ਅਡਾਨੀ ਗਰੁੱਪ ਦੇ ਐੱਫਪੀਓ ਨੂੰ ਨਿਵੇਸ਼ਕਾਂ ਵੱਲੋਂ ਮੱਠਾ ਹੁੰਗਾਰਾ

ਨਵੀਂ ਦਿੱਲੀ (ਸਮਾਜ ਵੀਕਲੀ) : ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੀ ਅਗਵਾਈ ਹੇਠਲੇ ਗਰੁੱਪ ਦੇ 20 ਹਜ਼ਾਰ ਕਰੋੜ ਰੁਪਏ ਦੇ ਐੱਫਪੀਓ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਉਂਜ ਗਰੁੱਪ ਨੇ ਐੱਫਪੀਓ ਤਹਿਤ ਨਿਰਧਾਰਿਤ ਕੀਮਤਾਂ ਜਾਂ ਵਿਕਰੀ ਦੀ ਤਰੀਕ ’ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਗਰੁੱਪ ਦੇ ਤਰਜਮਾਨ ਨੇ ਕਿਹਾ,‘‘ਅਡਾਨੀ ਐਂਟਰਪ੍ਰਾਇਜ਼ਿਜ ਲਿਮਟਿਡ ਦਾ ਐੱਫਪੀਓ ਤੈਅ ਸਮੇਂ ਅਤੇ ਐਲਾਨੀ ਕੀਮਤ ਮੁਤਾਬਕ ਚੱਲ ਰਿਹਾ ਹੈ। ਇਸ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਬੈਂਕਰਾਂ ਅਤੇ ਨਿਵੇਸ਼ਕਾਂ ਸਮੇਤ ਸਾਡੇ ਸਾਰੇ ਹਿੱਤਧਾਰਕਾਂ ਨੂੰ ਐੱਫਪੀਓ ’ਤੇ ਪੂਰਾ ਭਰੋਸਾ ਹੈ। ਅਸੀਂ ਐੱਫਪੀਓ ਦੀ ਸਫ਼ਲਤਾ ਨੂੰ ਲੈ ਕੇ ਆਸਵੰਦ ਹਾਂ।’’ ਅਡਾਨੀ ਗਰੁੱਪ ਨੇ ਹਿੰਡਨਬਰਗ ਦੀ ਰਿਪੋਰਟ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ ਕਿ ਇਹ ਐੱਫਪੀਓ ਨੂੰ ਨਾਕਾਮ ਕਰਨ ਦੀ ਸਾਜ਼ਿਸ਼ ਹੈ।

ਅਡਾਨੀ ਐਂਟਰਪ੍ਰਾਇਜ਼ਿਜ ਦਾ ਐੱਫਪੀਓ ਸ਼ੁੱਕਰਵਾਰ ਨੂੰ ਪਹਿਲੇ ਦਿਨ ਸਿਰਫ਼ ਇਕ ਫ਼ੀਸਦੀ ਹੀ ਭਰਿਆ। ਇਹ ਐੱਫਪੀਓ 31 ਜਨਵਰੀ ਨੂੰ ਬੰਦ ਹੋਵੇਗਾ। ਕੰਪਨੀ ਨੇ ਐੱਫਪੀਓ ਦੀ ਕੀਮਤ 3112 ਤੋਂ 3276 ਰੁਪਏ ਰੱਖੀ ਹੈ ਜਦਕਿ ਸ਼ੁੱਕਰਵਾਰ ਨੂੰ ਅਡਾਨੀ ਐਂਟਰਪ੍ਰਾਇਜ਼ਿਜ ਦਾ ਸ਼ੇਅਰ ਬੀਐੱਸਈ ’ਚ 2762.15 ਰੁਪਏ ’ਤੇ ਬੰਦ ਹੋਇਆ। ਐੱਫਪੀਓ ਖੁੱਲ੍ਹਣ ਤੋਂ ਪਹਿਲਾਂ ਅਡਾਨੀ ਐਂਟਰਪ੍ਰਾਇਜ਼ਿਜ ਨੇ ਐਂਕਰ ਯਾਨੀ ਵੱਡੇ ਨਿਵੇਸ਼ਕਾਂ ਤੋਂ 5985 ਕਰੋੜ ਰੁਪਏ ਜੁਟਾਏ ਸਨ।

ਐਂਕਰ ਬੁੱਕ ’ਚ ਵਿਦੇਸ਼ੀ ਨਿਵੇਸ਼ਕਾਂ ਤੋਂ ਇਲਾਵਾ ਐੱਲਆਈਸੀ, ਐੱਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ, ਐੱਚਡੀਐੱਫਸੀ ਲਾਈਫ ਇੰਸ਼ੋਰੈਂਸ ਕੰਪਨੀ ਅਤੇ ਸਟੇਟ ਬੈਂਕ ਆਫ਼ ਇੰਡੀਆ ਐਂਪਲਾਈਜ਼ ਪੈਨਸ਼ਨ ਫੰਡ ਸਮੇਤ ਕਈ ਘਰੇਲੂ ਸੰਸਥਾਗਤ ਨਿਵੇਸ਼ਕ ਵੀ ਸ਼ਾਮਲ ਹਨ। ਕੰਪਨੀ ਵੱਲੋਂ ਐੱਫਪੀਓ ਰਾਹੀਂ ਉਗਰਾਹੇ ਜਾਣ ਵਾਲੇ 20 ਹਜ਼ਾਰ ਕਰੋੜ ਰੁਪਏ ’ਚੋਂ 10,869 ਕਰੋੜ ਰੁਪਏ ਗਰੀਨ ਹਾਈਡਰੋਜਨ ਪ੍ਰਾਜੈਕਟਾਂ ਆਦਿ ’ਤੇ ਵਰਤੇ ਜਾਣਗੇ।

ਇਸੇ ਤਰ੍ਹਾਂ 4,165 ਕਰੋੜ ਰੁਪਏ ਹਵਾਈ ਅੱਡਿਆਂ, ਸੜਕਾਂ ਅਤੇ ਸੋਲਰ ਪ੍ਰਾਜੈਕਟਾਂ ਨਾਲ ਸਬੰਧਤ ਕੰਪਨੀਆਂ ਵੱਲੋਂ ਲਏ ਗਏ ਕਰਜ਼ਿਆਂ ਦੀ ਅਦਾਇਗੀ ਕੀਤੀ ਜਾਵੇਗੀ।

 

Previous articleਕੌਲਿਜੀਅਮ ਖ਼ਿਲਾਫ਼ ਰਿਜਿਜੂ ਦੇ ਵਿਚਾਰਾਂ ਦੀ ਨਰੀਮਨ ਵੱਲੋਂ ਆਲੋਚਨਾ
Next articleਐੱਮਐੱਸਸੀਆਈ ਨੇ ਕੰਪਨੀ ਤੋਂ ਫੀਡਬੈਕ ਮੰਗਿਆ