“ਅਜ਼ਾਦ ਨਹੀਂ ਅਜ਼ਾਦ ਮੁਲਕ ਦੀ ਜੱਗ ਜਨਨੀ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

8 ਮਾਰਚ ਨੂੰ ਹਰ ਸਾਲ ਭਾਰਤ ਵੀ ਰਾਸ਼ਟਰੀ ਮਹਿਲਾ ਦਿਵਸ ਮਨਾਉਂਦਾ ਹੈ ਪਰ ਅਸਲੀਅਤ ਵਿੱਚ ਭਾਰਤ ਦੀ ਅਜ਼ਾਦੀ ਤੋਂ ਲੱਗਭਗ 76 ਸਾਲ ਬਾਅਦ ਵੀ ਔਰਤ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਪਾਈ ਬੇਸ਼ੱਕ ਸਰਕਾਰਾਂ ਨੇ ਇਸ ਸਬੰਧੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਕੋਈ ਚੰਗੀ ਨੀਤੀਆਂ ਨਾ ਬਨਣ ਕਰਕੇ ਭਾਰਤ ਦੀ ਔਰਤ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਹੁਤ ਪਿੱਛੇ ਅਤੇ ਗੁਲਾਮ ਹੈ। ਮੰਨੂ ਸਿਮਰਤੀ ਵਿੱਚ ਤਾਂ ਔਰਤ ਨੂੰ ਮਰਦ ਸਮਾਜ ਦੀ ਗੁਲਾਮ ਦੱਸਿਆ ਗਿਆ ਹੈ ਔਰਤ ਅਤੇ ਦਲਿਤ ਨੂੰ ਪਸ਼ੂ ਦੇ ਬਰਾਬਰ ਦੱਸਿਆ ਗਿਆ ਹੈ “ਢੋਲ, ਗਵਾਰ, ਸ਼ੂਦਰ ਪਸ਼ੂ ਔਰ ਨਾਰੀ। ਯੇਹ ਸਭ ਤਾੜਨ ਕੇ ਅਧਿਕਾਰੀ” ਪਰ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮਹਾਨ ਦੱਸਿਆ ਹੈ ” ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਬੇਸ਼ੱਕ ਹੌਲੀ ਹੌਲੀ ਔਰਤ ਰੂੜੀਵਾਦੀ ਕੁਰੀਤੀਆਂ ਤੋਂ ਨਿਜਾਤ ਪਾਉਂਦੀ ਜਾ ਰਹੀ ਹੈ ਜਿਵੇਂ ਸਤੀ ਪ੍ਰਥਾ ਅਤੇ ਪਰਦੇ ਤੋਂ ਕਾਫੀ ਹੱਦ ਤੱਕ ਨਿਜਾਤ ਪਾ ਚੁੱਕੀ ਹੈ।

ਪਰ ਅਜੇ ਵੀ ਔਰਤ ਜੋ ਅਜ਼ਾਦੀ ਵਿਕਾਸਸ਼ੀਲ ਦੇਸ਼ਾਂ ਵਿੱਚ ਮਾਣ ਰਹੀ ਹੈ ਭਾਰਤੀ ਔਰਤ ਉਸ ਤੋਂ ਕੋਹਾਂ ਦੂਰ ਹੈ ਜਿਸ ਦੀ ਤਾਜ਼ਾ ਉਦਾਹਰਣ ਇਹ ਹੈ ਕਿ ਔਰਤਾਂ ਲਈ ਰਾਖਵਾਂਕਰਨ ਹੋਣ ਕਰਕੇ ਸਰਪੰਚ, ਐਮ ਸੀ ਅਤੇ ਐਮ ਐਲ ਏ ਤਾਂ ਬਣ ਜਾਂਦੀਆਂ ਹਨ ਪਰ ਉਨਾ ਦੀ ਥਾਂ ਕੰਮ ਪਰਿਵਾਰ ਦੇ ਮਰਦ ਹੀ ਕਰਦੇ ਹਨ। ਜ਼ਿਆਦਾ ਤਰ ਮੀਟਿੰਗਾਂ ਵਿੱਚ ਔਰਤਾ ਸ਼ਾਮਿਲ ਨਹੀਂ ਹੁੰਦੀਆਂ। ਅਜੇ ਵੀ ਭਾਰਤ ਦੇ ਕਈ ਪਿੰਡਾਂ ਵਿਚ ਦਲਿਤ ਔਰਤਾ ਵੱਡੇ ਜਿਮੀਂਦਾਰਾਂ ਦੇ ਘਰ ਸਿਰ ਤੇ ਮੈਲਾ ਢੋਂਹਣ ਦਾ ਕੰਮ ਕਰਦੀਆਂ ਹਨ ਜਾਂ ਆਪਣੇ ਗੁਜ਼ਾਰੇ ਲਈ ਉਨ੍ਹਾਂ ਨੂੰ ਗ਼ੁਲਾਮੀ ਭਰੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ।

