ਬੇਵੱਸ ਬਾਪ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

ਕਾਕੂ ਦਾਤਣ ਕੁਰਲਾ ਕਰ ਕੇ ਵਿਹੜੇ ਵਿੱਚ ਡਾਹੇ ਮੰਜੇ ਤੇ ਆ ਕੇ ਬੈਠਾ ਹੀ ਸੀ….

ਮਿੰਦੋ ਨੇ ਚਾਹ ਦਾ ਗਲਾਸ ਲਿਆ ਕੇ ਕਾਕੂ ਨੂੰ ਫੜਾਉਂਦਿਆਂ ਕਿਹਾ.. ਸੁਣੋ ਜੀ ਅੱਜ ਸਵੇਰੇ ਸਵੇਰੇ ਤੁਹਾਨੂੰ ਖੁਸ਼ਖ਼ਬਰੀ ਸੁਣਾਉਂਦੀ ਹਾਂ…ਆਪਣੀ ਧੀ ਲਾਡੋ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਘਰ ਆ ਰਹੀ ਹੈ.. ਮੈਂ ਜਦੋਂ ਰਸੋਈ ਵਿੱਚ ਤੁਹਾਡੇ ਲਈ ਚਾਹ ‍ਅਤੇ ਕੰਮ ਤੇ ਨਾਲ ਲੈ ਜਾਣ ਲਈ ਰੋਟੀ ਬਣਾ ਰਹੀ ਸੀ ਤਾਂ ਲਾਡੋ ਦਾ ਫ਼ੋਨ ਆਇਆ ਸੀ … ਕਹਿ ਰਹੀ ਸੀ ਪਿੰਡ ਆਉਣ ਵਾਲੀ ਪਹਿਲੀ ਬੱਸ ਚੜ੍ਹ ਕੇ ਹੀ ਅਸੀਂ ਦੋਵੇਂ ਘਰ ਆ ਰਹੇ ਹਾਂ… ਬੇਬੇ ਜੀ ਤੁਸੀਂ ਚਾਹ ਪਾਣੀ ਦੀ ਪੂਰੀ ਤਿਆਰੀ ਰੱਖਣਾ… ਨਾਲ਼ੇ ਬਾਪੂ ਨੂੰ ਕੰਮ ਤੋਂ ਅੱਜ ਛੁੱਟੀ ਕਰਵਾ ਦਿਓ.. ਬਾਪੂ ਨਾਲ ਬਹਿ ਕੇ ਗੱਲਾਂ ਕਰਨ ਨੂੰ ਬਹੁਤ ਦਿਲ ਕਰਦਾ ਹੈ ਮੇਰਾ…

ਕਾਕੂ ਸ਼ਹਿਰ ਦੇ ਇੱਕ ਲਾਲੇ ਦੀ ਦੁਕਾਨ ਤੇ ਕੰਮ ਕਰਦਾ ਸੀ…. ਪਰਿਵਾਰ ਵਿੱਚ ਤਿੰਨ ਧੀਆਂ ਚੋਂ ਲਾਡੋ ਸਭ ਤੋਂ ਵੱਡੀ ਸੀ, ਜਿਸ ਦੇ ਹਾਲੇ ਪੰਦਰਾਂ ਦਿਨ ਪਹਿਲਾਂ ਹੀ ਕਾਕੂ ਨੇ ਹੱਥ ਪੀਲ਼ੇ ਕਰ ਸਹੁਰੇ ਘਰ ਤੋਰਿਆ ਸੀ… ਵਿਆਹ ਤੇ ਖਰਚਾ ਵੀ ਹੈਸੀਅਤ ਤੋਂ ਵੱਧ ਹੋ ਗਿਆ ਸੀ.. ਕੁੱਝ ਪੈਸੇ ਜੋੜੇ ਹੋਏ ਸਨ, ਕੁੱਝ ਲਾਲੇ ਤੋਂ ਕਰਜ਼ੇ ਦੇ ਰੂਪ ਵਿੱਚ ਫੜੇ ਸਨ। ਕਾਕੂ ਨੂੰ ਹੁਣ ਲਾਡੋ ਤੋਂ ਦੋ ਛੋਟੀਆਂ ਜਵਾਨ ਹੋ ਰਹੀਆਂ ਧੀਆਂ ਦੇ ਵਿਆਹ ਦੀ ਫ਼ਿਕਰ ਲੱਗ ਗਈ ਸੀ…ਘਰ ਵਿੱਚ ਕੋਈ ਹੋਰ ਕਾਮਾ ਨਾ ਹੋਣ ਕਾਰਣ ਬੁੱਢੜੇ ਮਾਪਿਆਂ ਦੀ ਦਵਾਈ ਦਾ ਖਰਚਾ ਵੀ ਕਾਕੂ ਨੂੰ ਆਪਣੀ ਤਨਖਾਹ ਵਿੱਚੋਂ ਹੀ ਕਰਨਾ ਪੈਂਦਾ ਸੀ ….ਜ਼ਿੰਦਗੀ ਇੱਕ ਬਲ਼ਦ ਵਾਲੇ ਗੱਡੇ ਵਾਂਗ ਹੋਲ਼ੀ ਹੋਲ਼ੀ ਅੱਗੇ ਵੱਧ ਰਹੀ ਸੀ।

ਕਾਕੂ ਨੂੰ ਆਪਣੀ ਪਤਨੀ ਮਿੰਦੋਂ ਵੱਲੋਂ ਧੀ ਦੇ ਘਰ ਆਉਣ ਦੀ ਗੱਲ ਸੁਣ ਕੇ ਇੱਕ ਵਾਰ ਤਾਂ ਬਹੁਤ ਖੁਸ਼ੀ ਹੋਈ.. ਫੇਰ ਧੀ ਲਾਡੋ ਵੱਲੋਂ ਛੁੱਟੀ ਕਰਨ ਦੀ ਗੱਲ ਕੀਤੀ ਸੋਚ ਕੇ ਅਚਾਨਕ ਕਾਕੂ ਦਾ ਮੂੰਹ ਲਟਕ ਗਿਆ ਸੀ…

ਕਾਕੂ ਸੋਚ ਰਿਹਾ ਸੀ ਧੀ ਦੀ ਖਵਾਇਸ਼ ( ਜੋ ਕਿ ਭਾਂਵੇ ਛੋਟੀ ਹੀ ਸੀ) ਪੂਰੀ ਕਰਦੇ ਹੋਏ ਅੱਜ ਦੀ ਛੁੱਟੀ ਕਰਾਂ… ਜਾਂ ਕੰਮ ਤੇ ਜਾ ਕੇ ਅੱਜ ਦੇ ਦਿਨ ਦੇ ਛਿੜੇ ਖਰਚੇ ਦਾ ਹਲ਼ ਕੱਢਾਂ…

ਕਾਕੂ ਮਜਬੂਰ ਤੇ ਬੇਵੱਸ ਸੀ…ਲਾਲੇ ਦੀ ਦੁਕਾਨ ਤੇ ਜਾਣਾ ਹੀ ਬੇਹਤਰ ਸਮਝਿਆ… ਤੇ ਆਪਣੀ ਪਤਨੀ ਮਿੰਦੋਂ ਨੂੰ ਸਮਝਾਉਣ ਲੱਗਿਆ ਤੂੰ ਘਰ ਰਹਿ ਕੇ ਧੀ ਲਾਡੋ ਤੇ ਜਵਾਈ ਰਾਜੇ ਦੀ ਖ਼ਿਦਮਤ ਕਰੀਂ… ਮੈਂ ਲਾਡੋ ਤੇ ਜਵਾਈ ਰਾਜੇ ਨੂੰ ਸ਼ਾਮੀਂ ਆ ਕੇ ਮਿਲ਼ ਲਵਾਂ ਗਾ…ਜੇ ਮੈਂ ਕੰਮ ਤੇ ਨਾ ਗਿਆ ਤਾਂ ਲਾਲੇ ਨੇ ਅੱਜ ਦੀ ਦਿਹਾੜੀ ਕੱਟ ਲੈਂਣੀ ਹੈ.. ਮੈਨੂੰ ਤਾਂ ਲਾਲੇ ਤੋਂ ਪਹਿਲਾਂ ਦਾ ਲਿਆ ਕਰਜ਼ਾ ਵੀ ਮੋੜਣ ਦੀ ਚਿੰਤਾ ਲੱਗੀ ਰਹਿੰਦੀ ਹੈ…

ਕਾਕੂ ਮਜਬੂਰ ਸੀ , ਕਾਕੂ ਨੇ ਚਾਹ ਦਾ ਖ਼ਾਲੀ ਗਲਾਸ ਥੱਲੇ ਰੱਖਿਆ ਤੇ ਰੋਟੀ ਵਾਲਾ ਝੋਲਾ ਮਿੰਦੋ ਤੋਂ ਫੜ੍ਹ ਸਾਈਕਲ ਚੁੱਕ ਸ਼ਹਿਰ ਨੂੰ ਕੰਮ ਤੇ ਤੁਰ ਪਿਆ ਸੀ….

ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ, ਪ੍ਰਧਾਨ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ)
ਮੋਬਾ:9914721831

 

Previous articleਏਹੁ ਹਮਾਰਾ ਜੀਵਣਾ ਹੈ -204
Next articleਪਿੰਡ ਮਲਕਪੁਰ ਵਿਖੇ ਜਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