ਅਹਿਮਦਾਬਾਦ (ਸਮਾਜ ਵੀਕਲੀ): ਗੁਜਰਾਤ ਦੇ ਕਾਂਡਲਾ ਬੰਦਰਗਾਹ ਨੇੜੇ ਡਾਇਰੈਕਟੋਰੇਟ ਰੈਵੇਨਿਊ ਇੰਟੈਲੀਜੈਂਸ ਨੇ ਇਕ ਕੰਟੇਨਰ ਵਿੱਚ ਛੁਪਾ ਕੇ ਰੱਖੀ 205.6 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 1439 ਕਰੋੜ ਰੁਪਏ ਬਣਦੀ ਹੈ। ਡਾਇਰੈਕਟੋਰੇਟ ਨੇ ਅੱਜ ਦੱਸਿਆ ਕਿ ਵਿਆਪਕ ਤਲਾਸ਼ੀ ਮੁਹਿੰਮ ਤੋਂ ਬਾਅਦ ਇਹ ਖੇਪ ਮੰਗਵਾਉਣ ਵਾਲੇ ਵਿਅਕਤੀ ਨੂੰ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਕ ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਪਿਛਲੇ ਸਾਲ ਸਤੰਬਰ ਅਤੇ ਅਕਤੂਬਰ ਮਹੀਨੇ ਵਿਚਾਲੇ ਇਰਾਨ ਤੋਂ ਇੱਥੇ ਆਏ 17 ਕੰਟੇਨਰਾਂ ’ਚੋਂ ਇਕ ਵਿੱਚ ਹੈਰੋਇਨ ਦੀ ਇਹ ਖੇਪ ਬਰਾਮਦ ਕੀਤੀ ਗਈ। ਇਸ ਤੋਂ ਪਹਿਲਾਂ 21 ਅਪਰੈਲ ਨੂੰ ਗੁਜਰਾਤ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਐਲਾਨ ਕੀਤਾ ਸੀ ਕਿ ਦਸਤੇ ਨੇ ਡੀਆਰਆਈ ਨਾਲ ਮਿਲ ਕੇ ਚਲਾਈ ਇਕ ਸਾਂਝੀ ਮੁਹਿੰਮ ਵਿੱਚ ਕੱਛ ਜ਼ਿਲ੍ਹੇ ਦੇ ਕਾਂਡਲਾ ਬੰਦਰਗਾਹ ’ਤੇ ਇਕ ਕੰਟੇਨਰ ’ਤੇ ਛਾਪਾ ਮਾਰ ਕੇ 200 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ, ਜਿਸ ਦੀ ਕੀਮਤ 1300 ਕਰੋੜ ਰੁਪਏ ਬਣਦੀ ਹੈ। ਡੀਆਰਆਈ ਨੇ ਅੱਜ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਡੀਆਰਆਈ ਨੇ ਗੁਜਰਾਤ ਏਟੀਐੱਸ ਨਾਲ ਮਿਲ ਕੇ ਖੇਪ ਦੀ ਜਾਂਚ ਕੀਤੀ ਜਿਸ ਨੂੰ ਉੱਤਰਾਖੰਡ ਦੀ ਇਕ ਕੰਪਨੀ ਨੇ ਕਾਂਡਲਾ ਬੰਦਰਗਾਹ ’ਤੇ ਮੰਗਵਾਇਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਰਾਨ ਦੇ ਬੰਦਾਰ ਅੱਬਾਸ ਬੰਦਰਗਾਹ ਤੋਂ ਇਹ ਖੇਪ ਕਾਂਡਲਾ ਬੰਦਰਗਾਹ ਪਹੁੰਚੀ ਸੀ। ਇਸ ਖੇਪ ਵਿੱਚ 17 ਕੰਟੇਨਰ ਮੰਗਵਾਏ ਗਏ ਸਨ ਜਿਨ੍ਹਾਂ ਵਿੱਚ 10,318 ਥੈਲੇ ਸਨ ਜਿਨ੍ਹਾਂ ਦਾ ਕੁੱਲ ਵਜ਼ਨ 349 ਟਨ ਸੀ ਅਤੇ ਕਿਹਾ ਗਿਆ ਸੀ ਕਿ ਇਸ ਵਿੱਚ ‘ਜਿਪਸਮ ਪਾਊਡਰ’ ਹੈ। ਡੀਆਰਆਈ ਨੇ ਦੱਸਿਆ, ‘‘ਹੁਣ ਤੱਕ 205.6 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ 1439 ਕਰੋੜ ਰੁਪਏ ਬਣਦੀ ਹੈ। ਇਹ ਖੇਪ ਮੰਗਵਾਉਣ ਵਾਲੇ ਵਿਅਕਤੀ ਨੂੰ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ।
ਡੀਆਰਆਈ ਨੇ ਐਤਵਾਰ ਨੂੰ ਅੰਮ੍ਰਿਤਸਰ ਦੀ ਇਕ ਵਿਸ਼ੇਸ਼ ਅਦਾਲਤ ’ਚ ਉਸ ਨੂੰ ਪੇਸ਼ ਕਰ ਕੇ ਉਸ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ। ਇਸ ਸਬੰਧੀ ਗੁਜਰਾਤ ਦੇ ਡੀਜੀਪੀ ਆਸ਼ੀਸ਼ ਭਾਟੀਆ ਨੇ ਕਿਹਾ ਕਿ 17 ਕੰਟੇਨਰ ਪਿਛਲੇ ਸਾਲ ਸਤੰਬਰ ਤੇ ਅਕਤੂਬਰ ਵਿਚਾਲੇ ਇਰਾਨ ਤੋਂ ਕਾਂਡਲਾ ਬੰਦਰਗਾਹ ਪਹੁੰਚੇ ਸਨ ਅਤੇ ਉਦੋਂ ਤੋਂ ਹੀ ਜਾਂਚ ਦੇ ਦਾਇਰੇ ਵਿੱਚ ਸਨ। ਹਾਲਾਂਕਿ, ਉਦੋਂ ਵੀ ਕੰਟੇਨਰਾਂ ਦੀ ਤਲਾਸ਼ੀ ਲਈ ਗਈ ਸੀ ਪਰ ਉਦੋਂ ਅਧਿਕਾਰੀਆਂ ਨੂੰ ਕੁਝ ਸ਼ੱਕੀ ਨਹੀਂ ਸੀ ਮਿਲਿਆ। ਬਾਅਦ ਵਿੱਚ ਏਟੀਐੱਸ ਨੂੰ ਜਾਣਕਾਰੀ ਮਿਲੀ ਕਿ ਕੰਟੇਨਰ ’ਚ ਪਾਬੰਦੀਸ਼ੁਦਾ ਸਮੱਗਰੀ ਪਈ ਹੈ। ਉਪਰੰਤ ਡੀਆਰਆਈ ਨੇ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ 205.6 ਕਿੱਲੋ ਹੈਰੋਇਨ ਬਰਾਮਦ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly