ਮੇਜ਼ਬਾਨ ਪਿੰਡ ਦੀ ਟੀਮ ਰਹੀ ਫਾਈਨਲ ਜੇਤੂ
ਗੁਰਬਿੰਦਰ ਸਿੰਘ ਰੋਮੀ, ਘਨੌਲੀ (ਸਮਾਜ ਵੀਕਲੀ): ਚਾਰ ਦਿਨਾਂ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ਼ ਚੱਲ ਰਿਹਾ ਪਿੰਡ ਮਲਕਪੁਰ ਦਾ ਟੂਰਨਾਮੈਂਟ ਕੱਲ੍ਹ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਜਿਸ ਬਾਰੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਅਤੇ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਸ਼ਾਮਲ ਹੋਈਆਂ ਕੁੱਲ 38 ਟੀਮਾਂ ਵਿੱਚੋਂ ਮਲਕਪੁਰ ਤੇ ਰੋਪੜ ਦੀਆਂ ਟੀਮਾਂ ਫਾਈਨਲ ਖੇਡੀਆਂ ਅਤੇ ਮਲਕਪੁਰ ਨੇ ਟ੍ਰਾਫੀ ਤੇ ਇਨਾਮੀ ਰਾਸ਼ੀ ‘ਤੇ ਕਬਜ਼ਾ ਕੀਤਾ। ਪੂਰੇ ਟੂਰਨਾਮੈਂਟ ਦੀ ਸ਼ਾਨਦਾਰ ਅਗਵਾਈ ਕਰ ਰਹੇ ਫੁੱਟਬਾਲ ਕੋਚ ਸੁਖਦੇਵ ਸਿੰਘ ਸੁੱਖਾ ਨੂੰ ਉਚੇਚੇ ਤੌਰ ‘ਤੇ ਸੋਨੇ ਦੀ ਮੁੰਦਰੀ ਪਾ ਕੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੀ ਰਸਮ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਟੀਮ ਵੱਲੋਂ ਨਿਭਾਈ ਗਈ। ਇਸ ਮੌਕੇ ਜਥੇਦਾਰ ਸਤਵਿੰਦਰ ਸਿੰਘ ਚੈੜੀਆਂ, ਸਮਾਜ ਸੇਵੀ ਅਜੇਵੀਰ ਸਿੰਘ ਲਾਲਪੁਰਾ ਸੰਸਥਾਪਕ ਹਿਊਮੈਨਟੀਜ਼ ਫਸਟ ਆਰਗੇਨਾਈਜ਼ੇਸ਼ਨ ਦੀ ਟੀਮ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।