“ਮੌਤ ਵੰਡ ਰਹੇ ਨੇ ਰਾਤ ਵੇਲੇ ਸੜਕਾਂ ਤੇ ਖੜੇ ਵਾਹਨ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਅਸੀਂ ਅਕਸਰ ਹੀ ਰਾਤ ਵੇਲੇ ਸੜਕਾਂ ਦੇ ਕਿਨਾਰੇ ਤੇ ਖੜੇ ਬਿਨਾਂ ਪਾਰਕਿੰਗ ਲਾਈਟਾਂ ਅਤੇ ਰੀਫਲੈਕਟਰ ਤੋਂ ਵਾਹਨਾਂ ਨੂੰ ਵੇਖਕੇ ਅੱਗੇ ਨਿਕਲ ਜਾਂਦੇ ਹਾਂ ਜਿਨ੍ਹਾਂ ਚੋਂ ਜ਼ਿਆਦਾ ਕਰਕੇ ਟਰੱਕ ਹੁੰਦੇ ਹਨ ਪਰ ਸਵੇਰੇ ਜਦੋਂ ਅਸੀਂ ਅਖਬਾਰ ਵਿੱਚ ਉਸ ਥਾਂ ਤੇ ਹਾਦਸੇ ਦੀ ਖਬਰ ਪੜਦੇ ਹਾਂ ਤਾਂ ਸਾਨੂੰ ਦੁੱਖ ਦੇ ਨਾਲ ਨਾਲ ਅਫਸੋਸ ਵੀ ਹੁੰਦਾ ਹੈ ਕਿ ਕਾਸ਼ ਕਿਸੇ ਨੇ ਪੁਲਿਸ ਨੂੰ ਇਤਲਾਹ ਕੀਤੀ ਹੁੰਦੀ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਸਨ। ਅਜੇ ਪਿਛਲੇ ਹਫਤੇ ਹੀ ਇਕੱਲੇ ਪਟਿਆਲੇ ਵਿੱਚ ਦਰਜਨ ਤੋਂ ਜ਼ਿਆਦਾ ਇਹੋ ਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ।

ਪਟਿਆਲਾ ਦੇ ਰਾਜਿੰਦਰਾ ਕਾਲਜ ਵਿੱਚ ਡਾਕਟਰੀ ਕਰਦੇ ਮਾਪਿਆਂ ਦੇ ਇਕਲੌਤੇ ਪੁੱਤਰ ਜਿਨ੍ਹਾਂ ਦੀ ਉਮਰ ਅਜੇ 23 ਸਾਲਾਂ ਦੀ ਸੀ ਸੜਕ ਤੇ ਖੜੇ ਟਰੱਕ ਵਿੱਚ ਕਾਰ ਵੱਜਣ ਕਰਕੇ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਤੋਂ ਅਗਲੇ ਦਿਨ ਰਾਜਪੁਰਾ ਵਿਖੇ ਸੜਕ ਤੇ ਖੜੇ ਟਰੱਕ ਵਿੱਚ ਕਾਰ ਵੱਜਣ ਕਰਕੇ 6 ਨੌਜਵਾਨਾ ਦੀ ਮੌਤ ਹੋ ਗਈ ਉਸ ਤੋਂ ਅਗਲੇ ਹੀ ਦਿਨ ਤੇਪਲਾ ਰੋਡ ਉਤੇ ਇਹੋ ਜਿਹੇ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਰਾਤ ਵੇਲੇ ਸੜਕ ਤੇ ਖੜਾ ਵਾਹਨ ਸਾਹਮਣੇ ਤੋਂ ਲਾਇਟ ਪੈਣ ਕਰਕੇ ਕਈ ਵਾਰੀ ਡਰਾਈਵਰ ਨੂੰ ਨਜ਼ਰ ਨਹੀਂ ਆਉਂਦਾ ਅਤੇ ਗੱਡੀ ਤੇਜ਼ ਹੋਣ ਕਰਕੇ ਹਾਦਸਾ ਵਾਪਰ ਜਾਂਦਾ ਹੈ ਇਸ ਦਾ ਸਭ ਤੋਂ ਵੱਡਾ ਜ਼ਿਮੇਵਾਰ ਸੜਕ ਤੇ ਵਾਹਨ ਖੜਾ ਕਰਨ ਵਾਲਾ ਹੁੰਦਾ ਹੈ।