ਬੇਸ਼ੱਕ ਪੜ੍ਹੇ ਲਿਖੇ ਅਤੇ ਸ਼ਹਿਰੀ ਲੋਕਾਂ ਦੀਆਂ ਮਜਲਿਸਾਂ ਵਿਚ ਔਰਤ ਤੇ ਮਰਦ ਦੀ ਬਰਾਬਰੀ ਦੀਆਂ ਇਹ ਗੱਲਾਂ ਆਮ ਹੀ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ ਕਿ ਔਰਤ ਆਜ਼ਾਦ ਹੋ ਚੁੱਕੀ ਹੈ, ਉਹ ਸਿੱਖਿਅਤ ਹੋਣ ਦੇ ਨਾਲ ਨਾਲ ਆਰਥਿਕ ਤੌਰ ਉੱਤੇ ਸਵੈ-ਨਿਰਭਰ ਹੈ, ਉਹ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਵੀ ਖ਼ੁਦ ਕਰਨ ਲੱਗ ਪਈ ਹੈ। ਇਕ ਸੀਮਿਤ ਪੱਧਰ ‘ਤੇ ਇਨ੍ਹਾਂ ਵਿਚ ਸੱਚਾਈ ਵੀ ਹੈ ਪਰ ਜ਼ਮੀਨੀ ਪੱਧਰ ਤੇ ਆਲੇ-ਦੁਆਲੇ ਦੇ ਇਨ੍ਹਾਂ ਹਾਲਾਤ ਬਾਰੇ ਜਾਣ ਕੇ ਇਸ ਗੱਲ ਉੱਤੇ ਸ਼ੱਕ ਹੁੰਦਾ ਹੈ ਕਿ ਕੀ ਔਰਤ ਸੱਚਮੁੱਚ ਆਜ਼ਾਦ ਹੋ ਚੁੱਕੀ ਹੈ? ਜਾਂ ਇਸ ਪਿੱਛੇ ਕੋਈ ਹੋਰ ਸੱਚ ਛੁਪਿਆ ਪਿਆ ਹੈ ਜੋ ਦਿਖਾਈ ਨਹੀਂ ਦੇ ਰਿਹਾ ਅਤੇ ਜਿਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।

ਆਜ਼ਾਦੀ ਦੇ ਅਰਥ ਕਿਸੇ ਵੀ ਮਨੁੱਖ ਦੇ ਸਵੈਮਾਣ ਅਤੇ ਖ਼ੁਦਮੁਖ਼ਤਾਰੀ ਨਾਲ ਜੁੜੇ ਹੁੰਦੇ ਹਨ ਪਰ ਜੇ ਅਸੀਂ ਬਹੁਗਿਣਤੀ ਔਰਤਾਂ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਆਜ਼ਾਦੀ ਦੇ ਅਸਲ ਮਾਇਨੇ ਕਿਧਰੇ ਗੁਆਚੇ ਨਜ਼ਰ ਆਉਂਦੇ ਹਨ। ਆਪਣੇ ਜੀਵਨ ਬਾਰੇ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਜਾਂ ਸਵੈ-ਮਾਣ ਵਰਗੀ ਸ਼ੈਅ ਬਹੁਤੀਆਂ ਔਰਤਾਂ ਤੱਕ ਅਜੇ ਅੱਪੜੀ ਹੀ ਨਹੀਂ। ਕਈ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਔਰਤ ਦੀ ਹਾਲਤ ਵਿਚ ਕੋਈ ਖ਼ਾਸ ਸੁਧਾਰ ਨਹੀਂ ਆਇਆ ਲੱਗਦਾ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਔਰਤ ਨੇ ਆਪਣੀ ਮਿਹਨਤ ਸਦਕਾ ਉੱਚੇ ਮੁਕਾਮ ਪ੍ਰਾਪਤ ਕਰ ਲਏ ਹਨ ਪਰ ਉਸ ਨੂੰ ਮਰਦ ਪ੍ਰਧਾਨ ਸਮਾਜ ਅੱਜ ਵੀ ਗੁਲਾਮ ਸਮਝਦਾ ਹੈ।

ਅੱਜ ਦੀ ਔਰਤ ਜਿਹੜੀ ਗੁਲਾਮੀ ਹੰਢਾ ਰਹੀ ਹੈ, ਇਹ ਅਣਦਿਸਦੀ ਗੁਲਾਮੀ ਹੈ। ਔਰਤਾਂ ਨੂੰ ਬਰਾਬਰ ਸਿੱਖਿਆ ਤੇ ਮਿਹਨਤਾਨੇ, ਵੋਟ ਦਾ ਅਧਿਕਾਰ ਪ੍ਰਾਪਤ ਹਨ ਪਰ ਹਕੀਕਤ ਵਿਚ ਅੱਜ ਵੀ ਔਰਤਾਂ ਇਨ੍ਹਾਂ ਹੱਕਾਂ ਲਈ ਮਰਦਾਂ ਉੱਤੇ ਨਿਰਭਰ ਹਨ। ਔਰਤ ਸਿੱਖਿਅਤ ਤਾਂ ਹੈ ਪਰ ਉਸ ਦੀ ਜ਼ਿੰਦਗੀ ਦੀ ਲਗਾਮ ਮਰਦ ਦੇ ਹੱਥ ਵਿਚ ਹੈ। ਵਿੱਦਿਅਕ ਢਾਂਚਾ ਵੀ ਉਸ ਦੀ ਜ਼ਿੰਦਗੀ ਵਿਚ ਕੋਈ ਹਕੀਕੀ ਸਾਕਾਰਤਮਕ ਤਬਦੀਲੀ ਲਿਆਉਣ ਦੀ ਬਜਾਏ ਮਰਦ ਪ੍ਰਧਾਨ ਸਮਾਜ ਦੇ ਹੱਕ ਵਿਚ ਹੀ ਭੁਗਤ ਜਾਂਦਾ ਹੈ। ਮਜ਼ਦੂਰ ਔਰਤਾਂ, ਮਰਦਾਂ ਬਰਾਬਰ ਮਿਹਨਤ ਕਰਦੀਆਂ ਹਨ ਪਰ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਉਜਰਤ ਮਿਲਦੀ ਹੈ। ਔਰਤ ਸਰਪੰਚ ਤਾਂ ਬਣਦੀ ਹੈ ਪਰ ਸਰਪੰਚੀ ਉਸ ਦਾ ਪਤੀ ਕਰਦਾ ਹੈ। ਇਉਂ ਹੱਕ ਪ੍ਰਾਪਤ ਹੋਣ ਦੇ ਬਾਵਜੂਦ ਦਬਦਬਾ ਮਰਦ ਪ੍ਰਧਾਨ ਸਮਾਜ ਦਾ ਹੀ ਹੈ। ਜਿਹੜੀ ਗੱਲ ਹੈਰਾਨ ਕਰਨ ਵਾਲੀ ਹੈ, ਉਹ ਇਹ ਕਿ ਔਰਤ ਇਸ ਅਰਧ ਗੁਲਾਮੀ ਤੋਂ ਸੁਚੇਤ ਨਹੀਂ। ਉਸ ਨੂੰ ਇਹ ਗੁਲਾਮੀ ਮਹਿਸੂਸ ਹੀ ਨਹੀਂ ਹੁੰਦੀ।

ਅੱਜ ਵੀ ਔਰਤਾਂ ਘਰ ਦੇ ਕੰਮਾਂ, ਬੱਚੇ ਪਾਲਣ, ਪਰਿਵਾਰਕ ਜ਼ਿੰਮੇਵਾਰੀਆਂ ਚੁੱਕਣ ਨੂੰ ਹੀ ਆਪਣਾ ਅਸਲ ਧਰਮ ਮੰਨਦੀਆਂ ਹਨ। ਉਹ ਆਪਣੇ ਅਸਲ ਹੱਕਾਂ ਤੋਂ ਜਾਣੂੰ ਨਹੀਂ ਜਾਂ ਇਉਂ ਕਹਿਣਾ ਜ਼ਿਆਦਾ ਸਹੀ ਹੈ ਕਿ ਰੂੜੀਵਾਦੀ ਸਭਿਆਚਾਰਕ ਮਾਨਤਾਵਾਂ ਦੇ ਬਹਾਨੇ ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੇ ਮੌਕੇ ਨਹੀਂ ਦਿੱਤੇ ਜਾਂਦੇ। ਔਰਤ ਦੀ ਇਸ ਗੁਲਾਮੀ ਦਾ ਕਾਰਨ ਸਰਕਾਰਾਂ, ਮਰਦ ਪ੍ਰਧਾਨ ਸਮਾਜ , ਸਾਡੇ ਦੇਸ਼ ਦਾ ਮਾੜਾ ਸਿਸਟਮ, ਅਤੇ ਔਰਤ ਖੁਦ ਵੀ ਹੈ। ਔਰਤ ਹੋਣਾ ਕੋਈ ਜੁਰਮ ਨਹੀਂ। ਕੁਦਰਤ ਮੁੰਡੇ ਕੁੜੀ ਵਿਚ ਕੋਈ ਭੇਦਭਾਵ ਨਹੀਂ ਕਰਦੀ ਪਰ ਸਮਾਜ ਵਿਚ ਔਰਤਾਂ ਲਈ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਹੀ ਅਪਨਾਇਆ ਜਾਂਦਾ ਹੈ।

ਕੁੜੀ ਤੇ ਮੁੰਡੇ ਵਿਚਲਾ ਫਰਕ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਕੁੜੀ ਨੂੰ ਜਨਮ ਤੋਂ ਹੀ ਔਰਤ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਔਰਤ ਪੈਦਾ ਨਹੀਂ ਹੁੰਦੀ ਔਰਤ ਨੂੰ ਬਣਾਇਆ ਜਾਂਦਾ ਹੈ। ਬਚਪਨ ਤੋਂ ਹੀ ਮਾਪਿਆਂ ਦੁਆਰਾ ਕੁੜੀ ਉੱਤੇ ਉੱਚੀ ਬੋਲਣ, ਹੱਸਣ, ਅੰਦਰ ਬਾਹਰ ਆਉਣ ਜਾਣ ‘ਤੇ ਪਾਬੰਦੀ, ਘਰ ਦੇ ਕੰਮ ਸਿੱਖਣ ਆਦਿ ਬੰਦਿਸ਼ਾਂ ਲਗਾਈਆਂ ਜਾਂਦੀਆਂ ਹਨ। ਉਸ ਨੂੰ ਜਨਮ ਤੋਂ ਹੀ ਬੇਗ਼ਾਨੇ ਘਰ ਜਾਣ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਦੂਜੇ ਉੱਪਰ ਨਿਰਭਰ ਰਹਿਣ ਦੀ ਆਦਤ ਪਾਈ ਜਾਂਦੀ ਹੈ ਜਿਸ ਕਾਰਨ ਉਸ ਦੇ ਨਾਰੀਤਵ ਦਾ ਘਾਣ ਹੁੰਦਾ ਹੈ।

ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਕੋਈ ਇਕ ਧਿਰ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋ ਸਕਦੀ। ਜਿੱਥੇ ਔਰਤ ਦੀ ਅਜਿਹੀ ਹਾਲਤ ਲਈ ਸਮਾਜ ਜ਼ਿੰਮੇਵਾਰ ਹੈ, ਉੱਥੇ ਖ਼ੁਦ ਔਰਤ ਵੀ ਆਪਣੀ ਅੰਸ਼ਕ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਮਾਵਾਂ ਸੁਚੇਤ ਹੋਣ ਦੇ ਬਾਵਜੂਦ ਧੀਆਂ ਨੂੰ ਉਹੀ ਤ੍ਰਾਸਦੀਆਂ ਹੰਢਾਉਣ ਲਈ ਤਿਆਰ ਕਰਦੀਆਂ ਹਨ ਜਿਹੜੀਆਂ ਉਨ੍ਹਾਂ ਆਪ ਹੰਢਾਈਆਂ ਹੁੰਦੀਆਂ ਹਨ। ਅੱਜ ਦੀ ਔਰਤ ਸਿੱਖਿਅਤ ਅਤੇ ਆਰਥਿਕ ਤੌਰ ‘ਤੇ ਆਤਮ ਨਿਰਭਰ ਤਾਂ ਹੈ ਪਰ ਇਸ ਦੇ ਬਾਵਜੂਦ ਉਸ ਦੇ ਜੀਵਨ ਵਿਚ ਕੋਈ ਬਹੁਤਾ ਬਦਲਾਓ ਨਹੀਂ ਆਇਆ। ਉਹ ਅੱਜ ਵੀ ਘਰ ਸੰਭਾਲਣ, ਬੱਚੇ ਪਾਲਣ ਤੇ ਪਰਿਵਾਰਕ ਫ਼ੈਸਲਿਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਨੂੰ ਹੀ ਆਪਣਾ ਅਸਲੀ ਧਰਮ ਸਮਝਦੀ ਹੈ। ਇਸ ਤੋਂ ਬਿਨਾ ਉਸ ਨੂੰ ਆਪਣੀ ਜ਼ਿੰਦਗੀ ਦੇ ਕੋਈ ਮਾਇਨੇ ਨਹੀਂ ਲੱਗਦੇ। ਉਹ ਸਰੀਰਕ ਤੇ ਮਾਨਸਿਕ ਦੋਵਾਂ ਪੱਧਰਾਂ ‘ਤੇ ਤ੍ਰਾਸਦੀ ਹੰਢਾਉਂਦੀ ਹੈ।

