ਅਤੇ ਲਾਇਬ੍ਰੇਰੀ ਸ਼ਾਮਲ ਹਨ। ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ਲਈ ਕਈ ਤਰ੍ਹਾਂ ਦੀਆਂ ਕਿਤਾਬਾਂ, ਅਖਬਾਰਾਂ ਅਤੇ ਮੈਗਜ਼ੀਨ ਨਾਲ ਸਜੀ ਹੋਈ ਲਾਇਬ੍ਰੇਰੀ ਸਥਾਪਿਤ ਹੈ। ਨੈਤਿਕ ਗੁਣਾਂ ਅਧਾਰਤ ਸਿੱਖਿਆ ਪ੍ਰਦਾਨ ਕਰਨ ਹੀ ਖਾਲਸਾ ਸਕੂਲ ਦਾ ਮੁੱਖ ਟੀਚਾ ਹੈ। ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਵਿਦਿਆਰਥੀ ਵੱਧ-ਚੜ ਕੇ ਭਾਗ ਲੈਂਦੇ ਹਨ। ਬਹੁਤ ਸਾਰੀਆਂ ਇੰਟਰ-ਹਾਊਸ ਅਤੇ ਇੰਟਰ-ਸਕੂਲ ਗਤੀਵਿਧੀਆਂ ਹੁੰਦੀਆਂ ਹਨ ਜਿਸ ਵਿੱਚ ਵਿਦਿਆਰਥੀ ਬਹਿਸ, ਕੁਇਜ਼, ਸੰਗੀਤ, ਕਵਿਤਾ, ਪਾਠ ਅਤੇ ਲੇਖ ਮੁਕਾਬਲੇ ਵਿੱਚ ਹਿੱਸਾ ਲੈਂਦੇ ਹਨ। ਗੁਰਪੁਰਬ ਮੌਕੇ ਵਿਦਿਆਰਥੀ ਗੁਰਦੁਆਰਾ ਦੀਵਾਨ ਸਿੰਘ ਕਾਲੇਪਾਣੀ ਵਿਖੇ ਆਪਣੀ ਹਾਜਰੀ ਵੀ ਲਗਵਾਉਂਦੇ ਹਨ। 2 ਅਗਸਤ 2012 ਨੂੰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੀ ਅੰਡੇਮਾਨ ਫ਼ੇਰੀ ਦੌਰਾਨ ਸਕੂਲ ਦੀ ਨਵੀਂ ਇਮਾਰਤ ਲਈ ਆਰਥਿਕ ਸਹਾਇਤਾ ਵੀ ਜਾਰੀ ਕੀਤੀ ਸੀ। 2 ਅਗਸਤ 2012 ਨੂੰ ਹੀ ਆਪ ਜੀ ਨੇ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਜੀ ਦਾ ਆਦਮ ਕੱਦ ਬੁੱਤ ਵੀ ਦਾ ਵੀ ਉਦਘਾਟਨ ਆਪਣੀ ਹੱਥੀ ਕੀਤਾ ਸੀ। ਹੁਣ ਵੀ ਸਕੂਲ ਮੈਨੇਜਿੰਗ ਕਮੇਟੀ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪਣੇ ਭਵਿੱਖ ਦੀਆਂ ਯੋਜਨਾਵਾਂ ਲਈ ਆਸ ਲਗਾਈ ਬੈਠੀ ਹੈ। ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੋਰਟ ਬਲੇਅਰ ਵਿਖੇ ਖਾਲਸਾ ਗਰਲਜ਼ ਕਾਲਜ ਉਸਾਰਨ ਦੀ ਮੁੱਖ ਯੋਜਨਾ ਸ਼ਾਮਿਲ ਹੈ।

