ਏਹੁ ਹਮਾਰਾ ਜੀਵਣਾ ਹੈ -208

ਬਰਜਿੰਦਰ ਕੌਰ ਬਿਸਰਾਓ.

(ਸਮਾਜ ਵੀਕਲੀ)

ਸਮਾਜ ਰਿਸ਼ਤਿਆਂ ਦੇ ਤਾਣੇ ਬਾਣੇ ਦਾ ਬੁਣਿਆ ਹੋਇਆ ਇੱਕ ਜਾਲ ਹੁੰਦਾ ਹੈ ।ਮੁੱਢ ਕਦੀਮ ਤੋਂ ਹੀ ਰਿਸ਼ਤੇ ਸਮਾਜ ਦਾ ਮੱਹਤਵਪੂਰਨ ਅੰਗ ਰਹੇ ਹਨ|ਮੂਲ ਰੂਪ ਵਿਚ ਕਿਸੇ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ-ਪ੍ਰਣਾਲੀ ਦੀ ਬੁਨਿਆਦ ਪਰਿਵਾਰ ਹੈ|ਪਰਿਵਾਰ ਵਿਚੋਂ ਹੀ ਕਈ ਕਿਸਮ ਦੇ ਰਿਸ਼ਤੇ ਉਸਰਦੇ,ਪਲਦੇ ਅਤੇ ਵਿਗਸਦੇ ਹੋਏ ਪ੍ਰਵਾਨ ਚੜ੍ਹਦੇ ਹਨ|ਮੁੱਖ ਤੌਰ ‘ਤੇ ਪਰਿਵਾਰਕ ਰਿਸ਼ਤੇ ਮਾਂ,ਪਿਓ, ਭੈਣ ਭਰਾ, ਪਤੀ ਪਤਨੀ ਦੇ ਰੂਪ ਵਿਚ ਉੱਘੜਦੇ ਹਨ|ਇਹਨਾਂ ਮੁੱਖ ਰਿਸ਼ਤਿਆਂ ਦੀਆਂ ਪਾਈਆਂ ਹੋਈਆਂ ਸਾਂਝੀਆਂ ਤੰਦਾਂ ਉਪਰ ਹੀ ਬਾਕੀ ਸਾਰੇ ਰਿਸ਼ਤੇ ਪ੍ਰਵਾਨ ਚੜ੍ਹਦੇ ਹਨ ।ਇਸ ਲਈ ਹਰ ਸ਼ਖਸ ਦੀ ਨਿੱਜੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਸੰਭਾਲ ਲਈ ਸਮਝੌਤਾ ਬਹੁਤ ਜ਼ਰੂਰੀ ਹੁੰਦਾ ਹੈ।

ਹਰ ਵਿਅਕਤੀ ਵੱਡੇ ਜਾਂ ਛੋਟੇ ਸਮਝੌਤਿਆਂ ਦੀ ਲੜੀ ਵਿੱਚੋਂ ਲੰਘਦਾ ਹੋਇਆ ਆਪਣੀ ਜ਼ਿੰਦਗੀ ਨੂੰ ਅਗਾਂਹ ਤੋਰਦਾ ਹੈ।ਜੇ ਦੇਖਿਆ ਜਾਵੇ ਤਾਂ ਇਨਸਾਨ ਬਚਪਨ ਵਿੱਚ ਹੀ ਸਮਝੌਤਾ ਕਰਨਾ ਸਿੱਖ ਜਾਂਦਾ ਹੈ ਜਦੋਂ ਉਹਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਪਰ ਮਾਂ ਬਾਪ ਕਿਸੇ ਮਜ਼ਬੂਰੀ ਕਾਰਨ ਲੈ ਕੇ ਨਹੀਂ ਦੇ ਸਕਦੇ ਤਾਂ ਬੱਚਾ ਰੋ ਕੁਰਲਾ ਕੇ ਮਨ ਨਾਲ ਸਮਝੌਤਾ ਕਰਕੇ ਚੁੱਪ ਕਰ ਜਾਂਦਾ ਹੈ।ਇਸੇ ਤਰ੍ਹਾਂ ਘਰ ਵਿੱਚ ਰਹਿੰਦੇ ਹੋਏ ਇਨਸਾਨ ਨੂੰ ਹਰ ਰਿਸ਼ਤੇ ਨੂੰ ਨਿਭਾਉਣ ਲਈ ਕਿਤੇ ਨਾ ਕਿਤੇ ਸਮਝੌਤਾ ਕਰਨਾ ਹੀ ਪੈਂਦਾ ਹੈ।

ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਸਾਰੇ ਜੀਆਂ ਦੇ ਸੁਭਾਅ ਇੱਕੋ ਜਿਹੇ ਨਹੀਂ ਹੁੰਦੇ। ਕਿਸੇ ਦਾ ਸੁਭਾਅ ਨਰਮ ਤੇ ਕਿਸੇ ਦਾ ਗਰਮ ਹੁੰਦਾ ਹੈ , ਕਿਸੇ ਦਾ ਜ਼ਿੱਦੀ ਤੇ ਕਿਸੇ ਦਾ ਅੜੀਅਲ ਹੁੰਦਾ ਹੈ, ਕਿਸੇ ਦਾ ਸਹਿਜਤਾ ਵਾਲ਼ਾ ਅਤੇ ਸਹਿਯੋਗ ਭਰਪੂਰ ਸੁਭਾਅ ਹੁੰਦਾ ਹੈ। ਫਿਰ ਵੀ ਸਭ ਦੇ ਵਖਰੇਵੀਂ ਸੋਚ ਵਾਲੇ ਸੁਭਾਅ ਹੋਣ ਦੇ ਬਾਵਜੂਦ ਵੀ ਸਾਰਾ ਪਰਿਵਾਰ ਇੱਕ ਛੱਤ ਹੇਠਾਂ ਇੱਕਠੇ ਰਹਿਣ ਦਾ ਜਤਨ ਕਰਦਾ ਹੈ।ਇਹ ਸਭ ਹਰ ਇੱਕ ਜੀਅ ਦੇ ਕਿਸੇ ਨਾ ਕਿਸੇ ਸਮਝੌਤੇ ਕਾਰਨ ਹੀ ਸੰਭਵ ਹੋ ਸਕਦਾ ਹੈ।

ਆਪਣੀ ਨਿੱਜੀ ਜ਼ਿੰਦਗੀ ਵਿੱਚ ਸਮਝੌਤਾ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ।ਜੇ ਪਰਿਵਾਰ ਨੂੰ ਸੰਗਠਿਤ ਰੱਖਣ ਲਈ ਸਮਝੌਤਾ ਕੀਤਾ ਗਿਆ ਹੋਵੇ ਤਾਂ ਉਹ ਇੱਕ ਵਰਦਾਨ ਸਾਬਤ ਹੋਵੇਗਾ। ਪਤੀ-ਪਤਨੀ,ਮਾਪੇ ਅਤੇ ਬੱਚੇ, ਸੱਸ-ਨੂੰਹ ,ਪਿਓ-ਪੁੱਤ ਅਦਿਕ ਰਿਸ਼ਤੇ ਬਹੁਤ ਅਨਮੋਲ ਰਿਸ਼ਤੇ ਹੁੰਦੇ ਹਨ। ਇਹਨਾਂ ਰਿਸ਼ਤਿਆਂ ਵਿੱਚ ਜੇ ਪਿਆਰ ਹੋਵੇ ਤਾਂ ਉਸ ਤੋਂ ਵੱਡਾ ਕੋਈ ਸਵਰਗ ਨਹੀਂ ਹੁੰਦਾ ਪਰ ਜੇ ਇਹਨਾਂ ਰਿਸ਼ਤਿਆਂ ਵਿੱਚ ਕੜਵਾਹਟ ਪੈਦਾ ਹੋ ਜਾਵੇ ਤਾਂ ਸਭ ਦੀ ਜ਼ਿੰਦਗੀ ਨਰਕ ਸਮਾਨ ਹੋ ਜਾਂਦੀ ਹੈ। ਇਹਨਾਂ ਰਿਸ਼ਤਿਆਂ ਵਿੱਚ ਵਿਚਰਦਿਆਂ ਜੇ ਕੋਈ ਸਮਝੌਤਾ ਕਰਕੇ ਪਰਿਵਾਰ ਵਿੱਚ ਖੁਸ਼ੀ ਤੇ ਪਿਆਰ ਕਾਇਮ ਹੁੰਦਾ ਹੋਵੇ ਤਾਂ ਛੋਟੇ ਮੋਟੇ ਸਮਝੌਤੇ ਕਰਨ ਦਾ ਕੀ ਹਰਜ਼ ਹੈ। ਸਮਝੌਤਾ ਕਰਨ ਲਈ ਮਨੁੱਖ ਨੂੰ ਆਪਣੇ ਅੰਦਰ ਸਕਾਰਾਤਮਕ ਸੋਚ ਪੈਦਾ ਕਰਨੀ ਪੈਂਦੀ ਹੈ, ਹਉਮੈ ਤੇ ਅਹੰਕਾਰ ਦੀ ਭਾਵਨਾ ਨੂੰ ਤਿਆਗਣਾ ਪੈਂਦਾ ਹੈ। ਸਮਝੌਤਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ।

ਕਈ ਲੋਕ ਜ਼ਿੰਦਗੀ ਵਿੱਚ ਆਪਣੇ ਕਿਸੇ ਵੀ ਰਿਸ਼ਤੇ ਨਾਲ਼ ਸਮਝੌਤਾ ਕਰਕੇ ਸਾਰੀ ਦੁਨੀਆਂ ਵਿੱਚ ਡੌਂਡੀ ਪਿੱਟਦੇ ਫਿਰਦੇ ਹਨ ਕਿ ਮੈਂ ਜ਼ਿੰਦਗੀ ਵਿੱਚ ਬਹੁਤ ਸਮਝੌਤੇ ਕੀਤੇ ਹਨ। ਫਿਰ ਆਪਣੇ ਉਸ ਰਿਸ਼ਤੇ ਪ੍ਰਤੀ ਸਹਾਨੁਭੂਤੀ ਲੈਣ ਦੀ ਕੋਸ਼ਿਸ਼ ਕਰਦੇ ਹਨ।ਜੇ ਸਮਝੌਤਾ ਕਰ ਹੀ ਲਿਆ ਹੈ ਤਾਂ ਉਸ ਬਾਰੇ ਰੌਲਾ ਪਾ ਕੇ ਦੁਨੀਆਂ ਦੀ ਹਮਦਰਦੀ ਹਾਸਲ ਕਰਕੇ ਆਪਣੇ ਆਪ ਨੂੰ ਛੋਟਾ ਨਾ ਕੀਤਾ ਜਾਵੇ।ਜੇ ਤੁਸੀਂ ਕਦਮ ਕਦਮ ਤੇ ਸਮਝੌਤੇ ਕਰਕੇ ਪਰਿਵਾਰ ਰੂਪੀ ਬੇੜੀ ਨੂੰ ਸਹੀ ਸਲਾਮਤ ਚਲਾ ਰਹੇ ਹੁੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਇੱਕ ਚੰਗੇ ਮਲਾਹ ਸਮਝੋ। ਤੁਸੀਂ ਤਾਂ ਪਹਿਲਾਂ ਹੀ ਬਹੁਤ ਵਧੀਆ ਅਤੇ ਬਹਾਦਰ ਇਨਸਾਨ ਹੁੰਦੇ ਹੋ। ਕਿਸੇ ਦੇ ਮੂੰਹੋਂ ਤਾਰੀਫ਼ ਕਰਵਾਕੇ ਕੋਈ ਪ੍ਰਸੰਸਾ ਪੱਤਰ ਲੈਣ ਦੀ ਲੋੜ ਨਹੀਂ ਹੁੰਦੀ। ਜਿਹੜਾ ਵਿਅਕਤੀ ਆਪਣੇ ਪਰਿਵਾਰ ਵਿਚਲੇ ਕਿਸੇ ਵੀ ਰਿਸ਼ਤੇ ਨਾਲ਼ ਬਹਿਸਬਾਜ਼ੀ ਜਾਂ ਲੜਾਈ ਝਗੜੇ ਦੀ ਥਾਂ ਸਮਝੌਤਾ ਕਰਕੇ ਆਪਣੀ ਅਤੇ ਬਾਕੀ ਸਭ ਦੀ ਜ਼ਿੰਦਗੀ ਖ਼ੁਸ਼ਹਾਲ ਬਣਾਉਂਦਾ ਹੈ ਉਹ ਬਹੁਤ ਮਹਾਨ ਇਨਸਾਨ ਹੁੰਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ…
9988901324

 

Previous articleਮਿਸ਼ਨ 100 % ਨੂੰ ਲੈ ਕੇ ਸਿੱਖਿਆ ਅਧਿਕਾਰੀਆਂ ਵੱਲੋਂ ਮਹੱਤਵਪੂਰਨ ਮੀਟਿੰਗ ਕੀਤੀ ਗਈ।
Next articleਰਣਜੀਤ ਸਿੰਘ ਪਵਾਰ ਜਲੰਧਰ ਦਿਹਾਤੀ (ਉੱਤਰੀ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