(ਸਮਾਜ ਵੀਕਲੀ)
ਪੰਜਾਬੀ ਬੋਲੀ ਚਾਹੇ ਬਹੁਤ ਪੁਰਾਣੀ ਭਾਸ਼ਾ ਹੈ ਪਰ ਇਸ ਨੂੰ ਸਮੇਂ ਸਮੇਂ ਤੇ ਦਬਿਆ ਕੁਚਲਿਆ ਗਿਆ ਹੈ। ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਸਾਹਿਤ ਸਭਾਵਾਂ ਮੁੱਢ ਤੋਂ ਹੀ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਇਸ ਦੇ ਸਾਹਿਤ ਸਿਰਜਣ ਅਤੇ ਉਸ ਨੂੰ ਪ੍ਰਫੁੱਲਿਤ ਕਰਨ ਲਈ ਸਾਰੇ ਪੰਜਾਬੀ ਰਲ਼ ਮਿਲ਼ ਕੇ ਯੋਗਦਾਨ ਪਾਉਂਦੇ ਆਏ ਹਨ। ਸਾਹਿਤ ਸਭਾਵਾਂ ਬਾਰੇ ਮੈਂ ਕਾਫੀ ਕੁਝ ਪੜ੍ਹਿਆ, ਵਿਚਾਰਿਆ ਤੇ ਲਿਖਿਆ ਹੈ ਪਰ ਨਿੱਜੀ ਤੌਰ ਤੇ ਮੈਂ ਕਦੇ ਵੀ ਕਿਸੇ ਸਾਹਿਤ ਸਭਾ ਵਿੱਚ ਸ਼ਾਮਲ ਨਹੀਂ ਹੋਈ ਸੀ। ਮੇਰੇ ਪੱਤਰਕਾਰ ਵੀਰ ਰਮੇਸ਼ਵਰ ਸਿੰਘ ਪਟਿਆਲਾ ਵੱਲੋਂ ਮੈਨੂੰ ਮੇਰੇ ਪਲੇਠਾ ਕਾਵਿ ਸੰਗ੍ਰਹਿ “ਲਫ਼ਜ਼ ਬੋਲ ਪਏ” ਨੂੰ ਲੋਕ ਅਰਪਣ ਮਾਲਵਾ ਲਿਖ਼ਾਰੀ ਸਭਾ ਸੰਗਰੂਰ ਦੀ ਮਾਸਿਕ ਇਕੱਤਰਤਾ ਵਿੱਚ ਕਰਨ ਦੀ ਸਲਾਹ ਦਿੱਤੀ ਗਈ। ਮੈਨੂੰ ਵੀ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਜੀ ਨਾਲ ਗੱਲਬਾਤ ਕਰਨ ਤੋਂ ਬਾਅਦ ਉਚਿੱਤ ਲੱਗਿਆ।
24 ਅਪ੍ਰੈਲ 2022 ਦਿਨ ਐਤਵਾਰ ਨੂੰ ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਮਾਸਿਕ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਮੈਂ ਅਤੇ ਮੇਰੇ ਨਾਲ ਮੇਰੀ ਲੇਖਿਕਾ ਸਾਥਣ ਮਨਜੀਤ ਕੌਰ ਧੀਮਾਨ ਨਿਸ਼ਚਿਤ ਸਮੇਂ ਤੇ ਸਵੇਰੇ ਦਸ ਵਜੇ ਪੁੱਜ ਗਏ। ਉਦੋਂ ਹਜੇ ਸਭਾ ਦੇ ਕੋਈ ਪੰਦਰਾਂ ਕੁ ਮੈਂਬਰ ਪਹੁੰਚੇ ਹੋਏ ਸਨ। ਅਸੀਂ ਵੀ ਰਜਿਸਟਰ ਤੇ ਆਪਣਾ ਨਾਂ ਦਰਜ ਕਰਕੇ ਸ਼ਮੂਲੀਅਤ ਦੀ ਮੋਹਰ ਲਾ ਦਿੱਤੀ। ਮੈਂ ਪਹਿਲਾਂ ਕਿਸੇ ਵੀ ਮੈਂਬਰ ਨੂੰ ਮਿਲੀ ਨਾਂ ਹੋਣ ਕਰਕੇ ਮੈਨੂੰ ਕਿਸੇ ਵੀ ਆਮ ਜਾਂ ਖਾਸ ਸ਼ਖ਼ਸੀਅਤ ਦੀ ਕੋਈ ਬਹੁਤੀ ਪਹਿਚਾਣ ਨਹੀਂ ਆ ਰਹੀ ਸੀ।