(ਸਮਾਜ ਵੀਕਲੀ)
ਮੈਂ ਗੁਰਮੁੱਖੀ ਦੀ ਧੀ ਹਾਂ,
ਸੁੱਖ ਗੁਰਮੁੱਖੀ ਦੀ ਲੋਚਾਂ।
ਜਦੋਂ ਲੋੜ ਪੈ ਜੇ ਮਾਂ ਨੂੰ,
ਇੱਕ ਪਲ ਵੀ ਨਾ ਮੈਂ ਸੋਚਾਂ।
ਮੈਂ ਗੁਰਮੁੱਖੀ…..
ਏਹਦੇ ਅੱਖਰ ਬੜੇ ਸੋਹਣੇ,
ਊੜਾ,ਆੜਾ,ਈੜੀ,ਸੱਸਾ।
ਇਹ ਮੇਰੇ ਅੰਦਰ ਵੱਸਦੇ,
ਤੇ ਮੈਂ ਏਹਨਾਂ ਵਿੱਚ ਵੱਸਾ।
ਇਹ ਅਸਮਾਨੀ ਉੱਡਦਿਆਂ ਨੂੰ,
ਨੀਂ ਮੈਂ ਪੱਲੇ ਦੇ ਵਿੱਚ ਬੋਚਾਂ।
ਮੈਂ ਗੁਰਮੁੱਖੀ…..
ਇਹ ਮਾਂ ਮੇਰੀ ਪਿਆਰੀ,
ਮੇਰੀ ਰੂਹ ਦੇ ਵਿੱਚ ਵੱਸਦੀ।
ਮੇਰੇ ਰੋਣਿਆਂ ਦੇ ਵਿੱਚ ਰੋਂਦੀ,
ਮੇਰੇ ਹਾਸਿਆਂ ਦੇ ਵਿੱਚ ਹੱਸਦੀ।
ਦਿਲ ਸਜ਼ਦਾ ਕਰਨ ਨੂੰ ਕਰਦਾ,
ਤੇ ਮੈਂ ਪੱਬਾਂ ਭਾਰ ਹੋ ਜਾਂ।
ਮੈਂ ਗੁਰਮੁੱਖੀ……
ਇਸ ਮਾਂ ਦੀ ਗੋਦੀ ਵਿੱਚ,
ਮੈਂ ਪਲ਼ ਕੇ ਹੋਈ ਵੱਡੀ।
ਅਣਭੋਲ਼ ਹੱਥ ਛੱਡ ਦੇਵਾਂ ਮੈਂ,
ਏਹਨੇ ਉਂਗਲ ਕਦੇ ਨਾ ਛੱਡੀ।
ਇਹ ਮੋਢੇ ‘ਤੇ ਸਿਰ ਰੱਖ ਲੈਂਦੀ,
ਜੇ ਕਿੱਧਰੇ ਲੱਗਦੀਆਂ ਝੋਕਾਂ।
ਮੈਂ ਗੁਰਮੁੱਖੀ……
ਮਨਜੀਤ ਕੌਰ ਧੀਮਾਨ
ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059