ਔਰਤ ਨੂੰ ਆਜ਼ਾਦੀ ਤੇ ਆਪਣੇ ਹੋਰ ਮਨੁੱਖੀ ਹੱਕ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਜਾਗਰੂਕ ਹੋਣ ਦੀ ਜ਼ਰੂਰਤ ਹੈ। ਅਜਿਹਾ ਨਹੀਂ ਕਿ ਔਰਤਾਂ ਵਿਚ ਚੇਤਨਾ ਦੀ ਕਮੀ ਹੈ, ਕੁਝ ਇਸਤਰੀਆਂ ਆਪਣੇ ਹੱਕਾਂ ਲਈ ਚੇਤਨ ਹਨ ਤੇ ਨਿਡਰਤਾ ਨਾਲ ਇਨ੍ਹਾਂ ਦੀ ਪ੍ਰਾਪਤੀ ਲਈ ਸਮਾਜ ਨਾਲ ਦੋ ਹੱਥ ਵੀ ਹੋ ਰਹੀਆਂ ਹਨ। ਸਮਾਜ ਨੂੰ ਚੰਗਾ ਬਣਾਉਣ ਲਈ ਔਰਤ ਪ੍ਰਤੀ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਮੁਲਕ ਦੇ ਉੱਨਤੀ ਬਾਰੇ ਜਾਨਣ ਲਈ ਉੱਥੋਂ ਦੀ ਔਰਤ ਦੀ ਹਾਲਤ ਨੂੰ ਜਾਣਿਆ ਜਾਂਦਾ ਹੈ। ਚੰਗਾ ਸਮਾਜ ਸਿਰਜਣ ਦੀ ਵੱਡੀ ਜ਼ਿੰਮੇਵਾਰੀ ਮਾਪਿਆਂ ਤੋਂ ਸ਼ੁਰੂ ਹੁੰਦੀ ਹੈ।

ਉਨ੍ਹਾਂ ਦਾ ਫਰਜ਼ ਹੈ ਕਿ ਉਹ ਲਿੰਗਕ ਵਿਤਕਰੇ ਤੋਂ ਉੱਪਰ ਉੱਠ ਕੇ ਬੱਚੇ ਨੂੰ ਬਰਾਬਰੀ ਦਾ ਪਾਠ ਪੜ੍ਹਾਉਣ। ਉਹ ਕੁੜੀ ਉੱਤੇ ਬੰਦਿਸ਼ਾਂ ਲਗਾਉਣ ਦੀ ਬਜਾਏ ਉਸ ਨੂੰ ਸਹੀ ਗਲਤ ਦੀ ਪਛਾਣ ਦੀ ਸਮਝ ਪੈਦਾ ਕਰਨ। ਉਸ ਨੂੰ ਆਜ਼ਾਦੀ ਦੇ ਅਸਲ ਮਾਇਨੇ ਸਮਝਾਉਣ। ਉਸ ਨੂੰ ਇਸ ਕਾਬਿਲ ਬਣਾਇਆ ਜਾਵੇ ਕਿ ਉਹ ਆਪਣੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਕਰਨ ਦੇ ਯੋਗ ਹੋਣ। ਔਰਤ ਅਤੇ ਮਰਦ ਇਨਸਾਨ ਦੀ ਇੱਕੋ ਜ਼ਾਤ ਦਾ ਹਿੱਸਾ ਹਨ ਔਰਤ ਨੂੰ ਵੀ ਆਪਣੀ ਜ਼ਿੰਦਗੀ ਮਰਦਾਂ ਵਾਂਗ ਅਜ਼ਾਦੀ ਨਾਲ ਜਿਉਣ ਦਾ ਪੂਰਾ ਹੱਕ ਹੈ । ਆਓ ਔਰਤਾ ਨੂੰ ਪੂਰਾ ਸਨਮਾਨ ਦੇ ਕੇ ਮਰਦਾਂ ਦੇ ਬਰਾਬਰ ਦੀ ਜ਼ਿੰਦਗੀ ਜਿਊਣ ਦੀ ਅਜ਼ਾਦੀ ਬਹਾਲ ਕਰਵਾਉਣ ਲਈ ਉਪਰਾਲਾ ਕਰੀਏ।

ਕੁਲਦੀਪ ਸਾਹਿਲ
9417990040

 

Previous articleਮਾਂ ਦੀ ਜ਼ਿੰਦਗੀ
Next articleਗੁਰਜੀਤ ਸਿੰਘ ਚਾਂਗਲੀ ਨੇ ਜਿੱਤੇ ਦੋ ਸੋਨ ਤਮਗੇ