ਏਹੁ ਹਮਾਰਾ ਜੀਵਣਾ ਹੈ -198

ਬਰਜਿੰਦਰ ਕੌਰ ਬਿਸਰਾਓ.

(ਸਮਾਜ ਵੀਕਲੀ)

ਮੈਲੇ ਕੁਚੇਲੇ ਕਮੀਜ਼ ਥੱਲੇ ਇੱਕ ਹੋਰ ਸੂਤੀ ਜਿਹੀ ਮੈਲ਼ੀ ਕਮੀਜ਼ ਪਾਈ ਇੱਕ ਧਾਰਮਿਕ ਥਾਂ ‘ਤੇ ਬਾਹਰਲੇ ਪਾਸੇ ਖੇਤਾਂ ਵੱਲ ਨੂੰ ਖੁੱਲ੍ਹਦੀਆਂ ਮੋਰ੍ਹੀਆਂ ਵਾਲ਼ੇ ਜੋੜਾ ਘਰ ਵਿੱਚ ਸੇਵਾਦਾਰਨੀ ਸੇਵਾ ਕਰਦੀ ਮੇਰੇ ਨਜ਼ਰੀਂ ਪਈ‌‌।ਉਸ ਨਾਲ ਉਸ ਦਾ ਮੁੰਡਾ ਵੀ ਬਿਨਾਂ ਕੋਟੀ – ਸਵੈਟਰ ਦੇ ਵੱਡੇ ਸਾਰੇ ਮੋਟੇ ਤੇ ਮੈਲੈ ਜਿਹੇ ਝੱਗੇ ਵਿੱਚ ਸੇਵਾ ਕਰ ਰਿਹਾ ਸੀ। ਸਾਹਮਣਿਓਂ ਫਰਨ ਫਰਨ ਠੰਢੀ ਹਵਾ ਪੈ ਰਹੀ ਸੀ। ਉਹਨਾਂ ਨੂੰ ਠੁਰ ਠੁਰ ਕਰਦੇ ਦੇਖ਼ ਕੇ ਮੈਨੂੰ ਉਹਨਾਂ ਤੇ ਬੜਾ ਈ ਤਰਸ ਜਿਹਾ ਆਇਆ।ਉਹ ਦੋਵੇਂ ਮਾਂ – ਪੁੱਤ ਸਨ। ਮੈਂ ਉਸ ਨੂੰ ਆਖਿਆ,” ਤੁਸੀਂ ਓਧਰ ਲੰਗਰ ਵਾਲੇ ਪਾਸੇ ਸੇਵਾ ਕਰ ਲਓ….ਐਥੇ ਤਾਂ ਸਾਹਮਣਿਓਂ ਠੰਢੀ ਠੰਢੀ ਹਵਾ ਪੈਂਦੀ ਆ….!”

“… ਨਹੀਂ ਜੀ, ਸਾਡੀ ਤਾਂ ਸਵੇਰ ਤੋਂ ਲੈਕੇ ਰਾਤ ਅੱਠ ਵਜੇ ਤੱਕ ਇੱਥੇ ਈ ਪੱਕੀ ਡਿਊਟੀ ਆ …. ਘਰੇ ਤਾਂ ਸੌਣ ਈ ਜਾਈਦਾ!” ਉਸ ਸੇਵਾਦਾਰਨੀ ਨੇ ਜਵਾਬ ਦਿੱਤਾ।

ਹੋਰ ਗੱਲ ਬਾਤ ਕਰਕੇ ਪਤਾ ਲੱਗਿਆ ਕਿ ਉਹ ਤਨਖਾਹ ਤੇ ਰੱਖੇ ਹੋਏ ਸੇਵਾਦਾਰ ਸਨ। ਦੋਨਾਂ ਨੂੰ ਛੇ -ਛੇ ਸੌ ਰੁਪਏ ਮਹੀਨਾ ਤਨਖਾਹ ਮਿਲਦੀ ਸੀ। ” ਪਰ ਐਨੀ ਮਹਿੰਗਾਈ ਵਿੱਚ ਦੋ ਜਾਣਿਆਂ ਦਾ ਬਾਰਾਂ ਸੌ ਰੁਪਏ ਨਾਲ ਕੀ ਬਣਦਾ…..? ਮੰਨਿਆ ਕਿ ਰੋਟੀ ਪਾਣੀ ਦਾ ਇੱਥੇ ਲੰਗਰ ਛਕ ਕੇ ਸਰ ਜਾਂਦਾ ਹੋਣਾ……ਪਰ ਘਰ ਦੇ ਹੋਰ ਵੀ ਤਾਂ ਕਈ ਖਰਚੇ ਹੁੰਦੇ ਹੋਣਗੇ….. ਨਾਲ਼ੇ ਬਾਰਾਂ ਸੌ ਰੁਪਏ ਨਾਲ ਉਹ ਕਿਹੜੇ ਗਰਮ ਕੱਪੜੇ ਖਰੀਦ ਲੈਣਗੇ…..?”

ਮੈਂ ਆਪਣੇ ਮਨ ਵਿੱਚ ਉਸ ਦੇ ਘਰ ਦੇ ਖ਼ਰਚਿਆਂ ਦਾ ਹਿਸਾਬ ਕਿਤਾਬ ਲਾਉਂਦੀ ਹੀ ਮੱਥਾ ਟੇਕਣ ਵਾਲੇ ਸਥਾਨ ਵਿੱਚ ਪੁੱਜ ਗਈ। ਮੱਥਾ ਟੇਕ ਕੇ ਜਦ ਲੰਗਰ ਛਕ ਕੇ ਬਾਹਰ ਨਿਕਲੀ ਤਾਂ ਉੱਥੇ ਓਹਦਾ ਮੁੰਡਾ ਚਾਹ ਲਈ ਡੋਲੂ ਲਈ ਜਾਂਦਾ ਦਿਸਿਆ ਤਾਂ ਜਿਹੜੀ ਸੋਚ ਦਿਮਾਗ ਵਿੱਚ ਥੋੜ੍ਹੀ ਜਿਹੀ ਧੁੰਦਲੀ ਹੋਈ ਸੀ ਉਹ ਫੇਰ ਭਾਰੂ ਹੋਣ ਲੱਗੀ। ਜੋੜੇ ਲੈਣ ਲੱਗਿਆਂ ਮੈਂ ਪੁੱਛਿਆ,” ਜੇ ਤੁਹਾਨੂੰ ਗਰਮ ਕੱਪੜੇ ਪਹਿਨਣ ਨੂੰ ਦੇ ਜਾਈਏ ਤਾਂ ਕੋਈ ਇਤਰਾਜ਼ ਤਾਂ ਨੀਂ…..?” ਉਹ ਖੁਸ਼ ਹੋ ਕੇ ਆਖਣ ਲੱਗੀ,”….. ਨਹੀਂ ਜੀ, ਸਾਨੂੰ ਕਾਹਦਾ ਇਤਰਾਜ਼…. ਤੁਸੀਂ ਦੇ ਦਿਓ…… ਅਸੀਂ ਪਾ ਲਵਾਂਗੇ….।”

ਅਗਲੇ ਦਿਨ ਮੈਂ ਆਪਣੇ ਹੀ ਵਧੀਆ ਵਧੀਆ ਦੋ ਤਿੰਨ ਸਵੈਟਰ ਜੈਕੇਟਾਂ ਅਤੇ ਦੋ ਤਿੰਨ ਸ਼ਾਲ ਕੱਢ ਕੇ ਉਸ ਨੂੰ ਦੇਣ ਲਈ ਲੈ ਗਈ ਜੋ ਪਹਿਨੇ ਘੱਟ ਸਨ ਪਰ ਲੰਮੇ ਸਮੇਂ ਤੋਂ ਅਲਮਾਰੀਆਂ ਦਾ ਸ਼ਿੰਗਾਰ ਬਣੇ ਹੋਏ ਸਨ। ਜਦ ਮੈਂ ਗਈ ਤਾਂ ਉਹ ਔਰਤ ਅਤੇ ਉਸ ਦਾ ਪੁੱਤਰ ਉੱਥੇ ਹੀ ਜੋੜਾ ਘਰ ਵਿੱਚ ਸੇਵਾ ਕਰ ਰਹੇ ਸਨ। ਜਦ ਮੈਂ ਉਸ ਔਰਤ ਵੱਲ ਉਹ ਗਠੜੀ ਵਧਾਈ ਤਾਂ ਉਸ ਨੇ ਖੁਸ਼ੀ ਨਾਲ ਉਸ ਗਠੜੀ ਨੂੰ ਫ਼ੜ ਲਿਆ ਤੇ ਮੁੰਡੇ ਨੇ ਮਾਂ ਤੋਂ ਗਠੜੀ ਫੜਕੇ ਖੁਸ਼ੀ ਖੁਸ਼ੀ ਆਪਣੇ ਕੋਲ ਸਾਂਭ ਲਈ । ਮੇਰੇ ਮਨ ਨੂੰ ਵੀ ਤਸੱਲੀ ਜਿਹੀ ਹੋ ਗਈ ਤੇ ਸੋਚਿਆ,” ਚਲੋ! ਐਨੀ ਕੜਾਕੇ ਦੀ ਠੰਢ ਤੋਂ ਕਿਸੇ ਗਰੀਬ ਦਾ ਬਚਾਅ ਹੋ ਜਾਵੇਗਾ….. ਇਸ ਤੋਂ ਵੱਧ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ….?”

ਦੂਰ ਇੱਕ ਮੋਟਾ ਡਾਹਢਾ ਸੇਵਾਦਾਰ, ਇੱਕ ਪਾਸੇ ਬਣੇ ਦਫ਼ਤਰ ਨੁਮਾ ਕਮਰੇ ਵਿੱਚ,ਆਪਣੇ ਚੋਲੇ ਉੱਪਰੋਂ ਦੀ ਗਰਮ ਤੇ ਲੰਮਾ ਸਾਰਾ ਕੋਟ ਪਾਈਂ ਬੈਠਾ ਬਿਟ ਬਿਟ ਤੱਕ ਰਿਹਾ ਸੀ। ਮੇਰੀ ਵੀ ਮਾੜੀ ਜਿਹੀ ਓਪਰੀ ਜਿਹੀ ਨਜ਼ਰ ਈ ਉਸ ਉੱਪਰ ਪਈ ਸੀ। ਮੈਂ ਆਪਣੇ ਆਪ ਅੰਦਰ ਖ਼ੁਸ਼ੀ ਦੀ ਅਨੁਭੂਤੀ ਕਰਦੀ ਹੋਈ ਮਨ ਵਿੱਚ ਖਿੜਾਓ ਜਿਹਾ ਲੈ ਕੇ ਮੱਥਾ ਟੇਕਣ ਚਲੀ ਗਈ। ਪੰਦਰਾਂ ਕੁ ਮਿੰਟ ਬਾਅਦ ਜਦ ਮੈਂ ਮੱਥਾ ਟੇਕ ਕੇ ਲੰਗਰ ਵਿੱਚ ਚਾਹ ਪਾਣੀ ਛੱਕ ਕੇ ਆਪਣੀ ਗੱਡੀ ਕੋਲ ਆ ਕੇ ਉਸ ਦੀ ਤਾਕੀ ਖੋਲ੍ਹੀ ਤਾਂ ਸੇਵਾਦਾਰਨੀ ਦਾ ਮੁੰਡਾ ਘਬਰਾਇਆ ਤੇ ਸਹਿਮਿਆ ਹੋਇਆ ਓਹੀ ਗੱਠੜੀ ਚੁੱਕੀ ਤੇਜ਼ ਤੇਜ਼ ਪੈਰ ਘੜੀਸਦਾ ਮੇਰੇ ਵੱਲ ਨੂੰ ਵਧਿਆ ਆ ਰਿਹਾ ਸੀ,”……ਆਹ ਲਓ ਜੀ….. ਇਹ ਸਾਨੂੰ ਨਹੀਂ ਚਾਹੀਦੇ ਜੀ…… ।”

