ਆਲ੍ਹਣਾ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

ਗੋਪੀ ਦੇ ਘਰ ਦੇ ਬਨੇਰੇ ਤੇ ਅੱਜ ਜਦੋਂ ਕਾਂ ਆ ਕੇ ਬੈਠਿਆ ਤਾਂ ਗੋਪੀ ਨੇ ਦੇਖਿਆ ਅੱਜ ਉਹ ਕਾਂ ਚੁਪਚਾਪ ਬੈਠਾ ਸੀ, ਜਿਵੇਂ ਅੰਦਰ ਹੀ ਅੰਦਰ ਬਹੁਤ ਵੱਡਾ ਦੁੱਖ ਉਸਨੂੰ ਖਾ ਗਿਆ ਹੋਵੇ।

ਅਕਸਰ ਇਹ ਕਾ ਜਦੋਂ ਵੀ ਗੋਪੀ ਦੇ ਘਰ ਦੇ ਬਨੇਰੇ ਤੇ ਆ ਕੇ ਬੈਠਦਾ ਤਾਂ ਗੋਪੀ ਉਸਨੂੰ ਚੂਰੀ ਕੁੱਟ ਕੇ ਖਵਾਉਂਦਾ, ਕਈ ਵਾਰ ਕਾਂ ਦੇ ਬੋਲਣ ਤੇ ਗੋਪੀ ਦੇ ਘਰ ਮਹਿਮਾਨ ਆ ਜਾਂਦੇ ਸਨ, ਕਈ ਵਾਰ ਗੋਪੀ ਲਈ ਖੁਸ਼ਖ਼ਬਰੀ ਲੈ ਕੇ ਆਉਂਦਾ ਸੀ ਇਹ ਕਾਂ ਤੇ ਗੋਪੀ ਦਾ ਕੋਈ ਰੁਕਿਆ ਕੰਮ ਬਣ ਜਾਂਦਾ ਸੀ ਇਹ ਮੰਨਣਾ ਸੀ ਗੋਪੀ ਦਾ।

ਗੋਪੀ ਨੇ ਇਸ ਕਾਂ ਦਾ ਨਾਂ ਰੌਸ਼ਨ ਰੱਖ ਦਿੱਤਾ ਸੀ, ਤੇ ਅੱਜ ਜਦੋਂ ਰੋਸ਼ਨ ਨਾ ਬੋਲਿਆ ਤਾਂ ਗੋਪੀ ਦਾ ਮਨ ਬੜਾ ਉਦਾਸ ਹੋਇਆ ਸੀ, ਗੋਪੀ ਸੋਚ ਰਿਹਾ ਸੀ ਰੋਸ਼ਨ ਨੂੰ ਅੱਜ ਕੀ ਹੋ ਗਿਆ?? ਅੱਗੇ ਤਾਂ ਜਦੋਂ ਵੀ ਇਹ ਬਨੇਰੇ ਤੇ ਆ ਕੇ ਬੈਠਦਾ ਸੀ ਤਾਂ ਖਾਣ ਲਈ ਚੂਰੀ ਮੰਗਣ ਲੱਗ ਜਾਂਦਾ ਸੀ।

ਪਰ ਗੋਪੀ ਨਹੀਂ ਜਾਣਦਾ ਸੀ ਰੋਸ਼ਨ ਦਾ ਦੁੱਖ, ਗੋਪੀ ਸਹਿਜੇ ਹੀ ਰੋਸ਼ਨ ਵੱਲ ਗਰਦਨ ਉੱਚੀ ਚੁੱਕ ਬੋਲਿਆ… ਕੀ ਗੱਲ ਰੋਸ਼ਨ ਅੱਜ ਚੂਰੀ ਨਹੀਂ ਖਾਣੀ?? ਜਾਂ ਅੱਜ ਹੋਰ ਕਿਸੇ ਘਰ ਦੇ ਬਨੇਰੇ ਤੇ ਤੈਨੂੰ ਕਿਸੇ ਨੇ ਮਾਲ ਪੂਰੇ ਤਾਂ ਨਹੀਂ ਖਵਾ ਦਿੱਤੇ??

ਗੋਪੀ ਜਿਵੇਂ ਰੋਸ਼ਨ ਦੀ ਚੁੱਪੀ ਦਾ ਕਾਰਣ ਜਾਨਣਾ ਚਾਹੁੰਦਾ ਸੀ…..ਪਰ ਗੋਪੀ ਨੂੰ ਕੀ ਪਤਾ ਸੀ ਰੋਸ਼ਨ ਦਾ ਦੁੱਖ। ਰੋਸ਼ਨ ਇੱਕ ਪੰਛੀ ਹੋਣ ਕਾਰਣ ਆਪਣਾ ਦੁੱਖ ਗੋਪੀ ਅੱਗੇ ਸਾਂਝਾ ਨਹੀਂ ਕਰ ਸਕਦਾ ਸੀ… ਬੇਵੱਸ ਮਜਬੂਰੀ ਵੱਸ ਵਿੱਚ ਚੁੱਪ ਚਾਪ ਬੈਠਾ ਸੀ…. ਗੋਪੀ ਫੇਰ ਬੋਲਿਆ ਰੋਸ਼ਨ ਜਾਈਂ ਨਾ ਮੈਂ ਤੇਰੇ ਲਈ ਚੂਰੀ ਬਣਾ ਕੇ ਲਿਆਇਆ…. ਤੇ ਜਦੋਂ ਗੋਪੀ ਨੇ ਚੂਰੀ ਲਿਆ ਕੇ ਕੋਠੇ ਦੀ ਛੱਤ ਤੇ ਰੱਖੀ.. ਰੋਸ਼ਨ ਨੇ ਚੂਰੀ ਵੱਲ ਤੱਕਿਆ ਵੀ ਨਾ…..

ਦਰਅਸਲ ਰੋਸ਼ਨ ਦਾ ਦੁੱਖ ਪਹਾੜ ਤੋਂ ਵੀ ਵੱਡਾ ਸੀ…ਕਲ਼ ਸ਼ਾਮ ਜਦੋਂ ਰੋਸ਼ਨ ਆਪਣੇ ਆਲਣੇ ਵੱਲ ਵਾਪਸ ਮੁੜਿਆ ਸੀ ਤਾਂ ਜਿਸ ਰੁੱਖ ਤੇ ਉਸ ਦਾ ਆਲ੍ਹਣਾ ਸੀ ਉਹ ਰੁੱਖ ਜ਼ਮੀਨ ਦੇ ਮਾਲਕ ਨੇ ਕੱਟ ਕੇ ਥੱਲੇ ਡੇਗ ਦਿੱਤਾ ਸੀ… ਤੇ ਜਦੋਂ ਉਸ ਰੁੱਖ ਤੇ ਆਰਾ ਚੱਲਿਆ ਤੇ ਰੁੱਖ ਧੜਾਮ ਨਾਲ ਥੱਲੇ ਗਿਰਿਆ ਤਾਂ ਉਸਦੇ ਆਲਣੇ ਵਿੱਚ ਰੋਸ਼ਨ ਕਾਂ ਦੀ ਪਤਨੀ ਤੇ ਦੋ ਛੋਟੇ ਛੋਟੇ ਬੱਚੇ ਸਨ ਜੋ ਰੁੱਖ ਗਿਰਦੇ ਹੀ ਰੁੱਖ ਦੇ ਭਾਰੀ ਵੱਡੇ ਟਾਹਣੇ ਦੀ ਮਾਰ ਹੇਠ ਆ ਕੇ ਮਰ ਗਏ ਸਨ ਤੇ ਜਦੋਂ ਰੁੱਖ ਤੇ ਆਰਾ ਚੱਲ ਰਿਹਾ ਸੀ ਤਾਂ ਰੋਸ਼ਨ ਦੀ ਪਤਨੀ (ਮੋਹ ਮਮਤਾ ਵਿੱਚ ਭਿੱਜੀ ਹੋਈ) ਨੇ ਆਪਣੇ ਛੋਟਿਆਂ ਬੱਚਿਆਂ ਨੂੰ (ਜੋ ਹਾਲੇ ਖੰਭ ਨਾ ਆਏ ਕਾਰਣ ਉੱਡ ਨਹੀਂ ਸਕਦੇ ਸਨ ) ਇਕਲਿਆਂ ਨਾ ਛੱਡਿਆ ਤੇ ਆਪਣੀ ਜਾਨ ਬਚਾਉਣ ਦੀ ਬਚਾਏ ਬੱਚਿਆਂ ਨਾਲ ਹੀ ਮਾਰੀ ਗਈ ਸੀ…

ਰੋਸ਼ਨ ਦਾ ਆਲ੍ਹਣਾ ਤੇ ਪਰਿਵਾਰ ਇਕ ਇਨਸਾਨ ਦੀ ਗਲਤੀ ਕਾਰਣ ਖਤਮ ਹੋ ਚੁੱਕਾ ਸੀ… ਰੋਸ਼ਨ ਨੂੰ ਭਲਾ ਚੂਰੀ ਕਿਵੇਂ ਚੰਗੀ ਲੱਗਦੀ??
ਮੇਰਾ ਇਹ ਕਹਾਣੀ ਲਿਖਣ ਦਾ ਮਕਸਦ ਸਿਰਫ ਇਹੀ ਹੈ ਕਿ ਕਦੇ ਵੀ ਕਿਸੇ ਨੂੰ ਦੁੱਖ ਨਾ ਪਹੁੰਚਾਉ… ਸਾਡੇ ਵਾਂਗ ਪੰਛੀਆਂ, ਜਾਨਵਰਾਂ ਦੇ ਵੀ ਪਰਿਵਾਰ ਹੁੰਦੇ ਹਨ ਤੇ ਉਨ੍ਹਾਂ ਨੂੰ ਵੀ ਕਿਸੇ ਆਪਣੇ ਦੇ ਜਾਣ ਦਾ ਓਨਾ ਹੀ ਦੁੱਖ ਹੁੰਦਾ ਹੈ ਜਿੰਨਾ ਸਾਨੂੰ….
ਰੁੱਖ ਬਚਾਓ.. ਕੁਦਰਤ ਬਚਾਓ..

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ: 9914721831

 

Previous articleआई आर ई एफ ने विवेक देवराय के बयान को किया सिरे से ख़ारिज
Next articleKIYG 2022: Pole vaulter Dev Kumar sets junior national record, Maharashtra hold top spot