ਸੜਕ ਹਾਦਸੇ ਭਾਵੇਂ ਪੂਰੀ ਦੁਨੀਆ ਵਿੱਚ ਵਾਪਰਦੇ ਹਨ ਪਰ ਸੜਕ ਹਾਦਸਿਆ ਦੀ ਪੰਜਾਬ ਵਿੱਚ ਸਥਿਤੀ ਬੜੀ ਭਿਆਨਕ ਹੈ। ਇਥੇ ਤਕਰੀਬਨ ਹਰ ਰੋਜ਼ 25 ਘਰਾਂ ਵਿੱਚ ਸੜਕ ਹਾਦਸੇ ਸੱਥਰ ਵਿਛਾ ਦਿੰਦੇ ਹਨ। ਪੰਜਾਬ ਵਿੱਚ 2020 ਦੇ ਅੰਕੜਿਆਂ ਮੁਤਾਬਿਕ ਤਕਰੀਬਨ 8000 ਪੰਜਾਬੀਆਂ ਨੇ ਸੜਕ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗਵਾਈਆਂ ਸਨ। ਬੇਸ਼ੱਕ ਇਨ੍ਹਾਂ ਹਾਦਸਿਆਂ ਪਿਛੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਤੇਜ਼ ਰਫ਼ਤਾਰ, ਨਸ਼ੇ ‘ਚ ਡਰਾਈਵਿੰਗ, ਡਰਾਇਵਰ ਦਾ ਧਿਆਨ ਭਟਕਣਾ, ਟਰੈਫਿਕ ਲਾਈਟਾਂ ਦੀ ਉਲੰਘਣਾ, ਗ਼ਲਤ ਪਾਸੇ ਗੱਡੀ ਚਲਾਉਣੀ, ਰਾਤ ਨੂੰ ਬਿਨਾ ਬੱਤੀਆਂ ਡਰਾਈਵਿੰਗ ਕਰਨੀ, ਗੱਡੀਆਂ ਦੀ ਹਾਲਤ ਠੀਕ ਨਾ ਹੋਣੀ, ਸੜਕਾਂ ‘ਤੇ ਫਿਰਦੇ ਜਾਨਵਰ, ਅਣਜਾਣ ਬੰਦੇ ਵੱਲੋਂ ਡਰਾਈਵਿੰਗ, ਪੈਦਲ ਯਾਤਰੀ,ਸੜਕਾਂ ਦੀ ਹਾਲਤ ਠੀਕ ਨਾ ਹੋਣੀ, ਗ਼ਲਤ ਮੋੜ ਮੁੜਨਾ, ਰੇਸ ਲਾਉਣੀ, ਧੁੰਦ, ਧੂਆਂ, ਟਾਇਰਾਂ ਦਾ ਫੱਟਣਾ, ਟਾਇਰਾਂ ਵਿੱਚ ਹਵਾ ਘੱਟ ਹੋਣਾ, ਸੜਕਾਂ ‘ਤੇ ਗ਼ਲਤ ਪਾਰਕਿੰਗ ਆਦਿ।

