(ਸਮਾਜ ਵੀਕਲੀ)
ਮੁਖਤਿਆਰ ਸਿੰਘ ਤੂਫ਼ਾਨ ਬੀਹਲਾ ਅਜਿਹਾ ਗੀਤਕਾਰ, ਸਾਹਿਤਕਾਰ, ਢਾਡੀ ਵਾਰਾ ਦਾ ਲੇਖਕ ਹੈ ਜੋ ਕਿ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀ ਹੈ |ਸਾਇਦ ਹੀ ਕੋਈ ਅਜਿਹਾ ਢਾਡੀ ਜੱਥਾ ਹੋਵੇਗਾ ਜਿਸ ਨੇ ਤੂਫ਼ਾਨ ਬੀਹਲੇ ਦੇ ਲਿਖੇ ਪ੍ਰਸੰਗ ਨਹੀ ਗਾਏ ਹੋਣੇ| ਮਾਝਾ,ਮਾਲਵਾ ,ਦੁਆਬਾ ਪੰਜਾਬ ਦੇ ਹਰ ਕੋਨੇ ਦੇ ਢਾਡੀ ਜੱਥਿਆ ਨੇ ਤੂਫ਼ਾਨ ਬੀਹਲੇ ਦੇ ਪ੍ਰਸੰਗ ਰਿਕਾਰਡ ਕਰਵਾਏ ਹਨ |
ਜ਼ਿਲ੍ਹਾ ਬਰਨਾਲਾ ਦੇ ਪਿੰਡ ਬੀਹਲਾ ਵਿਖੇ 9 ਫਰਵਰੀ 1948 ਨੂੰ ਪਿਤਾ ਲਾਭ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਸੁਲੱਖਣੀ ਕੁੱਖੋ ਜਨਮਿਆ ਤੂਫ਼ਾਨ ਬੀਹਲਾ ਸਕੂਲ ਸਮੇਂ ਹੀ ਗਾਉਣ ਲੱਗ ਪਿਆ ਸੀ |ਜਦ ਇਹ ਸਕੂਲ ਪੜ੍ਹਦੇ ਸਨ ਤਾਂ ਸਬੱਬ ਨਾਲ ਪ੍ਰਸਿੱਧ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਵੀ ਉਸੇ ਸਕੂਲ ਵਿੱਚ ਟੀਚਰ ਸਨ |ਉਹਨਾਂ ਨੇ ਇਸ ਵਿਦਿਆਰਥੀ ਵਿੱਚ ਲਿਖਣ, ਗਾਉਣ ਦੀਆਂ ਅਨੇਕਾਂ ਸੰਭਾਵਨਾਵਾ ਮਹਿਸੂਸ ਕੀਤੀਆਂ | ਉਦਾਸੀ ਨੇ ਹੀ ਇਸ ਨੂੰ ਹੱਲਾਸੇਰੀ ਦਿੱਤੀ ਅਤੇ ਤਰਾਸਣਾ ਸ਼ਰੂ ਕਰ ਦਿੱਤਾ ਜੋ ਮੁਖਤਿਆਰ ਵਾਸਤੇ ਸੋਨੇ ਤੇ ਸੁਹਾਗਾ ਸਾਬਤ ਹੋਇਆ |ਸਕੂਲ ਪੜ੍ਹਦਿਆ ਹੀ ਇਸਨੇ ਉਦਾਸੀ ਦੀ ਰਹਿਨਮੁਨਾਈ ਹੇਠ ਅਨੇਕਾ ਸਨਮਾਨ ਪ੍ਰਾਪਤ ਕੀਤੇ |
ਤੂਫਾਨ ਅਕਸਰ ਦੱਸਦੈ ਕਿ 1959 ਵਿੱਚ ਮੈਂ ਪੰਜਵੀ ਦਾ ਵਿਦਿਆਰਥੀ ਸਾ ਉਸ ਸਮੇ ਦੇ ਮੁੱਖ ਮੰਤਰੀ ਸ੍ਰ. ਪ੍ਰਤਾਪ ਸਿੰਘ ਕੈਰੋ ਦੇ ਸੁਆਗਤ ਵਿੱਚ ਆਪਣਾ ਲਿਖਿਆ ਗੀਤ “ਅੱਜ ਕੋਈ ਆਇਆ ਸਾਡੇ ਵਿਹੜੇ, ਖਿੜ ਗਏ ਫੁੱਲ ਬਹਾਰਾਂ ਦੇ ” ਗਾਇਆ ਤਾਂ ਪ੍ਰਤਾਪ ਸਿੰਘ ਕੈਰੋ ਇਸ ਨੂੰ ਸੁਣਕੇ ਐਨੇ ਖੁਸ਼ ਹੋਏ ਤਾਂ ਉਹਨਾਂ ਆਖਿਆ ਕਿ ਇਹ ਬੱਚਾ ਆਉਣ ਵਾਲੇ ਸਮੇਂ ਵਿੱਚ ਕਲਾ ਦੇ ਖੇਤਰ ਵਿੱਚ ਇੱਕ ਤੂਫ਼ਾਨ ਲੈ ਕੇ ਆਵੇਗਾ |ਜੋ ਸੱਚ ਸਾਬਿਤ ਹੋਇਆ (ਯਾਦ ਰਹੇ ਕਿ ਕੁਲਦੀਪ ਮਾਣਕ ਦੇ ਨਾਂ ਨਾਲ ਮਾਣਕ ਤਖੱਲਸ ਵੀ ਪ੍ਰਤਾਪ ਸਿੰਘ ਕੈਰੋ ਨੇ ਲਾਇਆ ਸੀ )|
ਨਿਮਰ ਸੁਭਾਅ, ਗਿਆਨਵਾਨ, ਸ਼ਖਸੀਅਤ, ਧਾਰਮਿਕ ਖੇਤਰ ਦਾ ਵਿਸ਼ਾਲ ਗਿਆਨ ਰੱਖਣ ਵਾਲੇ ਤੂਫ਼ਾਨ ਬੀਹਲਾ ਦੇ 250 ਦੇ ਕਰੀਬ ਪ੍ਰਸੰਗ ਤਾਂ ਰਿਕਾਰਡ ਹੋ ਚੁੱਕੇ ਹਨ | ਪ੍ਰਸਿੱਧ ਢਾਡੀ ਸ੍ਰ. ਗੁਰਬਖਸ਼ ਸਿੰਘ ਅਲਬੇਲਾ ਦੇ ਜੱਥੇ ਵੱਲੋ ਰਿਕਾਰਡ ਕੈਸ਼ਿਟ “ਦੁੱਖ ਭੰਜਨੀ ਬੇਰੀ ” ਅਤੇ ਮਿਥਿਹਾਸਕ ਪ੍ਰਸੰਗ “ਮਾਂ ਦਾ ਦਿਲ “ਅਤੇ ਹੋਰ ਅਨੇਕਾ ਕੈਸ਼ਿਟਾ ਦਾ ਤਾਂ ਕੰਪਨੀਆਂ ਵੱਲੋ ਮਾਲ ਵੀ ਪੂਰਾ ਨਹੀ ਸੀ ਹੋ ਸਕਿਆ |ਤੂਫਾਨ ਦੇ ਲਿਖੇ ਅਤੇ ਗੁਰਬਖਸ ਸਿੰਘ ਅਲਬੇਲਾ, ਬਲਦੇਵ ਬਿੱਲੂ, ਜਸਵੰਤ ਦੀਵਾਨਾ ,ਸਾਰੰਗੀ ਮਾਸਟਰ ਦਰਸ਼ਨ ਸਿੰਘ ਪੂਹਲਾ ਦੇ ਗਾਏ ਧਾਰਮਿਕ ਗੀਤ ਲੋਕਾਂ ਦੀ ਜ਼ੁਬਾਨ ਤੇ ਅੱਜ ਵੀ ਹਨ |
ਜਿੱਥੇ ਧਾਰਮਿਕ ਗੀਤਕਾਰੀ ਦੇ ਖੇਤਰ ਵਿੱਚ ਹਾਲੇ ਤੱਕ ਤੂਫ਼ਾਨ ਬੀਹਲਾ ਸਿਖਰਾ ‘ਤੇ ਖਲੋਤਾ ਹੈ ਉੱਥੇ ਦੂਸਰਾ ਪੱਖ ਹਾਲੇ ਤਾਈ ਕਿਸੇ ਖੁੱਲ੍ਹ ਕੇ ਉਭਾਰਿਆ ਨਹੀ ਸੱਭਿਆਚਾਰਕ, ਸਮਾਜਿਕ ਤੇ ਰੁਮਾਟਿਕ ਖੇਤਰ ਵਿੱਚ ਵੀ ਉਹ ਗੁਣਾਤਿਮਕ ਪੱਖੋ ਮੂਹਰਲੀਆ ਸਫਾ ਦੇ ਗੀਤਕਾਰਾਂ ਵਿੱਚੋ ਹੈ| ਤੂਫ਼ਾਨ ਬੀਹਲਾ ਉਹਨਾਂ ਗੀਤਕਾਰਾਂ ਵਿੱਚੋ ਹੈ ਜਿਹਨਾਂ ਨੂੰ ਸੱਚਮੁੱਚ ਲਿਖਣਾ ਆਉਦਾ, ਤੂਫਾਨ ਨੇ ਕਦੇ ਕਿਸੇ ਗੀਤਕਾਰ ਦੀ ਕੋਈ ਵੀ ਲਾਈਨ ਆਪਣੇ ਗੀਤਾਂ ਵਿੱਚ ਨਹੀ ਵਰਤੀ ਭਾਵੇ ਹੀ ਉਸਦੇ ਗੀਤਾਂ ਨੂੰ ਚੋਰੀ ਕਰਕੇ ਕਈ ਗੀਤਕਾਰ ਹਿੱਟ ਹੋਏ ਪਰ ਅਜਿਹੇ ਗੀਤਕਾਰ ਅੱਜ ਕਿਤੇ ਲੱਭਦੇ ਵੀ ਨਹੀ ਹਨ |
ਤੂਫ਼ਾਨ ਬੀਹਲਾ ਦੇ ਲਿਖੇ ਗੀਤ ਗਾਇਕ ਨਛੱਤਰ ਛੱਤਾ ਦੀ ਆਵਾਜ਼ ਵਿੱਚ “ਲੈ ਜਾਈ ਇੱਕ ਸੁਨੇਹਾ ਮੇਰੇ ਬਾਬਲ ਵਰਗਿਆ ਵੇ “ਬਲਕਾਰ ਸਿੱਧੂ ਦਾ “ਦੋ ਦਿਨ ਖੇਡਣ ਦੇ ਚੰਨ ਵੇ,ਮੌਜ਼ਾ ਮਾਨਣ ਦੇ ਅੜਿਆ, ਕਿਓ ਰੁੱਸ -ਰੁੱਸ ਬਹਿਨਾ ਏ ਢੋਲਾ “,ਹਰਦੇਵ ਮਾਹੀਨੰਗਲ, ਦਿਲਸ਼ਾਦ ਅਖ਼ਤਰ, ਪ੍ਰਗਟ ਭਾਗੂ ਆਦਿ ਨੇ ਲੋਕ ਸੁਰ ਅਤੇ ਲੋਕ ਲਹਿਜੇ ਵਿੱਚ ਗਾ ਕੇ ਸ੍ਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ ਹੈ |ਅੱਜ ਦਾ ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ ਅਕਸਰ ਕਹਿੰਦਾ ਹੈ ਕਿ ਬੀਹਲਾ ਜੀ ਐਨੇ ਪ੍ਰਸਿੱਧ ਹੋਣ ਤੇ ਵੀ ਐਨੇ ਨਿਮਰ, ਮਿੱਠ ਬੋਲੜੇ ਹਰ ਇੱਕ ਨੂੰ ਆਪਣਾ ਬਣਾ ਲੈਣ ਵਾਲੇ ਸ਼ਖਸ ਹਨ |ਹਰ ਤਰ੍ਹਾ ਦੇ ਅਲੱਗ -ਅਲੱਗ ਵਿਸ਼ਿਆ ਉੱਤੇ ਅਤੇ ਓੁਹਨਾ ਨਿਭਾਅ ਸੱਚ ਮੁੱਚ ਮਾਲਾ ‘ਚ ਮੋਤੀ ਪ੍ਰੋਣ ਵਾਲੀ ਗੱਲ ਹੈ |
ਤੂਫ਼ਾਨ ਬੀਹਲਾ ਹੁਣ 75 ਸਾਲ ਦਾ ਹੋ ਗਿਆ ਹੈ | ਭਾਵੇ ਤੂਫਾਨ ਲਿਖਦੈ –
“ਖੁਰਾਕ ਖਾਂਦਿਆ ਮਰਦ ਤੇ ਘੋੜਾ ਕਦੇ ਨਾ ਹੁੰਦਾ ਮੌਲਾ
ਪਿਆ ਕੰਧੋਲੀ ਉੱਤੇ ਵੇਖ ਲੈ, ਸਵਾ ਸੇਰ ਦਾ ਕੌਲਾ
ਦੁੱਧ ਪੀ ਕੇ ਮੈਂ ਡੰਡ ਮਾਰਦਾ, ਤੜਕੇ ਲਾਉਦਾ ਰੇਸ
ਸ਼ਾਹ ਜੀ ਬਾਬਾ ਕਹਿਕੇ, ਕਰਤੀ ਪੱਟੀ ਮੇਸ਼ ”
ਪਰ ਉਮਰਾਂ ਦਾ ਵੀ ਆਪਣਾ ਹੀ ਰੰਗ ਹੁੰਦਾ ਹੈ | ਭਾਵੇ ਤੂਫ਼ਾਨ ਬੀਹਲੇ ਨੇ ਲਿਖਣ ਦੇ ਖੇਤਰ ਵਿੱਚ ਤੂਫਾਨ ਲਿਆਈ ਰੱਖਿਆ ਹੈ |ਅਕਸਰ ਤੂਫ਼ਾਨ ਵੀ ਤਾਂ ਕਿਤੇ ਨਾ ਕਿਤੇ ਥੰਮਦਾ ਹੀ ਹੈ| ਤੂਫ਼ਾਨ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਰਿਹਾ ਹੈ ਪਰ ਉਸਦਾ ਬੇਹੱਦ ਸਾਊ ਹੋਣਾ, ਕਿਸੇ ਖੇਤਰ ‘ਚ ਸੌਦੇਵਾਜੀ ਨਾ ਕਰਨਾ ਉਸ ਤੋ ਵੀ ਅੱਗੇ ਕਿਰਤੀ ਦਲਿਤ ਪਰਿਵਾਰ ‘ਚੋ ਹੋਣਾ ਉਸ ਲਈ ਹਮੇਸ਼ਾ ਸਰਾਪ ਹੀ ਸਿੱਧ ਹੋਇਆ ਹੈ |ਤਿੰਨ ਬੇਟੇ ਰਾਜਵੰਸ ਸਿੰਘ, ਰਾਜੀਵਨ ਸਿੰਘ, ਰਾਜ ਕ੍ਰਿਸ਼ਨ ਸਿੰਘ ਹਨ ਦੋ ਬੇਟੀਆ ਪ੍ਰਮਜੀਤ ਕੌਰ ਤੇ ਜਸਵਿੰਦਰ ਕੌਰ ਹਨ, ਬੇਟੇ ਵੀ ਆਪਣੀ ਵਿਰਾਸਤੀ ਕਲਾ ਨੂੰ ਸਮਰਪਿਤ ਹਨ |ਕਬੀਲਦਾਰੀਆਂ ਮਨੁੱਖ ਨੂੰ ਕੁੱਬਾ ਕਰ ਦਿੰਦੀਆਂ ਹਨ |
ਆਰਥਿਕ ਤੌਰ ਤੇ ਤੂਫਾਨ ਦੀ ਜ਼ਿੰਦਗੀ ਨੇ ਮੈਂਨੂੰ ਲੱਗਦਾ ਹਮੇਸ਼ਾ ਘੇਸਲ ਜਿਹੀ ਵੱਟੀ ਰੱਖੀ ਹੈ | ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਹੀਰੇ ਦੀ ਜਿਊਦੇ ਜੀ ਕਦਰ ਪਾਵੇ| ਉਸਦੇ ਸ਼ੁਭ ਚਿੰਤਕਾਂ ਨੂੰ ਵੀ ਚਾਹੀਦਾ ਕਿ ਬੁਢਾਪੇ ਵੇਲੇ ਇਹ ਸਖਸ਼ ਤੰਗੀਆਂ ਤੁਰਸੀਆਂ ਹੀ ਨਾ ਕੱਟੇ |ਅਸੀ ਇਸ ਮਾਣਮੱਤੇ ਸੱਜਣ ਦੀ ਸਿਹਤਮੰਦ ਅਤੇ ਲੰਮੀ ਉਮਰ ਦੀ ਦੁਆ ਕਰਦੇ ਹਾ ਆਮੀਨ ÷
ਜਗਮੋਹਣ ਸ਼ਾਹ ਰਾਏਸਰ
ਮੋ.- 94786-81528