(ਸਮਾਜ ਵੀਕਲੀ)
ਬਸੰਤ ਪੰਚਮੀ ਵਿਸ਼ੇਸ਼
ਬਸੰਤ ਰੁੱਤ ਨੂੰ ਰੁੱਤਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਕਿਉਂ ਕਿ ਇਸ ਸਮੇਂ ਦੇ ਮੌਸਮ ਨੂੰ ਬਦਲਾਅ ਅਤੇ ਕੁਦਰਤ ਵਿੱਚ ਇੱਕ ਨਵੀਂ ਚੇਤਨਾ ਪੈਦਾ ਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬਸੰਤ ਦੇ ਦਸਤਕ ਦੇਣ ਨਾਲ ਬਸੰਤ ਰੁੱਤ ਦਾ ਆਰੰਭ ਹੋ ਜਾਂਦਾ ਹੈ ਅਤੇ ਪੈ ਰਹੀ ਕੜਾਕੇ ਦੀ ਠੰਢ ਤੋਂ ਨਿਜਾਤ ਮਿਲਣ ਲੱਗਦੀ ਹੈ । ਦਰੱਖਤਾਂ ਅਤੇ ਪੌਦਿਆਂ ਦੇ ਪੁਰਾਣੇ ਪੱਤੇ ਝੜ ਕੇ ਨਵੇਂ ਪੱਤੇ ਖਿੜਨ ਲੱਗਦੇ ਹਨ । ਬਸੰਤ ਰੁੱਤ ਵਿੱਚ ਨਾ ਵਧੇਰੇ ਗਰਮੀ, ਨਾ ਵਧੇਰੇ ਸਰਦੀ ਹੁੰਦੀ ਹੈ। ਇਸ ਰੁੱਤ ਵਿੱਚ ਪੱਤਾ-ਪੱਤਾ ਅਤੇ ਡਾਲੀ-ਡਾਲੀ ਸਭ ਖਿੜ ਉੱਠਦੇ ਹਨ ਅਤੇ ਹਰ ਪਾਸੇ ਫੁੱਲਾਂ ਦੀ ਬਹਾਰ ਹੁੰਦੀ ਹੈ। ਧਰਤੀ ’ਤੇ ਹਰ ਪਾਸੇ ਸੁੱਕੀ ਪਈ ਬਨਸਪਤੀ ਟਹਿਕਣ ਲੱਗਦੀ ਹੈ।
ਹਰ ਪਾਸੇ ਖਿੜੀ ਹੋਈ ਫੁੱਲਾਂ ਦੀ ਬਹਾਰ ਸਦਕਾ ਇਨ੍ਹਾਂ ਉੱਪਰ ਸ਼ਹਿਦ ਦੇਣ ਵਾਲੀਆਂ ਮੱਖੀਆਂ ਅਤੇ ਤਿਤਲੀਆਂ ਉਡਾਰੀਆਂ ਭਰਦੀਆਂ ਹਨ ਅਤੇ ਭੌਰੇ ਖੁਸ਼ੀ ਵਿੱਚ ਗੁਣਗੁਣਾਉਂਦੇ ਹਨ, ਕੋਇਲ ਵੀ ਮਸਤੀ ਵਿੱਚ ਕੂ-ਕੂ ਦੀ ਆਵਾਜ਼ ਨਾਲ ਚੌਗਿਰਦੇ ਨੂੰ ਸੰਗੀਤਮਈ ਬਣਾ ਦਿੰਦੀ ਹੈ। ਇਸ ਨਾਲ ਸਬੰਧਤ ਪੌਰਾਣਿਕ ਕਥਾ ਵੀ ਪ੍ਰਚਲਿਤ ਹੈ ਜਿਸ ਅਨੁਸਾਰ ਕਿਹਾ ਜਾਂਦਾ ਹੈ ਕਿ ਇੱਕ ਸਮੇਂ ਬਸੰਤ ਤੋਂ ਇਲਾਵਾ ਬਾਕੀ ਦੀਆਂ ਪੰਜ ਰੁੱਤਾਂ ਨੇ ਇਕੱਠੇ ਹੋ ਕੇ ਬਸੰਤ ਨੂੰ ਆਪਣਾ ਰਾਜਾ ਮੰਨਿਆ ਅਤੇ ਆਪਣੇ ਦੋ-ਦੋ ਮਹੀਨਿਆਂ ਵਿੱਚ 8-8 ਦਿਨ ਬਸੰਤ ਨੂੰ ਦਿੱਤੇ ਜਿਸ ਸਦਕਾ ਬਸੰਤ ਰੁੱਤ ਕੋਲ 40 ਦਿਨ ਵਧ ਜਾਣ ਕਾਰਨ ਬਸੰਤ ਰੁੱਤ ਸਭ ਤੋਂ ਵੱਡੀ ਹੋ ਗਈ।
ਇਸ ਰੁੱਤ ਵਿੱਚ ਬਨਸਪਤੀ ਅਤੇ ਇਨਸਾਨਾਂ ਅੰਦਰ ਇੱਕ ਨਵੀਂ ਉਤੇਜਨਾ ਅਤੇ ਸ਼ਕਤੀ ਅੰਗੜਾਈ ਲੈਣ ਲੱਗਦੀ ਹੈ। ਇਨਸਾਨੀ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋ ਜਾਣ ਸਦਕਾ ਹਰ ਕੋਈ ਫੁਰਤੀ ਅਤੇ ਖਿੜਾਂ ਅਨੁਭਵ ਕਰਨ ਲੱਗਦਾ ਹੈ। ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖਤਮ ਹੋਣ ਦਾ ਸੂਚਕ ਮੰਨੀ ਜਾਂਦੀ ਹੈ, ਇਸੇ ਲਈ ਕਿਹਾ ਜਾਂਦਾ ਹੈ: ‘ਆਈ ਬਸੰਤ ਪਾਲਾ ਉਡੰਤ’। ਬਸੰਤ ਪੰਚਮੀ ਦਾ ਤਿਉਹਾਰ ਮਾਘ ਮਹੀਨੇ ਦੇ ਚਾਨਣ ਪੱਖ ਦੀ ਪੰਜ ਤਰੀਕ ਨੂੰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਕਾਮਦੇਵ ਦੀ ਪੂਜਾ ਵੀ ਕੀਤੀ ਜਾਂਦੀ ਹੈ ਅਤੇ ਕਈ ਲੋਕ ਮਾਂ ਲੱਛਮੀ ਅਤੇ ਨਰਾਇਣ ਦੀ ਪੂਜਾ ਕਰਦੇ ਹਨ।
ਇਸ ਦਿਨ ਦੇਵੀ ਸਰਸਵਤੀ ਦੀ ਪੂਜਾ ਪੀਲੇ ਕੱਪੜੇ ਪਾ ਕੇ ਕੀਤੀ ਜਾਂਦੀ ਹੈ।ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਵਧੇਰੇ ਰਿਵਾਜ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿੱਚ ਹੈ। ਰਾਜਸਥਾਨ ਵਿੱਚ ਔਰਤਾਂ ਪੀਲੀਆਂ ਸਾੜ੍ਹੀਆਂ, ਲਹਿੰਗੇ ਆਦਿ ਪਾਉਂਦੀਆਂ ਹਨ। ਪੱਛਮੀ ਬੰਗਾਲ ਵਿੱਚ ਵੀ ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਕਾਫੀ ਰਿਵਾਜ ਹੈ ਅਤੇ ਇੱਥੇ ਇਹ ਦਿਨ ਬੜੇ ਉਤਸ਼ਾਹ ਨਾਲ ਸਰਸਵਤੀ ਪੂਜਾ ਨਾਲ ਮਨਾਇਆ ਜਾਂਦਾ ਹੈ। ਪੂਰਬੀ-ਉੱਤਰ ਪ੍ਰਦੇਸ਼ ਵਿੱਚ ਬਸੰਤ ਪੰਚਮੀ ਨੂੰ ਹੋਲੀ ਗਾਉਂਦੇ ਹਨ ਅਤੇ ਫਾਗ ਮਨਾਉਂਦੇ ਹਨ ਅਤੇ ਇਹ ਸਿਲਸਿਲਾ ਫੱਗਣ ਦੀ ਪੂਰਨਮਾਸ਼ੀ ਹੋਲੀ ਤੱਕ ਚੱਲਦਾ ਰਹਿੰਦਾ ਹੈ।
ਪੰਜਾਬ ਵਿੱਚ ਬਸੰਤ ਪੰਚਮੀ ਦੀਆਂ ਰੌਣਕਾਂ ਦੇਖਣ ਵਾਲੀਆਂ ਹੁੰਦੀਆਂ ਹਨ। ਲੋਕ ਪੀਲੇ ਕੱਪੜੇ ਪਾਉਂਦੇ ਹਨ। ਧਰਤੀ ਮੌਲਦੀ ਹੈ , ਬਨਸਪਤੀ ’ਤੇ ਨਿਖਾਰ ਆਉਣ ਲੱਗਦਾ ਹੈ, ਬੂਟਿਆਂ ਦੀਆਂ ਕਰਊੰਬਲਆਂ ਫੁੱਟਦੀਆਂ ਹਨ, ਖੇਤਾਂ ਵਿੱਚ ਸਰੋਂ ਦੇ ਖਿੜੇ ਹੋਏ ਪੀਲੇ ਪੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਖੇਤਾਂ ਦੇ ਦੂਰ ਜਿੱਥੋਂ ਤਕ ਨਿਗਾਹ ਜਾਂਦੀ ਹੈ ਸਰੋਂ ਦੇ ਪੀਲੇ ਪੀਲੇ ਫੁੱਲਾਂ ਦੇ ਖੇਤ ਅਦਭੁਤ ਨਜ਼ਾਰਾ ਪੇਸ਼ ਕਰਦੇ ਹਨ , ਬਾਗਾਂ ਵਿੱਚ ਰੰਗ ਬਿਰੰਗੇ ਖਿੜੇ ਹੋਏ ਫੁੱਲ ਨਜ਼ਰੀਂ ਪੈਂਦੇ ਹਨ । ਅੰਮ੍ਰਿਤਸਰ ਦੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਅਤੇ ਪੰਜਾਬ ਦੇ ਕਈ ਹੋਰ ਧਾਰਮਿਕ ਸਥਾਨਾਂ ਤੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਤੋਂ ਲੈਕੇ ਪੂਰਾ ਮਹੀਨਾ ਬਸੰਤ ਰਾਗ ਵਿੱਚ ਸ਼ਬਦ ਗਾਇਨ ਕੀਤੇ ਜਾਂਦੇ ਹਨ।
“ਮਉਲੀ ਧਰਤੀ ਮਉਲਿਆ ਅਕਾਸੁ ॥ ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥ ਰਾਜਾ ਰਾਮੁ ਮਉਲਿਆ ਅਨਤ ਭਾਇ ॥ ਜਹ ਦੇਖਉ ਤਹ ਰਹਿਆ ਸਮਾਇ ॥੧॥
ਗੁਰਬਾਣੀ ਦੀਆਂ ਇਹਨਾਂ ਤੁਕਾਂ ਰਾਹੀਂ ਜਿੱਥੇ ਬਸੰਤ ਰੁੱਤ ਦੀ ਮਹਿਮਾ ਵੀ ਵਧ ਜਾਂਦੀ ਹੈ ਉੱਥੇ ਹੀ ਕੁਦਰਤ ਦਾ ਅਧਿਆਤਮਵਾਦ ਨਾਲ ਗਹਿਰਾ ਸਬੰਧ ਪਤਾ ਚਲਦਾ ਹੈ।
ਸੰਸਕ੍ਰਿਤਕ ਦ੍ਰਿਸ਼ਟੀ ਤੋਂ ਵੀ ਬਸੰਤ ਪੰਚਮੀ ਦਾ ਮਹੱਤਵਪੂਰਨ ਯੋਗਦਾਨ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਖੁਸ਼ੀ ਦਾ ਚਾਅ ਸਾਂਭਿਆ ਨਹੀਂ ਜਾਂਦਾ। ਉਹ ਤੜਕਸਾਰ ਹੀ ਆਪਣੇ ਕੋਠਿਆਂ ’ਤੇ ਚੜ੍ਹ ਕੇ ਪਤੰਗ ਉਡਾਉਂਦੇ ਹਨ। ਪਤੰਗਾਂ ਦੇ ਮੁਕਾਬਲੇ ਹੁੰਦੇ ਹਨ, ਪਤੰਗ ਕੱਟੇ ਜਾਂਦੇ ਹਨ, ਪਤੰਗ ਲੁੱਟੇ ਜਾਂਦੇ ਹਨ, ਬੱਚਿਆਂ ਵਿੱਚ ਅਲੱਗ ਹੀ ਜੋਸ਼ ਹੁੰਦਾ ਹੈ। ਅਸਮਾਨ ਵਿੱਚ ਉੱਡਦੇ ਰੰਗ ਬਰੰਗੇ ਪਤੰਗ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ।
ਅੱਜ ਕੱਲ੍ਹ ਚਾਹੇ ਚਾਈਨਾ ਡੋਰ ਦੇ ਵਧ ਰਹੇ ਰੁਝਾਨ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਨੇ ਇੱਕ ਇਸ ਤਿਉਹਾਰ ਦੇ ਰੰਗ ਨੂੰ ਥੋੜ੍ਹਾ ਜਿਹਾ ਫਿੱਕਾ ਪਾ ਦਿੱਤਾ ਹੈ।ਪਰ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਉਸ ਕਾਤਲ ਡੋਰ ਨੂੰ ਵਰਤਣ ਤੋਂ ਜਿੱਥੇ ਆਪ ਗੁਰੇਜ਼ ਕਰਨਾ ਚਾਹੀਦਾ ਹੈ ਉੱਥੇ ਹੀ ਦੂਜਿਆਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਇਸ ਸੋਹਣੇ ਜਿਹੇ ਤਿਉਹਾਰ ਨੂੰ ਸਾਰੇ ਜਾਣੇ ਰਲ਼ ਮਿਲ਼ ਚਾਈਂ ਚਾਈਂ ਮਨਾਉਣ ਕਿਉਂ ਕਿ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324