ਜਲੰਧਰ (ਸਮਾਜ ਵੀਕਲੀ)- ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਅਤੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਮੈਡੀਕਲ ਵਿੱਦਿਆ ਵਿਚ 95% ਤੇ ਐਮ.ਬੀ.ਬੀ.ਐਸ. ਵਿਚ 90% ਨੰਬਰ ਲੈਕੇ ਡਾਕਟਰ ਬਣੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ 26 ਸਾਲਾ ਡਾਕਟਰ ਪੰਪੋਸ਼ ਨੂੰ ਸਾਥੀ ਅਖੌਤੀ ਉੱਚ ਜਾਤੀ ਮਨੂੰਵਾਦੀ ਡਾਕਟਰਾਂ ਨੇ ਜਾਤੀ ਸੂਚਕ ਸ਼ਬਦਾਂ ਨਾਲ਼ ਚਿੜਾ ਚਿੜਾ ਕੇ ਖੁਦਕਸ਼ੀ ਕਰਨ ਲਈ ਮਜ਼ਬੂਰ ਕਰ ਦਿੱਤਾ। ਉਸਦੀ ਲਾਸ਼ ਹੋਸਟਲ ਦੇ ਕਮਰੇ ‘ਚ ਪੱਖੇ ਨਾਲ਼ ਲਮਕਦੀ ਹੋਈ ਮਿਲੀ ਹੈ। ਇਹ ਘਟਨਾ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮ ਦਾਸ ਹਸਪਤਾਲ ਅਤੇ ਕਾਲਜ ਵਿਖੇ ਵਾਪਰੀ ਹੈ। ਅਨੁਸੂਚਿਤ ਜਾਤੀ ਵਰਗ ਵਿੱਚੋਂ ਪਹਿਲੀ ਗੱਲ ਤਾਂ ਕੋਈ ਵਿਦਿਆਰਥੀ ਬਹੁਤ ਮੁਸ਼ਕਿਲ ਨਾਲ ਕਿਸੇ ਚੰਗੀ ਪੁਜੀਸ਼ਨ ਤੇ ਪਹੁੰਚ ਪਾਉਂਦਾ ਹੈ, ਕਿਉਂਕਿ ਸਾਧਨਾਂ ਅਤੇ ਰਹਿਨੁਮਾਈ ਦੀ ਬਹੁਤ ਕਮੀ ਹੈ। ਭਾਂਵੇ ਲੱਖ ਕਿਸੇ ਵਿੱਚ ਯੋਗਤਾ ਹੋਵੇ ਫਿਰ ਵੀ ਬਹੁਤੇ ਅਨੁਸੂਚਿਤ ਜਾਤੀ ਗਰੀਬ ਵਿਦਿਆਰਥੀ ਹਾਸ਼ੀਏ ‘ਤੇ ਹੀ ਜਿਊਂਦੇ ਨੇ। ਉਹਨਾਂ ਵਿੱਚੋਂ ਜੇ ਕੋਈ ਹਿੰਮਤੀ ਵਿਦਿਆਰਥੀ ਇਸ ਜਾਤੀ ਅਤੇ ਜਮਾਤੀ ਵਿਵਸਥਾ ਨੂੰ ਚੀਰਦਾ ਕਿਸੇ ਚੰਗੇ ਮੁਕਾਮ ਤੇ ਪਹੁੰਚ ਵੀ ਜਾਂਦਾ ਹੈ ਤਾਂ ਮਨੂੰਵਾਦੀ ਕੂੜਾ ਕਚਰਾ ਉਸ ਨੂੰ ਦੱਬਣ ਦੀ ਕੋਸ਼ਿਸ ਵਿਚ ਲੱਗਾ ਰਹਿੰਦਾ ਹੈ। ਸਿੱਖਿਆ ਸੰਸਥਾਵਾਂ ਅਤੇ ਕੰਮ-ਕਾਜੀ ਅਦਾਰਿਆਂ ਵਿੱਚ ਇਸ ਮਾਨਸਿਕ ਤਸ਼ੱਦਦ ਦੇ ਖਿਲਾਫ਼ ਸਮੂਹਿਕ ਲਾਮਬੰਦੀ ਬਹੁਤ ਜ਼ਰੂਰੀ ਹੈ। ਜਦਕਿ ਵਿਸ਼ਵ ਭਰ ਵਿੱਚ ਜਾਤੀ ਵਖਰੇਵੇਂ ਟੁੱਟ ਰਹੇ ਹਨ, ਪੈਦਾਇਸ਼ੀ ਪਹਿਚਾਣ ਅਤੇ ਨਸਲੀ ਪਿਛੋਕੜ ਤੋਂ ਉਪਰ ਉੱਠ ਕੇ ਹੁਨਰ ਦੀ ਮਾਨਤਾ ਅਤੇ ਕਲਾ ਦੇ ਸਤਿਕਾਰ ਨੂੰ ਪ੍ਰਵਾਨਗੀ ਮਿਲ ਰਹੀ ਹੈ, ਪਰ ਸਾਡਾ ਭਾਰਤੀ ਸਮਾਜ ਸਦੀਆਂ ਪੁਰਾਣੀਆਂ ਦਕਿਆਨੂਸੀ ਧਾਰਨਾਵਾਂ ਚੋਂ ਅਜੇ ਤੀਕਰ ਵੀ ਬਾਹਰ ਨਹੀਂ ਨਿਕਲ ਸਕਿਆ। ਇਸ ਰਹਿੰਦ ਖੂੰਹਦ ਨੂੰ ਅਖੌਤੀ ਸਵਰਨਾਂ ਅਤੇ ਸੰਘੀ ਦਬੰਗਾਂ ਵੱਲੋਂ ਇਕਵੀਂ ਸਦੀ ਵਿਚ ਮੁੜ ਤੋਂ ਪੁਨਰ ਸਥਾਪਿਤ ਕੀਤਾ ਜਾ ਰਿਹਾ ਹੈ। ਜਾਤੀਵਾਦਕ ਨਜ਼ਰੀਆ ਭਾਈਚਾਰਿਕ ਸਾਂਝ ਲਈ ਹੀ ਘਾਤਕ ਨਹੀਂ ਹੁੰਦਾ, ਬਲਕਿ ਸਮਾਜਿਕ ਮੁੱਲਾਂ ਅਤੇ ਮਾਨਵੀ ਸਰੋਕਾਰਾਂ ਦਾ ਵੀ ਬੁਰੀ ਤਰ੍ਹਾਂ ਘਾਣ ਕਰਦਾ ਹੈ।
ਵਰਿਆਣਾ ਅਤੇ ਭਾਰਦਵਾਜ ਨੇ ਕਿਹਾ ਕਿ ਅਜਿਹੀਆਂ ਖੁਦਕੁਸ਼ੀਆਂ ਲਈ ਮਜਬੂਰ ਕਰਨ ਵਾਲੇ ਲੋਕਾਂ ਖਿਲਾਫ਼ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਅਤੇ ਸਖ਼ਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ । ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਅਕਾਦਮਿਕ ਵਿਦਿਆ ਦੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਸਿੱਖਿਅਤ ਕਰੋ। ਕਿਤਾਬੀ ਬੌਧਿਕਤਾ ਦੀ ਬਜਾਏ ਵਿਵਹਾਰਿਕ ਤੌਰ ਤੇ ਵੀ ਐਨੇ ਦਮਦਾਰ ਬਣਾਓ, ਤਾਂ ਕਿ ਉਹ ਅਜਿਹੀਆਂ ਮਾਨਸਿਕ ਹਾਲਤਾਂ ਵਿੱਚ ਵੀ ਲੜ ਸਕਣ। ਆਪਣੇ ਬੱਚਿਆਂ ਨੂੰ ਚੰਗੇ ਸਾਹਿਤ ਨਾਲ ਜੋੜੇ ਤਾਂ ਕਿ ਉਨ੍ਹਾਂ ਦਾ ਮਨੋਬਲ ਸਦਾ ਉੱਚਾ ਰਹੇ ਤੇ ਉਹ ਮੰਨੂਵਾਦੀ ਮਾਹੌਲ ਵਿਚ ਜਾਤ ਅਭਿਮਾਨੀਆਂ ਦੇ ਮੂਹਰੇ ਸ਼ਾਨ ਨਾਲ ਵਿੱਦਿਅਕ ਅਦਾਰਿਆਂ ਅਤੇ ਕੰਮ-ਕਾਜੀ ਸੰਸਥਾਵਾਂ ਵਿਚ ਵਿਚਰ ਸਕਣ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