ਬਰਨਾਲਾ ਫਰਵਰੀ (ਗੁਰਭਿੰਦਰ ਗੁਰੀ) (ਸਮਾਜ ਵੀਕਲੀ): ਚਿਰਾਂ ਤੋਂ ਵਿਛੜੀਆਂ ਪਿੰਡ ਦੀਆਂ ਕੁੜੀਆਂ ਦੇ ਮੇਲ-ਮਿਲਾਪ ਨੂੰ ਧਿਆਨ ਵਿੱਚ ਰੱਖਦੇ ਹੋਏ, ਪਿੰਡ ਠੁੱਲ੍ਹੇਵਾਲ (ਬਰਨਾਲਾ) ਵਿਖੇ ‘ਮਾਵਾਂ-ਧੀਆਂ ਦਾ ਮੇਲਾ’ ਕਰਵਾਇਆ ਗਿਆ| ਮੇਲੇ ਦੀਆ ਸ਼ੁਰੂਆਤ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਉਣ ਉਪਰੰਤ ਹੋਈ| ਇਹ ਪ੍ਰੋਗਰਾਮ ਨੂੰ ਕਰਵਾਉਣ ਦਾ ਸਿਹਰਾ ਪਿੰਡ ਦੀ ਧੀ ਅਮਨਦੀਪ ਕੌਰ ਧਨੋਆ, ਜਗਮੋਹਨ ਸਿੰਘ ਧਨੋਆ, ਬਹਾਦਰ ਸਿੰਘ ਸਿੱਧੂ ਦੇ ਸਿਰ ਜਾਂਦਾ ਹੈ| ਇਸ ਪ੍ਰੋਗਰਾਮ ਵਿੱਚ ਪਿੰਡ ਦੀਆਂ ਹਰ ਉਮਰ ਦੀਆਂ ਕੁੜੀਆਂ ਨੇ ਸ਼ਿਰਕਤ ਕੀਤੀ ਅਤੇ ਚਿਰਾਂ ਬਾਅਦ ਆਪਣੀਆਂ ਸਹੇਲੀਆਂ ਮਿਲੀਆਂ|
ਉਨ੍ਹਾਂ ਨੇ ਪਿੰਡ ਦੀ ਸੁਖ-ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਿੰਡ ਦੀਆਂ ਸਾਰੀਆਂ ਸਾਂਝੀਆਂ ਥਾਵਾਂ ‘ਤੇ ਜਾ ਕੇ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੁਰਾਣੀਆਂ ਰਿਵਾਇਤੀ ਖੇਡਾਂ ਵੀ ਖੇਡੀਆਂ| ਇਸ ਮੇਲੇ ਦੌਰਾਨ ਡਰਾਅ ਕੱਢ ਕੇ ਗੁਰਬਾਣੀ ਵਾਲੇ ਰੇਡੀਓ ਵੀ ਵੰਡੇ ਗਏ, ਜਿਸਦਾ ਮਕਸਦ ਸੀ ਕਿ ਲੋਕਾਂ ਗੁਰਬਾਣੀ ਨਾਲ ਜੋੜਿਆ ਜਾਵੇ| ਇਸ ਮੌਕੇ ਪਿੰਡ ਦੀਆਂ ਇਨ੍ਹਾਂ ਧੀਆਂ ਦੇ ਚੇਹਰਿਆਂ ‘ਤੇ ਰੌਣਕ ਦੇਖਣੀ ਬਣਦੀ ਸੀ| ਜਿੱਥੇ ਇਹ ਮੇਲਾ ਸਫ਼ਲ ਤੇ ਸੰਪੂਰਨ ਹੋ ਨਿਬੜਿਆ ਉਥੇ ਹੀ ਇਸ ਦੇ ਪ੍ਰਬੰਧਕਾਂ ਅਮਨਦੀਪ ਕੌਰ ਧਨੋਆ, ਜਗਮੋਹਨ ਸਿੰਘ ਧਨੋਆ, ਬਹਾਦਰ ਸਿੰਘ ਸਿੱਧੂ, ਸਰਪੰਚ ਸਰਦਾਰਾ ਸਿੰਘ ਅਤੇ ਨਗਰ ਪੰਚਾਇਤ ਵੱਲੋਂ ਇਸ ਪ੍ਰੋਗਰਾਮ ਨੂੰ ਹਰ ਸਾਲ ਕਰਾਉਣ ਦਾ ਐਲਾਨ ਵੀ ਕੀਤਾ ਗਿਆ|