ਅੰਮ੍ਰਿਤਸਰ (ਸਮਾਜ ਵੀਕਲੀ) : ਬਾਬਾ ਸਾਹਿਬ ਚੌਕ ਵਿੱਚ ਅੱਜ ਤੜਕੇ ਅੱਗ ਲੱਗਣ ਕਾਰਨ ਇਕ ਤਿੰਨ ਮੰਜ਼ਿਲਾ ਇਮਾਰਤ ਨੁਕਸਾਨੀ ਗਈ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ।
ਇਸ ਘਟਨਾ ਵਿਚ ਮਾਰੇ ਗਏ ਵਿਅਕਤੀ ਦੀ ਸ਼ਨਾਖਤ ਪਰਮਜੀਤ ਸਿੰਘ ਪੰਮਾ (50) ਵਜੋਂ ਹੋਈ ਹੈ ਜਦੋਂ ਕਿ ਇਕ ਨੌਜਵਾਨ ਵੀਰ ਸਿੰਘ ਆਪਣੀ ਜਾਨ ਬਚਾਉਣ ਵਿੱਚ ਸਫ਼ਲ ਰਿਹਾ। ਇਹ ਦੋਵੇਂ ਵਿਅਕਤੀ ਰਾਤ ਨੂੰ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਸੁੱਤੇ ਹੋਏ ਸਨ। ਇਸ ਇਮਾਰਤ ਵਿਚ ਹੇਠਾਂ ਕਾਸਮੈਟਿਕ ਦੀ ਦੁਕਾਨ ਹੈ ਅਤੇ ਉੱਪਰ ਗੋਦਾਮ ’ਤੇ ਰਹਿਣ ਦੀ ਥਾਂ ਬਣੀ ਹੋਈ ਹੈ। ਦੁਕਾਨ ਅਤੇ ਗੁਦਾਮ ਵਿੱਚ ਕਾਸਮੈਟਿਕ ਦਾ ਜਲਨਸ਼ੀਲ ਸਮਾਨ ਹੋਣ ਕਾਰਨ ਅੱਗ ਵਧੇਰੇ ਭੜਕ ਗਈ ਸੀ, ਜਿਸ ’ਤੇ ਕਾਬੂ ਪਾਉਣ ਵਿਚ ਫਾਇਰ ਬ੍ਰਿਗੇਡ ਨੂੰ ਸਖਤ ਮਿਹਨਤ ਕਰਨੀ ਪਈ । ਇਲਾਕੇ ਵਿਚ ਤੰਗ ਬਾਜ਼ਾਰ ਅਤੇ ਭੀੜੀਆਂ ਗਲੀਆਂ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਪਾਣੀ ਲਿਆਉਣ ਵਿੱਚ ਵੀ ਮੁਸ਼ਕਲ ਪੇਸ਼ ਆਈ। ਫਾਇਰ ਬ੍ਰਿਗੇਡ ਵਿਭਾਗ ਨੇ ਆਖਰ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਕੇ ਨੇੜੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਸਰੋਵਰ ਵਿਚੋਂ ਪਾਣੀ (ਜਲ) ਲੈ ਕੇ ਅੱਗ ਬਝਾਉਣ ਵਿਚ ਮਦਦ ਕੀਤੀ।
ਅੱਗ ਲੱਗਣ ਦਾ ਕਾਰਨ ਫਿਲਹਾਲ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਵੇਰਵਿਆਂ ਮੁਤਾਬਕ ਇਹ ਇਮਾਰਤ ਕੁਲਵਿੰਦਰ ਸਿੰਘ ਨਾਂ ਦੇ ਵਿਅਕਤੀ ਦੀ ਹੈ, ਜੋ ਤਰਨ ਤਾਰਨ ਰੋਡ ਤੇ ਰਹਿੰਦਾ ਹੈ ਅਤੇ ਮ੍ਰਿਤਕ ਪਰਮਜੀਤ ਸਿੰਘ ਪੰਮਾ ਉਸ ਦਾ ਨੇੜਲਾ ਰਿਸ਼ਤੇਦਾਰ ਹੈ। ਥਾਣਾ ਬੀ ਡਵੀਜ਼ਨ ਦੇ ਐਸਐਚਓ ਪ੍ਰਦੁੱਮਣ ਸਿੰਘ ਨੇ ਦੱਸਿਆ ਕਿ ਪੰਮਾ ਅਤੇ ਵੀਰ ਸਿੰਘ ਦੋਵੇਂ ਦੁਕਾਨ ਦੀ ਉਪਰਲੀ ਮੰਜ਼ਿਲ ਤੇ ਹੀ ਰਾਤ ਨੂੰ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਇਹ ਅੱਗ ਲੱਗਣ ਦੀ ਘਟਨਾ ਤੜਕੇ ਸਵੇਰੇ ਲਗਪਗ ਸਾਢੇ ਤਿੰਨ -ਚਾਰ ਵਜੇ ਦੇ ਵਿਚਾਲੇ ਵਾਪਰੀ। ਉਸ ਵੇਲੇ ਇਹ ਦੋਵੇਂ ਉੱਪਰ ਇਮਾਰਤ ਵਿਚ ਸੁੱਤੇ ਹੋਏ ਸਨ। ਅੱਗ ਲੱਗਣ ਮਗਰੋਂ ਵੀਰ ਸਿੰਘ ਨੇ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ ਛਾਲ ਮਾਰ ਦਿਤੀ ਅਤੇ ਬੱਚ ਗਿਆ ਜਦੋਂ ਕਿ ਪਰਮਜੀਤ ਸਿੰਘ ਪੰਮਾ ਸਰੀਰ ਭਾਰਾ ਹੋਣ ਕਾਰਨ ਕੁਝ ਨਾ ਕਰ ਸਕਿਆ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਧੂੰਏਂ ਕਾਰਨ ਉਸ ਦਾ ਸਾਹ ਘੁੱਟ ਗਿਆ ਅਤੇ ਮੌਤ ਹੋ ਗਈ। ਬਾਅਦ ਵਿੱਚ ਅੱਗ ਕਾਰਨ ਉਸ ਦਾ ਸਰੀਰ ਵੀ ਝੁਲਸ ਗਿਆ ਸੀ।
ਇਸ ਤਰ੍ਹਾਂ ਦੁਕਾਨ ਵਿਚ ਰੱਖਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ ਅਤੇ ਇਮਾਰਤ ਦੀਆਂ ਹੋਰ ਮੰਜ਼ਿਲਾਂ ਵੀ ਨੁਕਸਾਨੀਆਂ ਗਈਆਂ ਹਨ।