ਪਰ ਰਾਤ ਵੇਲੇ ਸੜਕਾਂ ਤੇ ਖੜੇ ਬਿਨਾਂ ਲਾਈਟਾਂ ਅਤੇ ਰੀਫਲੈਕਟਰ ਤੋਂ ਵਾਹਨਾਂ ਖ਼ਾਸ ਕਰਕੇ ਟਰੱਕਾ ਨਾਲ ਹੋਣ ਵਾਲੇ ਹਾਦਸਿਆਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਟਰੱਕ ਅਤੇ ਹੋਰ ਵਾਹਨ ਚਾਲਕਾ ਨੂੰ ਰਾਤ ਵੇਲੇ ਸੜਕਾਂ ਤੇ ਵਾਹਨ ਖੜੇ ਕਰਨ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਅਗਰ ਐਮਰਜੈਂਸੀ ਹੈ ਤਾਂ ਪਾਰਕਿੰਗ ਲਾਈਟਾਂ ਜ਼ਰੂਰ ਜਗਾਉਣੀ ਚਾਹੀਦੀਆਂ ਹਨ ਅਤੇ ਪਿਛਲੇ ਪਾਸੇ ਰੀਫਲੈਕਟਰ ਜ਼ਰੂਰ ਲੱਗੇ ਹੋਣੇ ਚਾਹੀਦੇ ਹਨ। ਪੁਲਿਸ ਪੈਟਰੋਲਿੰਗ ਟੀਮ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਸਾਡਾ ਵੀ ਇਨਸਾਨ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਅਗਰ ਰਾਤ ਵੇਲੇ ਸੜਕ ਕਿਨਾਰੇ ਕੋਈ ਵੀ ਬਿਨਾਂ ਲਾਈਟਾਂ ਅਤੇ ਰੀਫਲੈਕਟਰ ਤੋਂ ਵਾਹਨ ਨਜ਼ਰ ਆਉਂਦਾ ਹੈ ਤਾਂ ਤੁਰੰਤ 100 ਨੰਬਰ ਤੇ ਪੁਲਿਸ ਨੂੰ ਇਤਲਾਹ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਕਈ ਕੀਮਤੀ ਜਾਨਾਂ ਬਚਾ ਸਕਦੇ ਹੋ।

ਹਾਦਸਿਆਂ ਕਾਰਨ ਸਿਰਫ਼ ਵਿਅਕਤੀਆਂ ਦੀਆਂ ਜਾਨਾਂ ਹੀ ਨਹੀਂ ਜਾਂਦੀਆਂ ਸਗੋਂ ਘਰਾਂ ਵਿੱਚ ਤਾਂ ਪਿਛੇ ਬਚੇ ਪਰਿਵਾਰ ਲਈ ਮੁਸੀਬਤਾਂ ਦੇ ਪਹਾੜ ਹੀ ਟੁੱਟ ਪੈਂਦੇ ਹਨ ਕਿਉਂਕਿ ਕਈ ਘਰਾਂ ‘ਚ ਮਰਨ ਵਾਲਾ ਹੀ ਘਰ ਦਾ ਕਮਾਉਣ ਵਾਲਾ ਹੁੰਦਾ ਹੈ। ਇਨ੍ਹਾਂ ਹਾਦਸਿਆਂ ਕਾਰਨ ਹਸਪਤਾਲਾਂ ਤੇ ਬੋਝ ਵਧਦਾ ਹੈ ਅਤੇ ਗੱਡੀਆਂ ਦਾ ਨੁਕਸਾਨ ਦੇਸ਼ ਦੀ ਤਰੱਕੀ ਦੀ ਰਫ਼ਤਾਰ ਮੱਠੀ ਕਰਦਾ ਹੈ। ਇਨ੍ਹਾਂ ਹਾਦਸਿਆਂ ‘ਚ ਜਾਨ ਗਵਾਉਣ ਨਾਲ਼ ਭਾਵਨਾਤਮਿਕ ਘਾਟਾ ਵੀ ਪਰਿਵਾਰਾਂ ਨੂੰ ਤੋੜ ਦਿੰਦਾ ਹੈ ਸੋ ਆਓ ਸਾਰੇ ਰਲ ਮਿਲ ਕੇ ਇਹੋ ਜਿਹੇ ਹਾਦਸਿਆਂ ਨੂੰ ਰੋਕਣ ਲਈ ਉਪਰਾਲੇ ਕਰੀਏ।

ਕੁਲਦੀਪ ਸਾਹਿਲ
9417990040

 

Previous articleਛਾਂ ਕਿੱਥੇ ਗਈ
Next articleਕਵਿਤਾ