- ਕਾਂਗਰਸ ਦੀ ਤਿੱਖੀ ਆਲੋਚਨਾ
- ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
- ਬੀਆਰਐੱਸ, ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਦੇ ਕੁਝ ਮੈਂਬਰਾਂ ਨੇ ਭਾਸ਼ਨ ਦੌਰਾਨ ਕੀਤਾ ਵਾਕਆਊਟ
ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ’ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਹੈ ਕਿ ਕਰੋੜਾਂ ਲੋਕਾਂ ਵੱਲੋਂ ਜਤਾਇਆ ਗਿਆ ਭਰੋਸਾ ਉਨ੍ਹਾਂ ਦੀ ਸੁਰੱਖਿਆ ਢਾਲ ਹੈ ਜਿਸ ਨੂੰ ਵਿਰੋਧੀਆਂ ਵੱਲੋਂ ਗਾਲ੍ਹਾਂ ਕੱਢ ਕੇ ਅਤੇ ਦੋਸ਼ ਮੜ੍ਹ ਕੇ ਵਿੰਨ੍ਹਿਆ ਨਹੀਂ ਜਾ ਸਕਦਾ ਹੈ। ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਲੋਕ ਸਭਾ ’ਚ ਚਰਚਾ ਦਾ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮਹਾਮਾਰੀ ਅਤੇ ਸੰਘਰਸ਼ਾਂ ਕਾਰਨ ਦੁਨੀਆ ਦੇ ਕੁਝ ਹਿੱਸਿਆਂ ’ਚ ਅਸਥਿਰਤਾ ਦਰਮਿਆਨ ਸੰਸਾਰ ਭਾਰਤ ਵੱਲ ਬੜੀਆਂ ਆਸਾਂ ਨਾਲ ਦੇਖ ਰਿਹਾ ਹੈ। ਵਿਰੋਧੀ ਧਿਰ ਵੱਲ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ,‘‘ਪਰ ਨਿਰਾਸ਼ਾ ’ਚ ਡੁੱਬੇ ਕੁਝ ਲੋਕ ਭਾਰਤ ਦੀ ਵਿਕਾਸ ਗਾਥਾ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਉਹ 140 ਕਰੋੜ ਭਾਰਤੀਆਂ ਦੀਆਂ ਪ੍ਰਾਪਤੀਆਂ ਨੂੰ ਦੇਖ ਨਹੀਂ ਸਕਦੇ ਹਨ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਮੋਦੀ ਸੰਕਟ ਦੇ ਸਮੇਂ ’ਚ ਉਨ੍ਹਾਂ ਦੀ ਸਹਾਇਤਾ ਲਈ ਬਹੁੜਿਆ ਸੀ। ‘ਲੋਕ ਤੁਹਾਡੀਆਂ ਗਾਲਾਂ ਅਤੇ ਦੋਸ਼ਾਂ ਨਾਲ ਕਿਵੇਂ ਸਹਿਮਤ ਹੋਣਗੇ। ਅਖ਼ਬਾਰਾਂ ਦੀਆਂ ਸੁਰਖੀਆਂ ਜਾਂ ਟੀਵੀ ਫੁਟੇਜਾਂ ਕਾਰਨ ਨਹੀਂ ਸਗੋਂ ਮੇਰੀ ਸੇਵਾ ਪ੍ਰਤੀ ਵਰ੍ਹਿਆਂ ਦੀ ਤਪੱਸਿਆ ਨੂੰ ਦੇਖ ਕੇ ਲੋਕ ਮੋਦੀ ’ਤੇ ਭਰੋਸਾ ਕਰਦੇ ਹਨ।’ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤੇ ਗਏ ਕੰਮਾਂ ਦੀ ਸੂਚੀ ਗਿਣਾਈ ਤਾਂ ਭਾਜਪਾ ਮੈਂਬਰ ‘ਮੋਦੀ, ਮੋਦੀ’ ਦੇ ਨਾਅਰੇ ਲਗਾਉਣ ਲੱਗ ਪਏ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਭਾਜਪਾ ਮੈਂਬਰਾਂ ਦੇ ਟਾਕਰੇ ਲਈ ‘ਅਡਾਨੀ, ਅਡਾਨੀ’ ਦੇ ਨਾਅਰੇ ਲਗਾਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਉਸਾਰੂ ਆਲੋਚਨਾ ਦੀ ਬਜਾਏ ਆਧਾਰਹੀਣ ਦੋਸ਼ਾਂ ’ਚ ਪਿਛਲੇ 9 ਸਾਲ ਬਰਬਾਦ ਕਰ ਦਿੱਤੇ ਹਨ। ‘ਜਦੋਂ ਤੁਸੀਂ ਚੋਣਾਂ ਹਾਰਦੇ ਹੋ ਤਾਂ ਈਵੀਐੱਮਜ਼ ਨੂੰ ਦੋਸ਼ੀ ਮੰਨਦੇ ਹੋ, ਚੋਣ ਕਮਿਸ਼ਨ ਦੀ ਆਲੋਚਨਾ ਕਰਦੇ ਹੋ। ਜੇਕਰ ਸੁਪਰੀਮ ਕੋਰਟ ਪਸੰਦੀਦਾ ਫ਼ੈਸਲਾ ਨਹੀਂ ਦਿੰਦਾ ਹੈ ਤਾਂ ਤੁਸੀਂ ਉਸ ਦੀ ਆਲੋਚਨਾ ਵੀ ਕਰਦੇ ਹੋ।’ ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਭ੍ਰਿਸ਼ਟਾਚਾਰ ਦੀ ਜਾਂਚ ਹੁੰਦੀ ਹੈ ਤਾਂ ਜਾਂਚ ਏਜੰਸੀਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ। ਜੇਕਰ ਫ਼ੌਜ ਬਹਾਦਰੀ ਦਿਖਾਉਂਦੀ ਹੈ ਤਾਂ ਸੈਨਾਵਾਂ ਨੂੰ ਭੰਡਿਆ ਜਾਂਦਾ ਹੈ ਅਤੇ ਦੋਸ਼ ਲਗਾਏ ਜਾਂਦੇ ਹਨ। ਉਨ੍ਹਾਂ ਯੂਪੀਏ ਸਰਕਾਰ ਦੇ 10 ਸਾਲਾਂ ਦੇ ਸਮੇਂ ਨੂੰ ‘ਨਿਘਾਰ ਵਾਲਾ ਦਹਾਕਾ’ ਕਰਾਰ ਦਿੱਤਾ ਅਤੇ ਕਿਹਾ ਕਿ 2030 ਦਾ ਦਹਾਕਾ ਭਾਰਤ ਦਾ ਦਹਾਕਾ ਹੈ। ‘ਕੋਈ ਵੀ 2009 ਦੇ ਹਮਲਿਆਂ ਨੂੰ ਨਹੀਂ ਭੁੱਲ ਸਕਦਾ ਹੈ। ਅਤਿਵਾਦ ਖ਼ਿਲਾਫ਼ ਕਾਰਵਾਈ ਦਾ ਹੌਸਲਾ ਨਾ ਹੋਣ ਕਾਰਨ ਖ਼ੂਨ-ਖ਼ਰਾਬਾ ਹੋਇਆ ਅਤੇ ਬੇਕਸੂਰ ਲੋਕਾਂ ਨੂੰ ਜਾਨ ਗੁਆਉਣੀ ਪਈ। ਇਹ ਯੂਪੀਏ ਦੇ ਮਾੜੇ ਸ਼ਾਸਨ ਦਾ ਸਮਾਨਅਰਥੀ ਹੈ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਮੈਨੂੰਫੈਕਚਰਿੰਗ ਕੇਂਦਰ ਵਜੋਂ ਉੱਭਰ ਰਿਹਾ ਹੈ ਅਤੇ ਦੁਨੀਆ ਦੇਸ਼ ਦੇ ਵਿਕਾਸ ’ਚ ਆਪਣੀ ਖੁਸ਼ਹਾਲੀ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸੰਸਦ ’ਚ ਭਾਸ਼ਨ ਹਰ ਕਿਸੇ ਲਈ ਪ੍ਰੇਰਣਾਸ੍ਰੋਤ ਹੈ। ਪ੍ਰਧਾਨ ਮੰਤਰੀ ਜਦੋਂ ਭਾਸ਼ਨ ਦੇ ਰਹੇ ਸਨ ਤਾਂ ਬੀਆਰਐੱਸ, ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਦੇ ਕੁਝ ਮੈਂਬਰ ਨਾਅਰੇਬਾਜ਼ੀ ਕਰਦਿਆਂ ਲੋਕ ਸਭਾ ’ਚੋਂ ਵਾਕਆਊਟ ਕਰ ਗਏ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਗੰਗਾ ਵਾਂਗ ਪਵਿੱਤਰ ਹੈ ਅਤੇ ਕੋਈ ਵੀ ਉਸ ’ਤੇ ਦਾਗ਼ ਨਹੀਂ ਲਗਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਮੈਂਬਰ ਕੇਂਦਰੀ ਯੋਜਨਾਵਾਂ ਦੇ ਮੁੱਦੇ ਉਠਾਉਣ ਦੀ ਬਜਾਏ ਬੇਤੁੱਕੇ ਮਾਮਲੇ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਲੋਕ ਸਿਰਫ਼ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਸੁਣਦੇ ਸਨ ਅਤੇ ਉਨ੍ਹਾਂ ਦਾ ਸਿਆਸੀ ਆਗੂਆਂ ਤੋਂ ਭਰੋਸਾ ਉੱਠ ਗਿਆ ਸੀ ਪਰ ਹੁਣ ਹਾਲਾਤ ਬਦਲ ਗਏ ਹਨ।
ਰਿਜਿਜੂ ਨੇ ਕਿਹਾ ਕਿ ਕੁਝ ਮੈਂਬਰ ਆਪਣੇ ਸਿਆਸੀ ਹਿੱਤ ਪੁਗਾਉਣ ਲਈ ਸਦਨ ਦੀ ਵਰਤੋਂ ਕਰਦੇ ਹਨ ਜੋ ਅਫ਼ਸੋਸਨਾਕ ਹੈ। ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ’ਤੇ ਉਠਾਏ ਗਏ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਿਦੇਸ਼ ’ਚ ਹਨੀਮੂਨ ਜਾਂ ਛੁੱਟੀਆਂ ਮਨਾਉਣ ਲਈ ਨਹੀਂ ਜਾਂਦੇ ਹਨ ਸਗੋਂ ਉਹ ਦੇਸ਼ ਦੀ ਭਲਾਈ ਲਈ ਉਥੇ ਜਾਂਦੇ ਹਨ। ਚਰਚਾ ’ਚ ਹਿੱਸਾ ਲੈਂਦਿਆਂ ਭਾਜਪਾ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਗਾਂਧੀ ਪਰਿਵਾਰ ’ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜ਼ਮਾਨਤ ’ਤੇ ਬਾਹਰ ਬੈਠੇ ਆਗੂ ਸਰਕਾਰ ਖ਼ਿਲਾਫ਼ ਆਧਾਰਹੀਣ ਦੋਸ਼ ਲਗਾ ਰਹੇ ਹਨ।