ਪਰ ਸੋਸ਼ਲ ਮੀਡੀਆ ਤੇ ਖਾਸ ਚਿਹਰੇ ਦੇਖੇ ਹੋਣ ਕਰਕੇ ਮੈਨੂੰ ਪ੍ਰਧਾਨ ਸਾਹਿਬ ਦੀ ਪਹਿਚਾਣ ਹੋ ਗਈ। ਕਰਮ ਸਿੰਘ ਜ਼ਖ਼ਮੀ ਜਿੰਨਾ ਵੱਡਾ ਨਾਂ ਹੈ ਪੰਜਾਬੀ ਸਾਹਿਤ ਵਿੱਚ ,ਓਨੇ ਹੀ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਵਿਅਕਤੀ ਹਨ।
ਮੈਂ ਸਭ ਤੋਂ ਪਹਿਲਾਂ ਉਹਨਾਂ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਹੋਈ। ਫਿਰ ਮੈਨੂੰ ਸਭਾ ਦੇ ਪ੍ਰੈਸ ਸਕੱਤਰ ਅਮਨ ਜੱਖਲਾਂ ਨੂੰ ਮਿਲਣ ਦਾ ਮੌਕਾ ਮਿਲਿਆ। ਫਿਰ ਸਾਡੇ ਵਾਂਗ ਹੀ ਮਹਿਮਾਨ ਵਜੋਂ ਸ਼ਾਮਲ ਹੋਏ ਲੇਖਕ ਬਲਜਿੰਦਰ ਸਿੰਘ ਰੇਤਗੜ੍ਹ ਨੂੰ ਪਛਾਣ ਕੇ ਉਚੇਚੇ ਤੌਰ ਤੇ ਮਿਲਣ ਲਈ ਉੱਠੀ। ਰਮੇਸ਼ਵਰ ਸਿੰਘ ਪਟਿਆਲਾ ਅਤੇ ਦੇਖਦੇ ਦੇਖਦੇ ਪੰਦਰਾਂ ਵੀਹ ਮਿੰਟਾਂ ਵਿੱਚ ਹਾਲ ਦੀਆਂ ਸਾਰੀਆਂ ਕੁਰਸੀਆਂ ਭਰ ਗਈਆਂ। ਮੈਂ ਉਪਰੋਕਤ ਚਾਰ ਚਿਹਰਿਆਂ ਤੋਂ ਇਲਾਵਾ ਕਿਸੇ ਨੂੰ ਨਹੀਂ ਜਾਣਦੀ ਸੀ ਪਰ ਐਨਾ ਜ਼ਰੂਰ ਸੀ ਕਿ ਉਹ ਸਾਰੀਆਂ ਸਾਹਿਤ ਜਗਤ ਨਾਲ ਜੁੜੀਆਂ ਹਸਤੀਆਂ ਹੀ ਸਨ।
ਸੁਖਵਿੰਦਰ ਸਿੰਘ ਲੋਟੇ ਜੀ ਮੰਚ ਤੇ ਆਕੇ ਸਮਾਗਮ ਦਾ ਆਰੰਭ ਕਰਨ ਲੱਗ ਪਏ ਪਰ ਉਦੋਂ ਤੱਕ ਮੈਂ ਉਸ ਮਹਾਨ ਸ਼ਖ਼ਸੀਅਤ ਤੋਂ ਬਿਲਕੁਲ ਅਣਜਾਣ ਸੀ। ਉਹ ਬੋਤਲਾਂ ਵਿੱਚ ਕਵਿਤਾਵਾਂ ਲਿਖਣ ਵਾਲੇ ਵਿਸ਼ਵ ਦੇ ਇਕਲੌਤੇ ਕਵੀ ਹਨ।ਪਰ ਉਹਨਾਂ ਦੀ ਸਾਦਗੀ ਤੇ ਨਿਮਰਤਾ ਭਾਵ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ।ਮੇਰਾ ਹੁਣ ਵੀ ਉਹਨਾਂ ਦਾ ਜ਼ਿਕਰ ਕਰਦਿਆਂ ਸਤਿਕਾਰ ਨਾਲ ਸਿਰ ਝੁਕ ਰਿਹਾ ਹੈ।ਇਸ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਕਵੀ ਤੇ ਕਵਿੱਤਰੀਆਂ ਐਨੀਆਂ ਮਹਾਨ ਸ਼ਖ਼ਸੀਅਤਾਂ ਸਨ ਕਿ ਸਭ ਬਾਰੇ ਇੱਕ ਇੱਕ ਲੇਖ ਲਿਖਿਆ ਜਾ ਸਕਦਾ ਹੈ। ਲੋਟੇ ਸਾਹਿਬ ਨੇ ਆਰੰਭ ਕਰਦਿਆਂ ਡਾ.ਇਕਬਾਲ ਸਿੰਘ ਸਰਕੌਦੀ, ਰਮੇਸ਼ਵਰ ਸਿੰਘ ਪਟਿਆਲਾ, ਸ:ਬਲਜਿੰਦਰ ਸਿੰਘ ਰੇਤਗੜ੍ਹ ਅਤੇ ਮੈਨੂੰ ਪ੍ਰਧਾਨਗੀ ਮੰਡਲ ਵਜੋਂ ਸਟੇਜ ਤੇ ਪਈਆਂ ਕੁਰਸੀਆਂ ਤੇ ਬੈਠਣ ਲਈ ਸੱਦਾ ਦਿੱਤਾ। ਫਿਰ ਪ੍ਰੋਗਰਾਮ ਸ਼ੁਰੂ ਹੋਇਆ। ਸਮਾਗਮ ਦੇ ਆਰੰਭ ਵਿੱਚ ਪ੍ਰੋ: ਨਰਿੰਦਰ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਮੈਂ ਮੰਚ ਤੇ ਬੈਠੀ ਸਾਰੇ ਕਵੀਆਂ ਵੱਲ ਗਹੁ ਨਾਲ ਤੱਕਦੀ ਰਹੀ ਕਿਉਂਕਿ ਸਾਰੇ ਮੈਨੂੰ ਇੱਕ ਗੁਲਦਸਤੇ ਵਾਂਗ ਜਾਪ ਰਹੇ ਸਨ ਜੋ ਆਪਣੀ ਆਪਣੀ ਮਹਿਕ ਖਿੰਡਾ ਰਹੇ ਸਨ। ਸਾਰਿਆਂ ਦੀ ਖੂਬਸੂਰਤੀ ਉਹਨਾਂ ਦੀਆਂ ਭਾਵਨਾਤਮਕ ਰਚਨਾਵਾਂ ਵਿੱਚੋਂ ਨਿਕਲ ਕੇ ਹੋਰ ਵੀ ਚਾਰ ਚੰਨ ਲਾ ਰਹੀ ਸੀ। ਇਸ ਸਭਾ ਵਿੱਚ ਹਰ ਉਮਰ ਅਤੇ ਹਰ ਵਰਗ ਦੀਆਂ ਸ਼ਖ਼ਸੀਅਤਾਂ ਸ਼ਾਮਲ ਸਨ।
ਕੁਲਵੰਤ ਖਨੌਰੀ ਜੀ ਦੀ ਦਮਦਾਰ ਆਵਾਜ਼ ਅਤੇ ਪ੍ਰਭਾਵਸ਼ਾਲੀ ਰਚਨਾ, ਕੁਲਵੰਤ ਕਸਕ ਜੀ ਦੀ ਬਹੁਤ ਖਿੜੇ ਭਾਵ ਨਾਲ ਰਚਨਾਵਾਂ ਪੇਸ਼ ਕਰਨਾ,ਪੂਜਾ ਪੁੰਡਰਕ ਅਤੇ ਸੰਦੀਪ ਕੌਰ ਸੋਖਲ ਦਾ ਛੋਟੀ ਉਮਰੇ ਸਾਹਿਤ ਸਭਾ ਵਿੱਚ ਸ਼ਾਮਲ ਹੋਣਾ ਅਤੇ ਬਹੁਤ ਖੂਬਸੂਰਤ ਅੰਦਾਜ਼ ਵਿੱਚ ਰਚਨਾਵਾਂ ਪੇਸ਼ ਕਰਨਾ ਨੌਜਵਾਨ ਵਰਗ ਲਈ ਸਾਹਿਤ ਪ੍ਰਤੀ ਪ੍ਰੇਰਿਤ ਹੋਣ ਦੀ ਮੋਹਰ ਲਗਾਉਂਦਾ ਹੈ। ਮੂਲ ਚੰਦ ਸ਼ਰਮਾ ਜੀ ਦੀ ਹਾਸ ਰਸ ਭਰਪੂਰ ਰਚਨਾ “ਰੁਲਦੂ ਦਾ ਵਿਆਹ” ਨੇ ਸਾਰਿਆਂ ਦੇ ਚਿਹਰੇ ਤੇ ਖੇੜਾ ਲੈ ਆਂਦਾ। ਕਈ ਕਵੀਆਂ ਵੱਲੋਂ ਗਾ ਕੇ ਬਹੁਤ ਸੋਹਣੀਆਂ ਤਰਜ਼ਾਂ ਤੇ ਸੁਰੀਲੀਆਂ ਆਵਾਜ਼ਾਂ ਨਾਲ ਪੇਸ਼ ਕੀਤੀਆਂ ਰਚਨਾਵਾਂ ਨੇ ਰੰਗ ਹੀ ਬੰਨ੍ਹ ਦਿੱਤਾ। “ਸ਼ਹਿਰ ਸੰਗਰੂਰ ਸਾਡਾ ਕੀ ਕਸੂਰ” ਗੀਤ ਦੇ ਗੀਤਕਾਰ ਸਰਬਜੀਤ ਸਿੰਘ ਨਮੋਲ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਸਭਾ ਦਾ ਪ੍ਰੈਸ ਸਕੱਤਰ ਅਮਨ ਜੱਖਲਾਂ ਅਤੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਜੀ ਨਾਲ ਨਾਲ ਚਾਹ ਪਾਣੀ ਦਾ ਇੰਤਜ਼ਾਮ ਕਦੋਂ ਕਰ ਗਏ ਪਤਾ ਹੀ ਨਹੀਂ ਚੱਲਿਆ।
ਅਮਨ ਜੱਖਲਾਂ ਵੱਲੋਂ ਖੁੱਲ੍ਹ ਕੇ ਪੇਸ਼ ਕੀਤੀ ਕਵਿਤਾ ਬਹੁਤ ਹੀ ਭਾਵਪੂਰਤ ਸੀ। ਗਗਨਦੀਪ ਕੌਰ,ਡਾ.ਸਰਬਜੀਤ ਸਿੰਘ, ਮਹਿੰਦਰਜੀਤ ਸਿੰਘ ਧੂਰੀ , ਪਰਮਜੀਤ ਕੌਰ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਮਾਂ ਨੂੰ ਸਮਰਪਿਤ ਕਵਿਤਾ ਬਹੁਤ ਹੀ ਖੂਬਸੂਰਤ ਰਚਨਾ ਸੀ। ਬਹੁਤ ਸਾਰੇ ਕਵੀਆਂ ਦੇ ਚਾਹੇ ਨਾਂ ਲਿਖਣੇਂ ਰਹਿ ਗਏ ਹਨ ਪਰ ਸਾਰੇ ਬਹੁਤ ਹੀ ਸਤਿਕਾਰ ਯੋਗ ਸਖ਼ਸ਼ੀਅਤਾਂ ਆਪਣੀ ਆਪਣੀ ਪ੍ਰਭਾਵਸ਼ਾਲੀ ਰਚਨਾ ਦੀ ਮਹਿਕ ਜ਼ਰੂਰ ਵੰਡ ਕੇ ਗਈਆਂ ਜੋ ਮੇਰੀਆਂ ਯਾਦਾਂ ਨੂੰ ਅੱਜ ਵੀ ਤਾਜ਼ਾ ਕਰ ਰਹੀਆਂ ਹਨ। ਅਖੀਰ ਵਿੱਚ ਲਵਲੀ ਬਡਰੁੱਖਾਂ ਵੱਲੋਂ ਰੁੱਖਾਂ ਨੂੰ ਸਮਰਪਿਤ ਬੁਲੰਦ ਅਵਾਜ਼, ਸਾਜ਼ਾਂ ਤੋਂ ਬਿਨਾਂ ਸੁਰ ਵਿੱਚ ਪੂਰੀ ਤਰ੍ਹਾਂ ਮਗਨ ਹੋ ਕੇ ਗਾਏ ਗੀਤ ਨੇ ਤਾਂ ਅਮਿੱਟ ਸ਼ਾਪ ਛੱਡੀ। ਫਿਰ ਡਾ. ਸਰਕੌਦੀ ਜੋ ਕਿ ਇੱਕ ਸਟੇਟ ਐਵਾਰਡ ਪ੍ਰਾਪਤ ਕਰ ਚੁੱਕੀ ਮਹਾਨ ਸ਼ਖ਼ਸੀਅਤ ਹੈ , ਉਹਨਾਂ ਵੱਲੋਂ ਅਤੇ ਸਾਰੀਆਂ ਉੱਘੀਆਂ ਹਸਤੀਆਂ ਵੱਲੋਂ ਮੇਰਾ ਕਾਵਿ ਸੰਗ੍ਰਹਿ”ਲਫ਼ਜ਼ ਬੋਲ ਪਏ””ਲੋਕ ਅਰਪਣ” ਕਰਨ ਦੀ ਰਸਮ ਅਦਾ ਕੀਤੀ ਗਈ।
ਸਾਰੀਆਂ ਮਹਾਨ ਹਸਤੀਆਂ ਡਾ. ਇਕਬਾਲ ਸਿੰਘ ਸਰਕੌਦੀ,ਸ:ਕਰਮ ਸਿੰਘ ਜ਼ਖ਼ਮੀ, ਸ:ਸੁਖਵਿੰਦਰ ਸਿੰਘ ਲੋਟੇ ਬਲਜਿੰਦਰ ਸਿੰਘ ਰੇਤਗੜ੍ਹ, ਰਮੇਸ਼ਵਰ ਸਿੰਘ ਦੇ ਮਹਾਨ ਵਿਚਾਰਾਂ ਨੇ ਸਭ ਨੂੰ ਸੇਧ ਦੇਣ ਵਾਲਾ ਅਤੇ ਮਾਰਗ ਦਰਸ਼ਨ ਕਰਨ ਵਾਲਾ ਭਾਸ਼ਨ ਦਿੰਦੇ ਹੋਏ ਆਪਣੇ ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਨਾਲ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਮੇਰੇ ਕਾਵਿ ਸੰਗ੍ਰਹਿ ਬਾਰੇ ਕਹੇ ਉਹਨਾਂ ਦੇ ਸ਼ਬਦਾਂ ਨੇ ਜਿੱਥੇ ਮੇਰਾ ਮਾਣ ਵਧਾਇਆ ਉੱਥੇ ਮੈਨੂੰ ਉਤਸ਼ਾਹਿਤ ਵੀ ਕੀਤਾ। ਮੈਂ ਸਾਹਿਤ ਸਭਾ ਵਿੱਚ ਸ਼ਾਮਲ ਹੋ ਕੇ ਇੱਕ ਗੱਲ ਮਹਿਸੂਸ ਕੀਤੀ ਕਿ ਜਿਹੜੇ ਲੇਖ਼ਕ ਮਨੋਰੰਜਨ ਦੇ ਹਰ ਖੇਤਰ ਦੀ ਜੜ੍ਹ ਹੁੰਦੇ ਹਨ,ਆਪਣੇ ਵਿਰਸੇ ਨੂੰ ਆਪਣੇ ਸ਼ਬਦਾਂ ਰਾਹੀਂ ਜਿਊਂਦਾ ਰੱਖਦੇ ਹਨ ਅਤੇ ਕਈ ਪੀੜ੍ਹੀਆਂ ਲਈ ਸਾਹਿਤ ਦਾ ਖਜ਼ਾਨਾ ਭਰਦੇ ਹਨ,ਉਹ ਸਾਹਿਤਕਾਰ ਆਪਣੀ ਪਹਿਚਾਣ ਦੇ ਹੀ ਮੁਹਤਾਜ ਹੋ ਕੇ ਗਲੀਆਂ ਮੁਹੱਲਿਆਂ ਵਿੱਚ ਗੁੰਮ ਬੈਠੇ ਰਹਿੰਦੇ ਹਨ।ਉਹ ਸਿਰਫ਼ ਆਪਣੇ ਦਮ ਤੇ ਹੀ ਸਾਹਿਤ ਸਭਾਵਾਂ ਰਾਹੀਂ ਇੱਕ ਦੂਜੇ ਨੂੰ ਸਤਿਕਾਰਤ ਕਰਦੇ ਹਨ।
ਕੀ ਸਰਕਾਰਾਂ ਦਾ ਉਹਨਾਂ ਪ੍ਰਤੀ ਕੋਈ ਫਰਜ਼ ਨਹੀਂ ਹੈ? ਕੀ ਇੱਕ ਜਾਂ ਦੋ ਕਵੀਆਂ ਜਾਂ ਲੇਖਕਾਂ ਨੂੰ ਸਨਮਾਨਿਤ ਕਰਕੇ ਜਾਂ ਐਵਾਰਡ ਦੇ ਕੇ ਸਰਕਾਰ ਦਾ ਫ਼ਰਜ਼ ਅਦਾ ਹੋ ਜਾਂਦਾ ਹੈ? ਕਿੰਨੀਆਂ ਸੋਹਣੀਆਂ ਰਚਨਾਵਾਂ ਲੈ ਕੇ ਆਏ ਪ੍ਰਤਿਭਾਸ਼ਾਲੀ ਕਵੀਆਂ ਦੀ ਸਾਦਗੀ ਅਤੇ ਸਰਲਤਾ ਮੈਨੂੰ ਉਹਨਾਂ ਦੇ ਹੱਕਾਂ ਦੀ ਦੁਹਾਈ ਦੇਣ ਲਈ ਆਪਣੀ ਕਲਮ ਉਠਾਉਣ ਲਈ ਪ੍ਰੇਰਿਤ ਕਰਦੀ ਨਜ਼ਰ ਆਈ। ਮੈਨੂੰ ਜਾਪਿਆ ਇਹ ਸਾਹਿਤ ਸਭਾਵਾਂ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਤੇ ਬਣਾ ਕੇ ਉਹਨਾਂ ਵਿੱਚ ਸ਼ਹਿਰ ਦੇ ਹਰ ਛੋਟੇ ਵੱਡੇ ਕਵੀ ਨੂੰ ਸ਼ਾਮਲ ਕਰਕੇ ਉਹਨਾਂ ਦੀਆਂ ਰਚਨਾਵਾਂ ਨੂੰ ਰਜਿਸਟਰਡ ਕਰਵਾਇਆ ਜਾਵੇ।ਜੇ ਉਹਨਾਂ ਦੀ ਰਚਨਾ ਬਹੁਚਰਚਿਤ ਹੋ ਜਾਵੇ ਤਾਂ ਲਿਖ਼ਣ ਵਾਲਾ ਰਚੇਤਾ ਵੀ ਉਸ ਵਿੱਚ ਲਾਭਪਾਤਰੀ ਬਣਨਾ ਚਾਹੀਦਾ ਹੈ।
ਲੇਖਕਾਂ ਜਾਂ ਕਵੀਆਂ ਬਾਰੇ ਸਰਕਾਰਾਂ ਨੂੰ ਗੰਭੀਰਤਾ ਨਾਲ ਸੋਚ ਕੇ ਇਹਨਾਂ ਦਾ ਮਾਨ ਸਨਮਾਨ ਅਤੇ ਬਣਦਾ ਹੱਕ ਜ਼ਰੂਰ ਮਿਲਣਾ ਚਾਹੀਦਾ ਹੈ। ਮੇਰੇ ਲਈ ਇਹ ਸਾਹਿਤਕ ਮਿਲਣੀ ਮੇਰੀ ਜ਼ਿੰਦਗੀ ਦਾ ਇੱਕ ਸੁਨਹਿਰਾ ਪਲ ਸੀ।ਜਿਸ ਨੂੰ ਮੈਂ ਆਪਣੀਆਂ ਵਡਮੁੱਲੀਆਂ ਯਾਦਾਂ ਦੇ ਖਜ਼ਾਨੇ ਵਿੱਚ ਭਰ ਕੇ ਰੱਖਾਂਗੀ। ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਸਾਰੇ ਮੈਂਬਰ ਸਾਹਿਬਾਨ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਹਸਤੀਆਂ ਹਨ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੀ ਹਾਂ। ਸ਼ਾਲਾ!ਇਹ ਸਭਾ ਅਤੇ ਸਾਹਿਤਕਾਰ ਮੈਂਬਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly