(ਸਮਾਜ ਵੀਕਲੀ)
ਧਰਮ ਨਹੀਂ ਮਾੜੇ, ਬੰਦੇ, ਮਾੜੇ ਹੁੰਦੇ ਨੇ
ਧਰਮ ਦੇ ਨਾਂਅ ਤੇ ਧੰਦੇ, ਮਾੜੇ ਹੁੰਦੇ ਨੇ
ਹਰ ਕੋਈ ਜਿਉਣਾ ਚਾਹੁੰਦਾ ਨਾਲ ਆਜ਼ਾਦੀ ਦੇ
ਪਿੰਜਰੇ ਵਿਚ ਪਰਿੰਦੇ, ਮਾੜੇ ਹੁੰਦੇ ਨੇ
ਸ਼ਕਲ ਸੂਰਤ ਕੀ ਕਰਨੀ ਸੋਹਣਾ ਦਿਲ ਹੋਵੇ
ਬੰਦੇ ਦਿਲ ਦੇ ਗੰਦੇ, ਮਾੜੇ ਹੁੰਦੇ ਨੇ
ਦੋਸ਼ੀ ਨੂੰ ਜੇ ਸਜ਼ਾ ਮਿਲੇ ਤਾਂ ਖੁਸ਼ ਹੋਈਏ
ਨਿਰਦੋਸ਼ਾਂ ਗਲ਼ ਫੰਦੇ, ਮਾੜੇ ਹੁੰਦੇ ਨੇ
ਨੇਕ ਕਾਰਜਾਂ ਲਈ ਉਗਰਾਹੀਏ ਚੰਦੇ ਨੂੰ
ਅਪਰਾਧਾਂ ਲਈ ਚੰਦੇ, ਮਾੜੇ ਹੁੰਦੇ ਨੇ
ਖੁੱਲ੍ਹੇ ਦਰ ਪ੍ਰਤੀਕ ਨੇ ਹੱਸਦੇ ਵਸਦਿਆਂ ਦੇ
ਦਰਾਂ ‘ਤੇ ਲੱਗੇ ਜਿੰਦੇ, ਮਾੜੇ ਹੁੰਦੇ ਨੇ
“ਖੁਸ਼ੀ ਮੁਹੰਮਦਾ” ਇਕ ਪਾਸੇ ਹੀ ਬਹੁਤੇ ਨੇ
ਦੋਵੇਂ ਈ ਪਾਸੇ ਦੰਦੇ, ਮਾੜੇ ਹੁੰਦੇ ਨੇ
ਖੁਸ਼ੀ ਮੁਹੰਮਦ “ਚੱਠਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly