ਤਰਲਾ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਕਈ ਦਿਨਾਂ ਤੋਂ ਜਿਵੇਂ ਜਿਵੇਂ ਬਸੰਤ ਪੰਚਮੀ ਨੇੜੇ ਆ ਰਹੀ ਸੀ ਪੰਛੀ ਪੰਖੇਰੂਆਂ ਵਿੱਚ ਅਫ਼ਵਾਹਾਂ ਦਾ ਬਜ਼ਾਰ ਗਰਮ ਹੋ ਰਿਹਾ ਸੀ ਖ਼ਾਸ ਕਰਕੇ ਅਸਮਾਨੀ ਉੱਡਣ ਵਾਲ਼ੇ ਪੰਛੀਆਂ ਵਿੱਚ ਡਰ ਦਾ ਮਾਹੌਲ ਸੀ।ਕਈ ਪੰਛੀਆਂ ਦੇ ਕੱਟਣ ਵੱਢਣ ਦੀਆਂ ਇੱਕਾ ਦੁੱਕਾ ਘਟਨਾਵਾਂ ਦਾ ਜ਼ਿਕਰ ਹਰ ਰੋਜ਼ ਸਾਹ ਸੂਤ ਰਿਹਾ ਸੀ ਦੂਜੇ ਪਾਸੇ ਇੱਕ ਸ਼ਹਿਰ ਖੰਡਰ ਹੋ ਗਈ ਹਵੇਲੀ ਦੇ ਅੰਦਰ ਕਬੂਤਰ ਤੇ ਕਬੂਤਰੀ ਦੇ ਆਲ੍ਹਣੇ ਦੇ ਛੋਟੇ-ਛੋਟੇ ਬੋਟ ਬੜੇ ਸਹਿਮੇ-ਸਹਿਮੇ ਬੈਠੇ ਸਨ। ਕੁਝ ਖਾਣ ਲਈ ਵੀ ਨਹੀਂ ਸੀ।ਪਰ ਫੇਰ ਵੀ ਉਹਨਾਂ ਦੇ ਮਾਪੇ ਦੇਰ ਸਵੇਰ ਉਡਾਰੀ ਮਾਰ ਉਹਨਾਂ ਦਾ ਢਿੱਡ ਭਰ ਰਹੇ ਸਨ।

ਅੱਜ ਬਸੰਤ ਪੰਚਮੀ ਦਿਨ ਸੀ।ਚਾਰ ਚੁਫੇਰੇ ਸ਼ੋਰ ਗੁਲ ਸੀ। ਕਬੂਤਰ ਤੇ ਕਬੂਤਰੀ ਤੋਂ ਬੱਚਿਆਂ ਦੀ ਭੁੱਖ ਦੇਖੀ ਨਹੀਂ ਜਾ ਰਹੀ ਸੀ। ਕਬੂਤਰ ਨੇ ਚੋਗ ਚੁਗਣ ਲਈ ਉਡਾਰੀ ਭਰਨ ਦਾ ਮਨ ਬਣਾਇਆ ਪਰ ਕਬੂਤਰੀ ਨੇ ਰੋਕਣ ਲਈ ਬੜੀਆਂ ਮਿੰਨਤਾਂ ਤਰਲੇ ਕੀਤੇ ਪਰ ਉਹ ਨਾ ਮੰਨਿਆ।ਪਰ ਜਿਉਂ ਹੀ ਉਹ ਉਡਾਰੀ ਭਰਨ ਲੱਗਾ ਤਾਂ ਨਿੱਕੜੇ ਬੋਟ ਤੋਤਲੀ ਅਵਾਜ਼ ਵਿੱਚ ਤਰਲੇ ਨਾਲ਼ ਬੋਲੇ ਕਿ ਪਾਪਾ ਅਸੀਂ ਭੁੱਥੇ ਰਹਿਲਾਂ ਦੇ ਤੁਹਾਨੂੰ ਡੋਲ (ਡੋਰ) ਨਾਲ਼ ਕੱਟਦੇ ਨਹੀਂ ਦੇਖ ਸਕਦੇ। ਕਬੂਤਰ ਦਾ ਗੱਚ ਭਰ ਆਇਆ। ਬੱਚਿਆਂ ਨੂੰ ਆਪਣੇ ਖੰਭਾਂ ਵਿੱਚ ਲੈ ਲਿਆ।

ਇਹ ਸਭ ਕੁਝ ਨਾਲ਼ ਹੀ ਰੌਸ਼ਨਦਾਨ ਵਿੱਚ ਬੈਠੀ ਕਾਟੋ (ਗਲਹਿਰੀ)ਦੇਖ ਰਹੀ ਸੀ ਉਸ ਨੇ ਉਨ੍ਹਾਂ ਦਾ ਪਿਆਰ ਤੇ ਤਰਲਾ ਸੁਣ ਕੇ ਦਿਲ ਪਸੀਜ਼ ਗਿਆ। ਆਪਣੇ ਆਲ੍ਹਣੇ ਵਿੱਚ ਇੱਕਠੇ ਕੀਤੇ ਦਾਣੇ ਤੇ ਨਿੱਕ -ਸੁੱਕ ਕਬੂਤਰ ਦੇ ਆਲ੍ਹਣੇ ਵੱਲ ਨੂੰ ਕਰਦਿਆਂ ਕਿਹਾ ਕਿ ਭਰਾਵਾ ਜੇ ਇਸ ਔਖੇ ਸਮੇਂ ਵਿੱਚ ਇੱਕ ਪੜੋਸੀ ਪੜੋਸੀ ਦੇ ਕੰਮ ਨਹੀਂ ਆ ਸਕਦਾ ਤਾਂ ਫੇਰ ਸਾਡੇ ਤੇ ਮਨੁੱਖਾਂ ਵਿੱਚ ਕੀ ਫ਼ਰਕ ਰਹਿ ਗਿਆ।ਇਹ ਸੁਣਦਿਆਂ ਹੀ ਕਬੂਤਰ ਤੇ ਕਬੂਤਰੀ ਦੀਆਂ ਅੱਖਾਂ ਭਰ ਆਈਆਂ ਤੇ ਆਲ੍ਹਣੇ ਵਿੱਚ ਖੁਸ਼ੀ ਦਾ ਮਾਹੌਲ ਹੋ ਗਿਆ।ਉਦਾਸਿਆਂ ਚਿਹਰਿਆਂ ਤੇ ਇੱਕ ਵਾਰ ਫਿਰ ਰੌਣਕਾਂ ਆ ਗਈਆਂ ਤੇ ਕਾਟੋ (ਗਲਹਿਰੀ) ਦੇ ਪਰਉਪਕਾਰ ਅੱਗੇ ਮਨੁੱਖਤਾ ਇੱਕ ਵਾਰ ਫਿਰ ਸ਼ਰਮਸਾਰ ਹੋ ਗਈ। ਦੂਰ ਕਿਤੋਂ ਅਵਾਜ਼ ਆ ਰਹੀ ਸੀ……..….….!

ਚੋਗ ਚੁਗਦੇ ਹਰੀ ਦਾ ਨਾਮ ਲੈਂਦੈ ਨੇ,

ਤੇਰੇ ਨਾਲ਼ੋਂ ਪੰਛੀ ਚੰਗੇ ਨੇ,

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613

 

Previous articleਗ਼ਜ਼ਲ
Next articleਪਿੰਡ ਠੁੱਲ੍ਹੇਵਾਲ ਵਿਖੇ ਕਰਵਾਇਆ ਗਿਆ ‘ਮਾਵਾਂ ਧੀਆਂ ਦਾ ਮੇਲਾ’