ਕਹਿ ਕੇ ਗੱਠੜੀ ਮੇਰੀਆਂ ਬਾਹਵਾਂ ਤੇ ਰੱਖਕੇ ਛੇਤੀ ਦੇਣੇ ਓਹਨੀਂ ਪੈਰੀਂ ਮੁੜ ਗਿਆ ਇਸ ਤੋਂ ਪਹਿਲਾਂ ਕਿ ਮੈਂ ਉਸਨੂੰ ਕੁਝ ਪੁੱਛ ਸਕਦੀ। ਜਦ ਮੈਂ ਜੋੜਾ ਘਰ ਵੱਲ ਦੇਖਿਆ ਤਾਂ ਓਹੀ ਹੱਟਾ ਕੱਟਾ ਸੇਵਾਦਾਰ ਓਧਰੋਂ ਆਪਣੇ ਦਫ਼ਤਰ ਵੱਲ ਨੂੰ ਜਾ ਰਿਹਾ ਸੀ। ਮੇਰਾ ਮਨ ਉਦਾਸ ਹੋ ਗਿਆ ਸੀ ਕਿਉਂਕਿ ਮੈਂ ਉਸ ਥਾਂ ਉੱਪਰ ਇੱਕ ਗਰੀਬ ਨੂੰ ਉਸ ਦੀ ਮਜ਼ਬੂਰੀ ਕਾਰਨ ਬੇਬਸੀ ਵਿੱਚ ਹੋਰ ਗਰੀਬ ਹੁੰਦੇ ਦੇਖਿਆ ਸੀ ਜਿੱਥੇ ਲੋਕ ਝੋਲੀਆਂ ਭਰਨ ਆਉਂਦੇ ਹਨ। ਸ਼ਾਇਦ ਉਸ ਧਰਮ ਦੇ ਠੇਕੇਦਾਰ ਨੇ ਆਪਣੀ ਚੌਧਰ ਦੇ ਰੋਹਬ ਹੇਠ ਉਸ ਮਾਂ ਪੁੱਤ ਦੀ ਚੰਗੀ ਲਾਹ ਪੱਤ ਕਰਕੇ ਨੌਕਰੀ ਤੋਂ ਕੱਢਣ ਲਈ ਡਰਾਇਆ ਧਮਕਾਇਆ ਹੋਵੇਗਾ ਜੋ ਗਰਮ ਕੱਪੜਿਆਂ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰਨ ਤੋਂ ਬਾਅਦ ਇੱਕਦਮ ਉਹ ਮੈਨੂੰ ਵਾਪਸ ਕਰ ਗਏ ਸਨ।

ਮੈਂ ਮਾਯੂਸ ਜਿਹੇ ਹੋ ਕੇ ਉਹੀ ਗੱਠੜੀ ਗੱਡੀ ਵਿੱਚ ਰੱਖ ਕੇ ਵਾਪਸ ਆ ਰਹੀ ਸੀ ਤਾਂ ਮੈਨੂੰ ਸੜਕ ਕਿਨਾਰੇ ਕੁੱਝ ਅਧਨੰਗੇ ਮੰਗਤੇ ਬੈਠੇ ਦਿਸੇ। ਮੈਂ ਉਹ ਗੱਠੜੀ ਖੋਲ੍ਹ ਕੇ ਉਹਨਾਂ ਮੰਗਤਿਆਂ ਵਿੱਚ ਵੰਡ ਦਿੱਤੀ ,ਮੰਗਤੇ ਮੈਨੂੰ ਉੱਚੀ ਉੱਚੀ ਅਸੀਸਾਂ ਦੇ ਰਹੇ ਸਨ ਪਰ ਮੈਨੂੰ ਉਹਨਾਂ ਦੀਆਂ ਅਸੀਸਾਂ ਦੀਆਂ ਅਵਾਜ਼ਾਂ ਤੋਂ ਵੱਧ ਉਹੀ ਤਨਖਾਹ ਤੇ ਕੰਮ ਕਰਨ ਵਾਲ਼ੇ ਸੇਵਾਦਾਰ ਮਾਂ – ਪੁੱਤ ਦੀਆਂ ਮਜ਼ਬੂਰੀਆਂ ਦੀਆਂ ਖਾਮੋਸ਼ ਚੀਕਾਂ ਜ਼ਿਆਦਾ ਸੁਣਾਈ ਦੇ ਰਹੀਆਂ ਸਨ। ਮੇਰੀ ਕੰਨਾਂ ਵਿੱਚ ਫਰੀਦ ਜੀ ਦਾ ਇਹ ਸਲੋਕ ਗੂੰਜ ਰਿਹਾ ਸੀ,” ਫ਼ਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥”

ਬਰਜਿੰਦਰ ਕੌਰ ਬਿਸਰਾਓ
9988901324

 

Previous articlePakistani rupee plunges to historic low
Next articleSacred rocks from Nepal to build Ram statue in Ayodhya handed over