ਪੰਜਾਬੀ ਢਾਬਾਂ: ਪੰਜਾਬੀ ਜਿੱਥੇ ਆਪਣੀ ਮਿਹਨਤੀ ਅਤੇ ਬਹਾਦਰੀ ਭਰੇ ਸੁਭਾਅ ਲਈ ਦੁਨੀਆਂ ਭਰ ਵਿੱਚ ਪ੍ਰਸਿੱਧ ਹਨ। ਉਥੇ ਹੀ ਖੁਲਾ ਖਾਣ-ਪੀਣ ਦੇ ਸ਼ੋਕੀਨ ਵੀ ਮੰਨੇ ਜਾਂਦੇ ਹਨ। ਅੰਡੇਮਾਨ ਵਿੱਚ ਵੀ ਪੰਜਾਬੀ ਢਾਬਾਂ ਅਜਿਹੀ ਹੀ ਗਵਾਹੀ ਭਰਦਾ ਹੈ। ਇਸ ਢਾਬੇ ਉਪਰ ਪੰਜਾਬੀਆਂ ਦੇ ਨਾਵ-ਨਾਲ ਹਰ ਵਰਗ ਦੇ ਲੋਕ ਆ ਕੇ ਸ਼ੁੱਧ ਸਾਕਾਹਾਰੀ ਭੋਜਨ ਦਾ ਸੁਆਦ ਚੱਖਦੇ ਹਨ। ਇਸ ਢਾਬੇ ਦੇ ਮਾਲਕ ਪੰਜਾਬ ਦੇ ਗੁਰਦਾਸਪੁਰ ਤੋਂ ਪਿਛੋਕੜ ਰੱਖਣ ਵਾਲੇ ਸਰਦਾਰ ਸੁਖਦੇਵ ਸਿੰਘ ਸੰਧੂ ਜੀ ਹਨ।

ਕੈਂਪਬੈਲ ਬੇ: ਸਰਦਾਰ ਤਾਰਾ ਸਿੰਘ ਪਾਬਲਾ ਜੀ ਇਕ ਅਜਿਹਾ ਨਾਮ ਹੈ ਜਿੰਨਾ ਨੇ ਗਰੇਟ ਨਿਕੋਬਾਰ ਵਿੱਚ ਕੇਂਦਰ ਸਰਕਾਰ ਵਲੋਂ 1969 ਵਿੱਚ ਵਸਾਏ ਸਾਬਕਾ ਸਿੱਖ ਫੌਜੀ ਪਰਿਵਾਰਾਂ ਬਾਰੇ ਕਾਫੀ ਖੋਜ ਕੀਤੀ ਹੈ। ਇੰਡੋਨੇਸ਼ੀਆ ਵਿੱਚ ਸਬੰਗ ਟਾਪੂ ਤੋਂ 140 ਕਿਲੋਮੀਟਰ ਤੋਂ ਵੱਧ ਦੂਰ ਅਤੇ ਮਿਆਂਮਾਰ ਤੋਂ 640 ਕਿਲੋਮੀਟਰ ਦੂਰ ਸਥਿਤ, ਕੈਂਪਬੈਲ ਬੇ ਇੱਕ ਰਣਨੀਤਕ ਤੌਰ ‘ਤੇ ਮਹੱਤਵਪੂਰਨ ਟਾਪੂ ਹੈ ਜੋ ਭਾਰਤੀ ਮੁੱਖ ਭੂਮੀ ਤੋਂ ਘੱਟੋ-ਘੱਟ 1,250 ਕਿਲੋਮੀਟਰ ਦੂਰ ਸਥਿਤ ਹੈ। ਸਰਕਾਰ ਨੂੰ ਇਸ ਰਣਨੀਤਕ ਤੌਰ ‘ਤੇ ਮਹੱਤਵਪੂਰਨ ਟਾਪੂ ‘ਤੇ ਘੁਸਪੈਠੀਆਂ ਅਤੇ ਤਸਕਰਾਂ ਦਾ ਪੱਕੇ ਤੌਰ ‘ਤੇ ਕਬਜ਼ਾ ਕਰਨ ਦਾ ਡਰ ਮੌਜੂਦ ਸੀ। ਇੱਥੇ ਭਾਰਤੀਆਂ ਦੀ ਸ਼ਕਤੀਸ਼ਾਲੀ ਮੌਜੂਦਗੀ ਸਥਾਪਤ ਕਰਨ ਲਈ, ਪੰਜਾਬ ਤੋਂ ਸੇਵਾਮੁਕਤ ਬਹਾਦਰ ਸੈਨਿਕਾਂ ਨੂੰ ਮੁੜ ਵਸੇਬੇ ਦੀ ਪੇਸ਼ਕਸ਼ ਕੀਤੀ ਗਈ ਸੀ।

ਨਤੀਜੇ ਵਜੋਂ, ਸਰਕਾਰ ਨੇ 1969 ਵਿੱਚ ਪਾਇਲਟ ਰੀਸੈਟਲਮੈਂਟ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਵਿੱਚ ਸਰਕਾਰ ਨੇ ਕੈਂਪਬੈਲ ਬੇ ਵਿੱਚ ਸ਼ਿਫਟ ਹੋਣ ਲਈ ਸਵੈਇੱਛੁਕ ਤੌਰ ‘ਤੇ ਹਰ ਸਿਪਾਹੀ ਦੇ ਪਰਿਵਾਰ ਲਈ 14.5 ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ। ਦੱਸਣਯੋਗ ਹੈ ਕਿ ਪੰਜਾਬੀ ਸਿੱਖਾਂ ਨੇ ਮੁਸ਼ਕਿਲ ਹਾਲਾਤਾਂ ਨਾਲ ਦੇ-ਚਾਰ ਹੁੰਦੇ ਹੋਏ ਇਸ ਇਲਾਕੇ ਨੂੰ ਅਬਾਦ ਕੀਤਾ। ਪਰੰਤੂ ਅਣਹੋਣੀ ਦਸੰਬਰ 2004 ਦੀ ਸੁਨਾਮੀ ਨੇ ਬਹੁਤ ਕਹਿਰ ਢਾਇਆ ਅਤੇ ਜਾਨ-ਮਾਲ ਦਾ ਵੱਡੀ ਗਿਣਤੀ ਵਿੱਚ ਨੁਕਸਾਨ ਹੋਇਆ। ਗੁਰਦੁਆਰਾ ਸਿੰਘ ਸਭਾ ਕੈਂਪਬੈਲ , ਇਸ ਟਾਪੂ ਵਿੱਚ ਵਸੇ ਪੰਜਾਬੀਆਂ ਦੀ ਸ਼ਰਧਾ ਦਾ ਮੁੱਖ ਕੇਂਦਰ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਹੀ ਇਨ੍ਹਾਂ ਪੰਜਾਬੀ ਸਿੱਖ ਪਰਿਵਾਰਾਂ ਦੇ ਨਾਮ ਵੀ ਪੱਥਰ ਉਪਰ ਉਕਰੇ ਗਏ ਹਨ ਜੋ 1969 ਵਿੱਚ ਇੱਥੇ ਆ ਵੱਸੇ ਸਨ। ਕੈਂਪਬੈਲ ਬੇ ਟਾਪੂ ਦਾ ਨਾਮ ਬਦਲ ਕੇ ਪੰਜਾਬੀ ਟਾਪੂ ਰੱਖਣ ਦੀ ਮੰਗ ਵੀ ਉਠਦੀ ਰਹੀ ਹੈ।

ਇਸ ਯਾਤਰਾ ਦੌਰਾਨ ਸਾਡਾ ਮੇਲ ਪੋਰਟ ਬਲੇਅਰ ਅਤੇ ਪੰਜਾਬੀ ਭਾਈਚਾਰੇ ਵਿੱਚ ਚੰਗਾ ਰੁਤਬਾ ਰੱਖਣ ਵਾਲੇ ਸਰਦਾਰ ਦਲਜਿੰਦਰ ਸਿੰਘ ਤੂਰ ਜੀ ਨਾਲ ਹੋਇਆ। ਉਨ੍ਹਾਂ ਨੇ ਸਾਡਾ ਦਿਲ ਖੋਲ੍ਹ ਕੇ ਆਪਣੇ ਨਿਵਾਸ ਸਥਾਨ ਉਪਰ ਸਵਾਗਤ ਕੀਤਾ। ਅੰਡੇਮਾਨ ਵਿੱਚ ਸਿੱਖਾਂ ਦੀ ਆਮਦ ਅਤੇ ਸਿੱਖਾਂ ਅਤੇ ਪੰਜਾਬੀਆਂ ਦੇ ਸਰੋਕਾਰਾਂ ਬਾਰੇ ਉਨ੍ਹਾਂ ਤੋਂ ਬੜੀ ਹੀ ਮਹੱਤਵਪੂਰਣ ਜਾਣਕਾਰੀ ਮਿਲੀ। ਮੌਜੂਦਾ ਸਮੇਂ ਸਿੱਖ ਭਾਈਚਾਰੇ ਨੂੰ ਚੁਣੋਤੀਆਂ ਵੀ ਭਰਪੂਰ ਹਨ ਜਿੰਨਾ ਵਿੱਚ ਰੋਜਗਾਰ ਅਤੇ ਨਵੀਂ ਪੀੜੀ ਦੇ ਵਿਆਹ-ਸ਼ਾਦੀ ਕਰਨ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਆਬਾਦੀ ਘਟਣ ਨਾਲ ਯੋਗ ਮੁੰਡੇ-ਕੁੜੀ ਲਈ ਰਿਸ਼ਤਾ ਲੱਭਣ ਵਿੱਚ ਸਮੱਸਿਆ ਆ ਰਹੀ ਹੈ। ਪੰਜਾਬ ਵਿੱਚ ਰਿਸ਼ਤੇਦਾਰਾਂ ਦੇ ਸੁੱਖ-ਦੁੱਖ ਵਿੱਚ ਕਈ ਵਾਰ ਚਾਹੁੰਦੇ ਹੋਏ ਵੀ ਨਾ ਪਹੁੰਚ ਸਕਣ ਦੀ ਮਜਬੂਰੀ ਵੀ ਉਨ੍ਹਾਂ ਨੂੰ ਡਾਢਾ ਪਰੇਸ਼ਾਨ ਕਰਦੀ ਹੈ। ਅੰਤ ਵਿੱਚ ਅੰਡੇਮਾਨ ਦੀਆਂ ਫਿਜਾਵਾਂ ਵਿੱਚ ਆਪਣਿਆਂ ਪੁਰਖਿਆਂ ਦੇ ਪਾਏ ਪੂਰਨਿਆਂ ਨੂੰ ਸਿਜਦਾ ਕਰਦੇ ਹੋਏ ਕਾਲੇਪਾਣੀਆ’ ਦੀ ਧਰਤੀ ਤੋਂ ਪੰਜਾ ਆਬਾਂ ਦੀ ਧਰਤੀ ਵਲ ਨੂੰ ਕਈ ਅਣਸੁਲਝੇ ਸਵਾਲਾਂ ਦੇ ਜਵਾਬ ਮਨ ਵਿੱਚ ਤਰਾਸ਼ ਦੇ ਹੋਏ ਹਵਾਈ ਜਹਾਜ਼ ਵਿੱਚ ਜਾਂ ਚੜੇ। ਅਲਵਿਦਾ ਅੰਡੇਮਾਨ..ਜੇ ਸਬੱਬ ਬਣਿਆ ਤਾਂ ਫਿਰ ਮਿਲਾਂਗੇ..!

ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਗਣੇਸ਼ਪੁਰ ਭਾਰਟਾ,
ਹੁਸ਼ਿਆਰਪੁਰ।
ਮੋ:94655-76022

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ ਫੱਤੂਢੀਗਾ ਦਾ ਬੀ ਕਾਮ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ
Next articleਬੇਗਮਪੁਰ ਸ਼ਹਿਰ ਦੇ ਸੁਪਨੇ