- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਚੈਨਲਾਂ ਨੂੰ ਨੇਮਾਂ ਦੀ ਪਾਲਣਾ ਕਰਦਿਆਂ ਸੰਜਮ ਵਰਤਣ ਲਈ ਕਿਹਾ
- ਦਿੱਲੀ ਦੰਗਿਆਂ ਦੀ ਕਵਰੇਜ ਬਾਰੇ ਵਿਸ਼ੇਸ਼ ਬਹਿਸਾਂ ਭੜਕਾਊ ਤੇ ਅਸਵੀਕਾਰਨਯੋਗ ਕਰਾਰ
ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਾਈਵੇਟ ਟੈਲੀਵਿਜ਼ਨ ਚੈਨਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕੇਂਦਰ ਸਰਕਾਰ ਨੇ ਕਿਹਾ ਕਿ ਯੂਕਰੇਨ-ਰੂਸ ਸੰਘਰਸ਼ ਅਤੇ ਦਿੱਲੀ ਦੰਗਿਆਂ ਦੀ ਕਵਰੇਜ ਬਾਰੇ ਵਿਸ਼ੇਸ਼ ਬਹਿਸਾਂ ਭੜਕਾਊ ਹਨ ਅਤੇ ਇਨ੍ਹਾਂ ਦੀ ਭਾਸ਼ਾ ਸਮਾਜਿਕ ਤੌਰ ’ਤੇ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ‘ਪਰਮਾਣੂ ਪੂਤਿਨ’ ਅਤੇ ‘ਅਲੀ, ਬਲੀ ਔਰ ਖਲਬਲੀ’ ਜਿਹੀਆਂ ਸੁਰਖੀਆਂ ਦਾ ਵੀ ਸਖ਼ਤ ਨੋਟਿਸ ਲਿਆ ਹੈ। ਸਰਕਾਰ ਨੇ ਟੀਵੀ ਚੈਨਲਾਂ ਨੂੰ ਐਕਟ ਤਹਿਤ ਨਿਰਧਾਰਤ ਪ੍ਰੋਗਰਾਮ ਕੋਡ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਸਰਕਾਰ ਨੇ ਕਿਹਾ ਕਿ ਟੀਵੀ ਚੈਨਲਾਂ ਵੱਲੋਂ ਯੂਕਰੇਨ ਸੰਘਰਸ਼ ਦੀ ਰਿਪੋਰਟਿੰਗ ਦੌਰਾਨ ਕੌਮਾਂਤਰੀ ਏਜੰਸੀਆਂ ਦਾ ਗਲਤ ਹਵਾਲਾ ਦਿੰਦਿਆਂ ਝੂਠੇ ਦਾਅਵੇ ਕੀਤੇ ਜਾ ਰਹੇ ਹਨ ਜਦਕਿ ਉੱਤਰ-ਪੂਰਬੀ ਦਿੱਲੀ ’ਚ ਵਾਪਰੀਆਂ ਘਟਨਾਵਾਂ ਦੀ ਰਿਪੋਰਟਿੰਗ ’ਤੇ ਵੀ ਇਤਰਾਜ਼ ਜਤਾਇਆ ਹੈ।
ਉਨ੍ਹਾਂ ਕਿਹਾ ਕਿ ਚੈਨਲਾਂ ਵੱਲੋਂ ਅਧਿਕਾਰੀਆਂ ਦੀ ਕਾਰਵਾਈ ਨੂੰ ਫਿਰਕੂ ਰੰਗਤ ਦਿੱਤੀ ਗਈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਹਦਾਇਤ ਜਾਰੀ ਕਰਦਿਆਂ ਟੀਵੀ ਚੈਨਲਾਂ ਵੱਲੋਂ ਪੇਸ਼ ਕੀਤੀ ਜਾ ਰਹੀ ਸਮੱਗਰੀ ’ਤੇ ਚਿੰਤਾ ਜਤਾਈ। ਉਨ੍ਹਾਂ ਦਿ ਕੇਬਲ ਟੈਲੀਵਿਜ਼ਨ ਨੈੱਟਵਰਕਸ (ਰੈਗੁਲੇਸ਼ਨ) ਐਕਟ, 1995 ਦੀਆਂ ਧਾਰਾਵਾਂ ਅਤੇ ਇਸ ਤਹਿਤ ਆਉਣ ਵਾਲੇ ਹੋਰ ਨੇਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਸਮੱਗਰੀ ਦੇ ਪ੍ਰਸਾਰਣ ’ਤੇ ਫੌਰੀ ਰੋਕ ਲਗਾਏ ਜਾਣ ਦੀ ਹਦਾਇਤ ਕੀਤੀ ਹੈ। ਹਦਾਇਤਾਂ ’ਚ ‘ਪਰਮਾਣੂ ਪੂਤਿਨ ਸੇ ਪਰੇਸ਼ਾਨ ਜ਼ੇਲੈਂਸਕੀ’, ‘ਪਰਮਾਣੂ ਐਕਸ਼ਨ ਕੀ ਚਿੰਤਾ ਸੇ ਜ਼ੇਲੈਂਸਕੀ ਕੋ ਡਿਪ੍ਰੈਸ਼ਨ’ ਆਦਿ ਸੁਰਖੀਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਕੇਂਦਰ ਨੇ ਇਕ ਚੈਨਲ ਵੱਲੋਂ ਯੂਕਰੇਨ ’ਤੇ ਸੰਭਾਵਿਤ ਪਰਮਾਣੂ ਹਮਲੇ ਦੇ ਸਬੂਤ ਵਜੋਂ ਮਨਘੜਤ ਤਸਵੀਰਾਂ ਪ੍ਰਸਾਰਿਤ ਕਰਨ ਦਾ ਵੀ ਹਵਾਲਾ ਦਿੱਤਾ।
ਦਿੱਲੀ ਦੰਗਿਆਂ ਬਾਰੇ ਮੰਤਰਾਲੇ ਨੇ ਇਕ ਨਿਊਜ਼ ਚੈਨਲ ਵੱਲੋਂ ਚਲਾਈ ਜਾ ਰਹੀ ਵੀਡੀਓ ਕਲਿੱਪ ’ਤੇ ਵੀ ਇਤਰਾਜ਼ ਜਤਾਇਆ ਜਿਸ ’ਚ ਇਕ ਖਾਸ ਫਿਰਕੇ ਨਾਲ ਸਬੰਧਤ ਵਿਅਕਤੀ ਤਲਵਾਰ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ ਅਤੇ ਇਕ ਹੋਰ ਚੈਨਲ ਵੱਲੋਂ ਦਾਅਵਾ ਕੀਤਾ ਗਿਆ ਕਿ ਧਾਰਮਿਕ ਸ਼ੋਭਾ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀ ਸੋਚੀ-ਸਮਝੀ ਸਾਜ਼ਿਸ਼ ਸੀ। ਮੰਤਰਾਲੇ ਨੇ ਪ੍ਰਾਈਵੇਟ ਟੀਵੀ ਚੈਨਲਾਂ ਨੂੰ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਅਸੰਸਦੀ, ਭੜਕਾਊ ਅਤੇ ਸਮਾਜਿਕ ਤੌਰ ’ਤੇ ਨਾਸਵੀਕਾਰਨਯੋਗ ਭਾਸ਼ਾ, ਫਿਰਕੂ ਟਿੱਪਣੀਆਂ ਅਤੇ ਇਤਰਾਜ਼ਯੋਗ ਹਵਾਲੇ ਨਾ ਦੇਣ ਜਿਨ੍ਹਾਂ ਨਾਲ ਦਰਸ਼ਕਾਂ ਦੀ ਮਾਨਸਿਕਤਾ ’ਤੇ ਨਾਂਹਪੱਖੀ ਅਸਰ ਪੈ ਸਕਦਾ ਹੈ ਅਤੇ ਇਸ ਨਾਲ ਅਸ਼ਾਂਤੀ ਫੈਲ ਸਕਦੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਟੀਵੀ ਚੈਨਲਾਂ ਵੱਲੋਂ ਘਟਨਾਵਾਂ ਦੀ ਜਿਸ ਢੰਗ ਨਾਲ ਕਵਰੇਜ ਕੀਤੀ ਜਾ ਰਹੀ ਹੈ, ਉਹ ਪ੍ਰਮਾਣਿਕ ਨਹੀਂ ਜਾਪਦੀ ਹੈ। ਇਸ ਕਰਕੇ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly