ਮਾਂ ਦੀ ਜ਼ਿੰਦਗੀ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

( ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਿਸ਼ੇਸ਼ )

ਮਾਂ ਸਹਿਣਸ਼ੀਲਤਾ ਦੀ ਮੂਰਤ ਹੁੰਦੀ ਹੈ। ਮਾਂ ਨੌ ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿੱਚ ਰੱਖਦੀ ਹੈ ਅਤੇ ਆਪਣੀ ਕੁੱਖ ਵਿਚ ਹੀ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਦੀ ਹੈ ਜਨਮ ਤੋਂ ਬਾਅਦ ਬੱਚਾ ਕੁਝ ਬੋਲ ਨਹੀਂ ਸਕਦਾ ਪਰ ਮਾਂ ਨੂੰ ਪਤਾ ਹੁੰਦਾ ਹੈ ਕਿ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ ਜਾਂ ਉਸ ਨੂੰ ਕੋਈ ਦੁੱਖ ਤਕਲੀਫ਼ ਹੈ ਮਾਂ ਬੱਚੇ ਨੂੰ ਦੇਖ ਕੇ ਹੀ ਸਮਝ ਜਾਂਦੀ ਹੈ ਕਿ ਮੇਰੇ ਬੱਚੇ ਨੂੰ ਕੀ ਚਾਹੀਦਾ ਹੈ। ਮਾਂ ਸਾਰੀ-ਸਾਰੀ ਰਾਤ ਜਾਗ ਕੇ ਆਪਣੇ ਬੱਚੇ ਨੂੰ ਸੰਭਾਲਦੀ ਹੈ ਪਰ ਉਹ ਕਦੀ ਵੀ ਨਹੀਂ ਜਤਾਉਂਦੀ ਕੀ ਉਹ ਆਪਣੇ ਬੱਚੇ ਲਈ ਕੀ-ਕੀ ਕਸ਼ਟ ਝੱਲਦੀ ਹੈ।

ਜਦ ਬੱਚਾ ਬੋਲਣ ਲੱਗਦਾ ਹੈ ਤਾਂ ਸਭ ਤੋਂ ਪਹਿਲਾਂ ਸ਼ਬਦ ਮਾਂ ਹੀ ਬੋਲਦਾ ਹੈ ਮਾਂ ਦਾ ਬੱਚਿਆਂ ਨਾਲ ਸਭ ਤੋ ਗੂੜ੍ਹਾ ਰਿਸ਼ਤਾ ਹੁੰਦਾ ਹੈ ਮਾਂ ਆਪਣੇ ਬੱਚਿਆਂ ਨੂੰ ਕਦੀ ਵੀ ਦੁਖੀ ਨਹੀਂ ਦੇਖ ਸਕਦੀ ਉਹ ਹਮੇਸ਼ਾ ਅਪਣੇ ਬੱਚਿਆਂ ਨੂੰ ਹਰ ਸਹੂਲਤ ਦਿੰਦੀ ਹੈ। ਮਾਂ ਵਿੱਚ ਤਿਆਗ ਦੀ ਬਹੁਤ ਭਾਵਨਾ ਵੀ ਹੁੰਦੀ ਹੈ। ਉਹ ਆਪਣੇ ਪੇਕਿਆਂ ਦਾ ਘਰ ਜਿਸ ਵਿਚ ਉਸ ਨੇ ਬਚਪਨ ਤੋਂ ਜਵਾਨੀ ਦਾ ਸਮਾਂ ਬਿਤਾਇਆ ਹੁੰਦਾ ਹੈ, ਉਸ ਘਰ ਨੂੰ ਛੱਡ ਕੇ ਇਕ ਨਵੇਂ ਪਰਿਵਾਰ ਵਿੱਚ ਜਾ ਕੇ ਆਪਣੀ ਸਾਰੀ ਜ਼ਿੰਦਗੀ ਕੱਢ ਦਿੰਦੀ ਹੈ। ਉਹ ਆਪਣੇ ਮਾਂ-ਬਾਪ ਅਤੇ ਸਾਰੇ ਰਿਸ਼ਤਿਆਂ ਨੂੰ ਵੀ ਛੱਡ ਦਿੰਦੀ ਹੈ,ਚਾਹੇ ਉਹ ਉਨ੍ਹਾਂ ਨੂੰ ਸਮੇ-ਸਮੇ ਤੇ ਮਿਲਦੀ ਰਹਿੰਦੀ ਹੈ। ਪਰ ਜਿਨ੍ਹਾ ਨਾਲ ਜਿੰਦਗੀ ਦੇ 20-25 ਸਾਲ ਬੀਤਾਏ ਹੁੰਦੇ ਹਨ, ਉਨ੍ਹਾ ਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ।ਇਸ ਬਾਰੇ ਸੋਚ ਕੇ ਵੀ ਡਰ ਲੱਗਦਾ ਹੈ।ਇਹ ਤਿਆਗ ਤਾਂ ਸਿਰਫ਼ ਮਾਂ ਹੀ ਕਰ ਸਕਦੀ ਹੈ।

