(ਸਮਾਜ ਵੀਕਲੀ)
ਮੈਂ ਦੇਖਿਆ ਮੂੰਹ ਦੇ ਮਿੱਠੇ ਅੰਦਰੋਂ ਜ਼ਹਿਰੀਲੇ, ਕਰੋਧੀ ਅਤੇ ਅਸਹਿਣਸ਼ੀਲਤਾ ਵਾਲੇ ਮਨੁੱਖ ਅਕਸਰ ਹੋਰਨਾਂ ਨਾਲੋਂ ਵਧੇਰੇ ਪਾਠ-ਪੂਜਾ ਅਤੇ ਧਰਮੀ ਹੋਣ ਦਾ ਵਿਖਾਵਾ ਕਰਦੇ ਹਨ। ਜੇਕਰ ਸਾਡੇ ਅੰਦਰ ਰੁਹਾਨੀਂ ਆਨੰਦ ਹੋਵੇ ਤਾਂ ਸਾਡਾ ਚਿਹਰਾ ਕੁਦਰਤੀ ਤੌਰ ਤੇ ਹੀ ਖਿੜਿਆ ਰਹਿੰਦਾ ਹੈ। ਜੇ ਅੰਦਰ ਦੂਜਿਆਂ ਪ੍ਰਤੀ ਨਫ਼ਰਤ ਤੇ ਈਰਖਾ ਦੀ ਅੱਗ ਬਲਦੀ ਹੋਵੇ ਤਾਂ ਸਾਡਾ ਬਾਹਰੋਂ ਖੁਸ਼ ਹੋਣਾ ਖੁਦ ਨੂੰ ਵੀ ਪ੍ਰਭਾਵਿਤ ਨਹੀਂ ਕਰਦਾ।
ਜੀਵਨ ਹੈ ਤਾਂ ਉਤਰਾਅ ਚੜ੍ਹਾਅ ਵੀ ਜਰੂਰ ਆਉਣਗੇ, ਅਸੀਂ ਡਿੱਗ ਵੀ ਜਾਂਦੇ ਹਾਂ, ਲੋਕ ਡੇਗ ਵੀ ਜਾਂਦੇ ਆ ਪਰ ਸਾਨੂੰ ਵਿਸ਼ਵਾਸ ਉੱਠਣ ਵਿਚ ਰੱਖਣਾ ਪਵੇਗਾ, ਸੌ ਵਾਰੀ ਡਿੱਗਣ ਵਾਲੇ ਇੱਕ ਸੌ ਇੱਕ ਵਾਰੀ ਉਠਣ ਕਰਕੇ ਆਪਣੇ ਆਪ ਨੂੰ ਮਹਾਨ ਕਹਾ ਕੇ ਗਏ ਨੇ ਸੰਸਾਰ ਤੋਂ, ਉੱਠਣ ਵਾਲੇ ਜਾਣਦੇ ਹਨ ਕਿ ਫਿਸਲ ਤਾਂ ਹਾਥੀ ਵੀ ਜਾਂਦੇ ਨੇ, ਪਛੜ ਜਾਣਾ ਕੋਈ ਹਾਰ ਨਹੀਂ ਹੁੰਦੀ, ਏਥੇ ਹੀ ਤਾਂ ਕੁਦਰਤ ਵੱਲੋਂ ਓਹ ਕਲਾ ਵਰਤਦੀ ਹੈ ਜੋ ਕੱਛੂਕੁੰਮੇ ਦੇ ਦਿਮਾਗ਼ ਅੰਦਰ ਜਿੱਤ ਦੇ ਜਸ਼ਨ ਮਨਾਉਣ ਦਾ ਪ੍ਰੇਰਨਾਦਾਇਕ ਮਹੌਲ ਸਿਰਜਦੀ ਹੈ ਤੇ ਮੰਜ਼ਿਲ ਪਾਉਣ ਲਈ ਹਿੰਮਤ,ਹੌਂਸਲੇ ਅਤੇ ਸਾਹਸ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਜੜ੍ਹਾਂ ਵੱਢਣ ਵਾਲਿਆਂ ਪੱਲੇ ਦਾਤੀਆਂ ਰਹਿ ਜਾਂਦੀਆਂ ਨੇ, ਓਹ ਖੜ੍ਹੇ ਵਹਿੰਦੇ ਰਹਿ ਜਾਂਦੇ ਹਨ ਜਦੋਂ ਕੁਦਰਤ ਦੇ ਲਾਡਲੇ ਸੌਗਾਤਾਂ ਨਾਲ ਮਾਲੋਮਾਲ ਹੋ ਜਾਂਦੇ ਨੇ।
ਅਸੀਂ ਕੇਲੇ ਦੇ ਛਿਲਕੇ ਤੋਂ ਕੀ ਤਿਲ੍ਹਕੇ, ਓਹ ਖੂਬ ਹੱਸਦੇ ਰਹੇ ਜਿਹੜੇ ਸਾਨੂੰ ਡੇਗਣਾ ਚਾਹੁੰਦੇ ਸਨ। ਕਮਲਿਓ! ਤੁਸੀਂ ਕੀ ਜਾਣੋਂ, ‘ਜਿਹਨੂੰ ਕੁਦਰਤ ਉੱਠਣਾ ਸਿਖਾ ਦੇਵੇ ਓਹ ਡਿੱਗਣ ਦੇ ਮਾਇਨੇ ਹੀ ਭੁੱਲ ਜਾਂਦਾ ਹੈ’।
ਅੱਜ ਪੜ੍ਹੇ ਲਿਖੇ ਨਾ ਹੋਣਾ ਹੀ ਸਮਾਜਿਕ ਅਨਪੜ੍ਹਤਾ ਨਹੀਂ, ਬਲਕਿ ਡਿਗਰੀਆਂ ਵਾਲਿਆਂ ਵਲੋਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਨਾ ਸਮਝਣਾ ਸਭ ਤੋਂ ਵੱਡੀ ਅਨਪੜ੍ਹਤਾ ਤੇ ਸਿਖਿਆ ਨੂੰ ਹੋਇਆ ਕੋਹੜ ਹੈ..!
ਮਨੁੱਖੀ ਕਦਰਾਂ ਕੀਮਤਾਂ ਦਾ ਸਬਕ ਮਿਹਨਤ, ਸਿਦਕ ਤੇ ਸਿਰੜ ਤੋਂ ਬਿਨਾਂ ਸਾਡੇ ਹਿਰਦੇ ਵਿਚ ਨਹੀਂ ਉੱਤਰਦਾ। ਕੱਚੀਆਂ ਤੰਦਾਂ ਨੇ ਟੁੱਟ ਹੀ ਜਾਣਾ ਹੁੰਦਾ ਹੈ ਇਹ ਸੁਭਾਅ ਹੈ ਉਨ੍ਹਾਂ ਦਾ, ਪਰ ਜਿਨ੍ਹਾਂ ਦੀਆਂ ਡੋਰੀਆਂ ਕੁਦਰਤ ਹੱਥ ਹੋਣ ਓਹ ਰੁਕਦੇ ਨਹੀਂ, ਓਹ ਰੁਕ ਸਕਦੇ ਹੀ ਨਹੀਂ।
ਹਰਫੂਲ ਭੁੱਲਰ
ਮੰਡੀ ਕਲਾਂ 9876870157