ਕੱਲ ਵਾਲੀ ਗੱਲ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਘੁਦੂ ਪੁਰਾਣੇ ਸਾਇਕਲ ਤੇ ਢਿਚੂ ਢਿਚੂ ਕਰਦਾ ਮਸਾਂ ਕੰਮ ਤੇ ਪਹੁੰਚਿਆ। ਅੱਗੋਂ ਠੇਕੇਦਾਰ ਲੋਹਾ ਲਾਖਾ ਹੋ ਕੇ ਬੋਲਿਆ, “ਕੀ ਗੱਲ ਅੱਜ ਫੇਰ ਅੱਧਾ ਘੰਟਾ ਲੇਟ , ਤੇਰੇ ਪਿਉ ਦਾ ਰਾਜ਼ ਆ, ਜਦੋਂ ਮਰਜ਼ੀ ਕੰਮ ਤੇ ਆਵੇ, ਕੱਲ ਵਾਲੀ ਗੱਲ ਯਾਦ ਆ, ਜਦੋਂ ਤੈਨੂੰ ਕੰਮ ਤੇ ਲੇਟ ਆਉਣ ਕਰਕੇ ਪਿੱਛੇ ਮੋੜਿਆ ਸੀ। ਅੱਜ ਫੇਰ ਉਹੀ ਕੰਮ,” ਘੁਦੂ ਨੇ ਬੜੀ ਨਿਮਰਤਾ ਨਾਲ ਕਿਹਾ, “ਜੀ ਕੱਲ ਮੇਰੀ ਛੋਟੀ ਕੁੜੀ ਬਿਮਾਰ ਹੋ ਗਈ ਸੀ, ਮੈਂ ਦਵਾਈ ਦਿਵਾਉਂਣ ਗਿਆ, ਅੱਗੋਂ ਡਾਕਟਰ ਲੇਟ ਆਇਆ ਫਿਰ ਮੈਂ ਕੀ ਕਰਦਾ,”।

“ਤੇ ਅੱਜ ਕੀ ਹੋ ਗਿਆ।” ਘੁਦੂ ਨੇ ਕਿਹਾ ਜੀ ਸਾਇਕਲ ਪੈਂਚਰ ਹੋ ਗਿਆ ਸੀ।” ਚਲੋ ਮੈਂ ਅੱਜ ਇੱਕ ਘੰਟਾ ਲੇਟ ਜਾਵਾਂਗਾ ਸਾਰਾ ਕੰਮ ਨਬੇੜ ਕੇ ਘੁਦੂ ਨੇ ਬੜੀ ਹਲੀਮੀ ਨਾਲ ਆਖਿਆ ਅਤੇ ਬੱਠਲ ਲ਼ੈ ਕੇ ਕਾਹਲੀ ਨਾਲ ਕੰਮ ਵੱਲ ਵਧਿਆ, ਜਦੋਂ ਕਿ ਠੇਕੇਦਾਰ ਪਹਿਲਾਂ ਹੀ ਸਮੇਂ ਤੋਂ ਵੱਧ ਕੰਮ ਕਰਾਉਂਦਾ ਸੀ ਤੇ ਪੈਸਿਆਂ ਵਾਰੀ ਆਨਾ ਕਾਨੀ ਕਰਦਾ ਸੀ। ਪੂਰਾ ਦਿਨ ਘੁਦੂ ਨੇ ਦੇਹਿ ਤੋੜ ਕੇ ਕੰਮ ਕੀਤਾ ਤੇ ਦੂਜਿਆਂ ਨਾਲੋਂ ਲੇਟ ਤੁਰਿਆ। ਹੁਣ ਹਨੇਰਾ ਗੂੜ੍ਹਾ ਹੁੰਦਾ ਜਾਂਦਾ ਸੀ।

ਘੁਦੂ ਹੌਲੀ ਹੌਲੀ ਜਾਂਦਾ ਤੇ ਨਾਲੇ ਸੋਚਦਾ ਕਿ ਮਸਾਂ ਕੰਮ ਮਿਲਦਾ , ਜੇ ਠੇਕੇਦਾਰ ਜੁਆਬ ਦੇ ਦੇਵੇ ਤਾਂ ਘਰ ਦਾ ਖ਼ਰਚਾ ਕਿਵੇਂ ਤੁਰੇਗਾ, ਗਰੀਬ ਦੀ ਜੇ ਇੱਕ ਦਿਹਾੜੀ ਨਾ ਲੱਗੇ ਤਾਂ ਰੋਟੀ ਪੱਕਣੀ ਮੁਸ਼ਕਿਲ ਹੋ ਜਾਂਦੀ ਆ, ਨਿੱਤ ਦੇ ਕਮਾਉਣ ਵਾਲੇ ਦਾ ਇਹੀ ਹਾਲ, ਸਵੇਰੇ ਸਾਜਰੇ ਕੰਮ ਤੇ ਆਉਣਾ ਪੈਂਦਾ ਤੇ ਲੇਟ ਹਟਣਾ ਪੈਂਦਾ ਗਰੀਬ ਦੀ ਨਾ ਕਦਰ ਤੇ ਨਾ ਕੋਈ ਜੂਨ, ਠੇਕੇਦਾਰ ਆਪ ਮਾਲਕਾਂ ਤੋਂ ਕੱਠੇ ਪੈਸੇ ਲੈ ਲੈਂਦੇ ਆ, ਤੇ ਮਜ਼ਦੂਰਾਂ ਨੂੰ ਭੋਰ ਭੋਰ ਦਿੰਦੇ ਆ, ਕੀ ਕੋਈ ਗਰਜ਼ ਕਰ ਲਵੇ, ਉੱਤੋਂ ਇਹ ਲੋਕ ਗਰੀਬਾਂ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾਉਂਦੇ ਆ।

ਇਹ ਸੋਚਾਂ ਸੋਚਦਾ ਘੁਦੂ ਨੂੰ ਪਤਾ ਇਹ ਨਹੀਂ ਲੱਗਿਆ ਕਿ ਆਪਣੇ ਬਿਨਾਂ ਬਾਰਾ ਵਾਲੇ ਘਰ ਅੱਪੜ ਗਿਆ ਤੇ ਥੱਕਿਆ ਟੁੱਟਿਆ ਬਿਨਾਂ ਨ੍ਹਾਤੇ ਹੀ ਮੰਜੀ ਤੇ ਪੈ ਗਿਆ ਕਿ ਮੈਂ ਕੱਲ ਨੂੰ ਕਿਤੇ ਲੇਟ ਨਾ ਹੋ ਜਾਵਾਂ ਘਰ ਵਾਲੀ ਦੇ ਕਹਿਣ ਤੇ ਵੀ ਘੁਦੂ ਮੰਜੀ ਤੋਂ ਨਾ ਉਠਿਆ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

Previous articleਤੂੰ ਤੇ ਮੈਂ……
Next articleਰਿਸ਼ਤਿਆਂ ਦੀ ਮੂਲ ਜੜ੍ਹ -ਔਰਤ