ਮਾਂ ਦੀ ਘਰ ਪ੍ਰਤੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਾਰੇ ਘਰ ਦੀ ਸਾਂਭ-ਸੰਭਾਲ ਮਾਂ ਹੀ ਕਰਦੀ ਹੈ ਘਰ ਦੇ ਸਾਰੇ ਕੰਮ ਮਾਂ ਨੂੰ ਹੀ ਕਰਨੇ ਪੈਂਦੇ ਹਨ। ਉਸ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਰਾਮ ਵੀ ਨਹੀਂ ਮਿਲਦਾ। ਉਹ ਬਿਨਾ ਕਿਸੇ ਲੋਭ ਦੇ ਘਰ ਦਾ ਸਾਰਾ ਕੰਮ ਕਰਦੀ ਰਹਿੰਦੀ ਹੈ। ਪਰਿਵਾਰ ਦੇ ਸਾਰੇ ਜੀਆਂ ਨੂੰ ਖਾਣਾ ਦੇਣ ਤੋਂ ਬਾਅਦ ਹੀ ਆਪ ਖਾਣਾ ਖਾਂਦੀ ਹੈ ਅਤੇ ਜੇਕਰ ਕਈ ਵਾਰ ਉਸ ਲਈ ਖਾਣਾ ਨਹੀਂ ਬਚਦਾ ਉਹ ਭੁੱਖੀ ਵੀ ਰਹਿ ਜਾਂਦੀ ਹੈ ਪਰ ਕਦੀ ਸਿਕਾਇਤ ਨਹੀਂ ਕਰਦੀ। ਮਾਂ ਦਾ ਜਿਗਰਾ ਵੀ ਬਹੁਤ ਵੱਡਾ ਹੁੰਦਾ ਹੈ,ਜਿਸ ਬੱਚੇ ਨੂੰ ਉਸ ਨੇ ਜਨਮ ਦਿੱਤਾ ਅਤੇ ਬੜੇ ਚਾਵਾਂ ਨਾਲ ਪਾਲਿਆ ਹੁੰਦਾ ਹੈ। ਕਈ ਵਾਰ ਬੱਚਾ ਬਾਹਰਲੇ ਦੇਸ਼,ਫੌਜ ਵਿਚ ਅਤੇ ਦੂਰ ਨੌਕਰੀ ਕਰਨ ਭੇਜ ਦਿੰਦੀ ਹੈ। ਜਿਨ੍ਹਾ ਬੱਚਿਆਂ ਨੂੰ ਉਹ ਇਕ ਪਲ ਲਈ ਵੀ ਦੂਰ ਨਹੀਂ ਕਰਦੀ।ਪਰ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀ ਖੁਸ਼ੀ ਦਾ ਵੀ ਤਿਆਗ ਕਰ ਦਿੰਦੀ ਹੈ।

ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਇਕ ਮਾਂ ਹੀ ਮਾਂ ਦੇ ਨਾਲ ਬੁਰਾ ਵਿਵਹਾਰ ਕਰਦੀ ਹੈ ਇਹ ਰਿਸ਼ਤਾ ਹੁੰਦਾ ਹੈ ਨੂੰਹ-ਸੱਸ ਦਾ। ਕਈ ਘਰਾਂ ਵਿੱਚ ਸੱਸਾਂ ਆਪਣੀ ਨੂੰਹ ਨਾਲ ਬਹੁਤ ਹੀ ਬੁਰਾ ਵਿਵਹਾਰ ਕਰਦੀਆ ਹਨ ਅਤੇ ਕਈ ਵਾਰ ਅੱਤਿਆਚਾਰ ਤੋਂ ਦੁਖੀ ਹੋ ਕੇ ਉਹ ਨੂੰਹਾਂ ਖੁਦਕੁਸ਼ੀ ਵੀ ਕਰ ਲੈਂਦੀਆਂ ਹਨ। ਇਸ ਦੇ ਉਲਟ ਕਈ ਨੂੰਹਾਂ ਵੀ ਆਪਣੀਆਂ ਸੱਸਾਂ ਨਾਲ ਬੁਰਾ ਵਿਵਹਾਰ ਕਰਦੀਆਂ ਹਨ ਅਤੇ ਉਹ ਭੁੱਲ ਜਾਂਦੀਆਂ ਹਨ ਕਿ ਜਨਮ ਤੋਂ ਬਾਅਦ ਉਨ੍ਹਾਂ ਦੀ ਅਸਲੀ ਮਾਂ ਸੱਸ ਹੀ ਹੁੰਦੀ ਹੈ। ਪਰ ਜਦ ਉਹ ਆਪ ਮਾਂ ਤੋ ਬਾਅਦ ਸੱਸ ਬਣਦੀ ਹੈ। ਤਾਂ ਉਸ ਨੂੰ ਆਪਣੀਆਂ ਕੀਤੀਆ ਗਲਤੀਆਂ ਦਾ ਪਤਾ ਲੱਗਦਾ ਹੈ।ਇਸ ਲਈ ਸੱਸ ਤੇ ਨੂੰਹ ਦਾ ਜੋ ਰਿਸ਼ਤਾ ਹੈ ਉਹ ਆਮ ਤੌਰ ਤੇ ਜ਼ਿਆਦਾ ਵਧੀਆ ਦੇਖਣ ਨੂੰ ਨਹੀਂ ਮਿਲਦਾ ਹੈ ਅਤੇ ਨੂੰਹ-ਸੱਸ ਦੀ ਬਹੁਤ ਘੱਟ ਬਣਦੀ ਹੈ।

ਇਸ ਲਈ ਇਕ ਮਾਂ ਨੂੰ ਦੂਜੀ ਮਾਂ ਨੂੰ ਸਮਝ ਕੇ ਇਸ ਰਿਸ਼ਤੇ ਨੂੰ ਇਕ ਖੁਸ਼ਹਾਲ ਰਿਸ਼ਤਾ ਬਣਾਉਣਾ ਚਾਹੀਦਾ ਹੈ। ਜੇਕਰ ਇਕ ਮਾਂ ਹੀ ਘਰ ਵਿਚ ਖੁਸ਼ ਨਹੀਂ ਰਹਿ ਸਕਦੀ ਤਾਂ ਉਹ ਘਰ ਕਦੀ ਖੁਸ਼ੀਆਂ ਨਹੀਂ ਮਾਣ ਸਕਦਾ। ਆਪਾਂ ਸਾਰਿਆਂ ਨੂੰ ਮਿਲ ਕੇ ਆਪਣੀ ਮਾਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸਾਰੀਆ ਮਾਂਵਾ ਦੀ ਇੱਜ਼ਤ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924

 

Previous articleਤਨਾਅ ਦੂਰ ਕਰਨ ਦੇ ……
Next article“ਅਜ਼ਾਦ ਨਹੀਂ ਅਜ਼ਾਦ ਮੁਲਕ ਦੀ ਜੱਗ ਜਨਨੀ”