ਸੀਬੀਐੱਸਈ ਨੇ ‘ਸੋਧਿਆ’ 11ਵੀਂ ਤੇ 12ਵੀਂ ਜਮਾਤ ਦਾ ਸਿਲੇਬਸ

 

ਸਿਲੇਬਸ ’ਚੋਂ ਬਾਹਰ ਕੀਤੇ

  • ਲੋਕਤੰਤਰ ਤੇ ਵਿਭਿੰਨਤਾ
  • ਫੈਜ਼ ਦੀਆਂ ਨਜ਼ਮਾਂ
  • ਗੁੱਟ ਨਿਰਲੇਪ ਲਹਿਰ
  • ਇਸਲਾਮੀ ਰਾਜ ਦਾ ਉਭਾਰ
  • ਮੁਗਲ ਰਾਜ ਤੇ ਨਿਆਂ ਪ੍ਰਬੰਧ
  • ਖੇਤੀ ’ਤੇ ਵਿਸ਼ਵੀਕਰਨ ਦਾ ਅਸਰ

ਨਵੀਂ ਦਿੱਲੀ (ਸਮਾਜ ਵੀਕਲੀ):  ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 11ਵੀਂ ਅਤੇ 12ਵੀਂ ਜਮਾਤ ਦੇ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਦੇ ਪਾਠਕ੍ਰਮ ’ਚੋਂ ਗੁੱਟ ਨਿਰਲੇਪ ਲਹਿਰ, ਸੀਤ ਯੁੱਧ, ਅਫ਼ਰੀਕੀ-ਏਸ਼ਿਆਈ ਖ਼ਿੱਤਿਆਂ ’ਚੋਂ ਇਸਲਾਮਿਕ ਰਾਜ ਦੇ ਉਭਾਰ, ਮੁਗਲ ਦਰਬਾਰਾਂ ਦੇ ਇਤਿਹਾਸ ਅਤੇ ਉਦਯੋਗਿਕ ਇਨਕਲਾਬ ਨਾਲ ਸਬੰਧਤ ਅਧਿਆਇ ਹਟਾ ਦਿੱਤੇ ਗਏ ਹਨ। ਇਸੇ ਤਰ੍ਹਾਂ 10ਵੀਂ ਜਮਾਤ ਦੇ ਪਾਠਕ੍ਰਮ ’ਚੋਂ ‘ਫੂਡ ਸਕਿਉਰਿਟੀ’ ਨਾਲ ਸਬੰਧਤ ਅਧਿਆਇ ਚੋਂ ‘ਖੇਤੀ ’ਤੇ ਆਲਮੀਕਰਨ ਦਾ ਅਸਰ’ ਵਿਸ਼ੇ ਨੂੰ ਵੀ ਹਟਾ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ‘ਧਰਮ, ਫਿਰਕੂਵਾਦ ਅਤੇ ਸਿਆਸਤ-ਕਮਿਊਨਲਿਜ਼ਮ, ਧਰਮਨਿਰਪੱਖ ਸਟੇਟ’ ਸੈਕਸ਼ਨ ‘ਚੋਂ ਫ਼ੈਜ਼ ਅਹਿਮਦ ਫ਼ੈਜ ਦੀਆਂ ਦੋ ਉਰਦੂ ਨਜ਼ਮਾਂ ਦੇ ਅਨੁਵਾਦਿਤ ਅੰਸ਼ਾਂ ਨੂੰ ਵੀ ਇਸ ਸਾਲ ਪਾਠਕ੍ਰਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਸੀਬੀਐੱਸਈ ਨੇ ਪਾਠਕ੍ਰਮ ਸਮੱਗਰੀ ’ਚੋਂ ‘ਲੋਕਤੰਤਰ ਅਤੇ ਵਿਭਿੰਨਤਾ’ ਸਬੰਧੀ ਅਧਿਆਇ ਵੀ ਹਟਾ ਦਿੱਤੇ ਹਨ। ਵਿਸ਼ੇ ਜਾਂ ਅਧਿਆਇ ਹਟਾਏ ਜਾਣ ਸਬੰਧੀ ਪੁੱਛੇ ਜਾਣ ’ਤੇ ਅਧਿਕਾਰੀਆਂ ਨੇ ਕਿਹਾ ਕਿ ਬਦਲਾਅ ਪਾਠਕ੍ਰਮ ਨੂੰ ਤਰਕਸੰਗਤ ਬਣਾਏ ਜਾਣ ਦਾ ਹਿੱਸਾ ਹੈ ਅਤੇ ਇਹ ਕੌਮੀ ਵਿਦਿਅਕ ਖੋਜ ਤੇ ਸਿਖਲਾਈ ਪਰਿਸ਼ਦ (ਐੱਨਸੀਈਆਰਟੀ) ਦੀਆਂ ਸਿਫ਼ਾਰਸ਼ਾਂ ਮੁਤਾਬਕ ਹੈ।

ਪਿਛਲੇ ਸਾਲ ਦੇ ਸਿਲੇਬਸ ਦੇ ਵੇਰਵਿਆਂ ਮੁਤਾਬਕ 11ਵੀਂ ਜਮਾਤ ਦੇ ਇਤਿਹਾਸ ਪਾਠਕ੍ਰਮ ’ਚੋਂ ਇਸ ਸਾਲ ਹਟਾਇਆ ਗਿਆ ਅਧਿਆਇ ‘ਸੈਂਟਰਲ ਇਸਲਾਮਿਕ ਲੈਂਡਜ਼’ ਅਫ਼ਰੀਕੀ-ਏਸ਼ਿਆਈ ਖ਼ਿੱਤੇ ’ਚ ਇਸਲਾਮਿਕ ਰਾਜ ਦੇ ਉਭਾਰ ਅਤੇ ਅਰਥਚਾਰੇ ਤੇ ਸਮਾਜ ਉਪਰ ਇਸ ਦੇ ਅਸਰ ਬਾਰੇ ਜ਼ਿਕਰ ਕਰਦਾ ਹੈ। ਇਸੇ ਤਰ੍ਹਾਂ 12ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ’ਚ ‘ਦਿ ਮੁਗਲ ਕੋਰਟ: ਰੀਕੰਸਟ੍ਰਕਟਿੰਗ ਹਿਸਟਰੀਜ਼ ਥਰੂ ਕਰੋਨੀਕਲਜ਼’ ਟਾਈਟਲ ਵਾਲਾ ਅਧਿਆਇ ਮੁਗਲਾਂ ਦੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਇਤਿਹਾਸ ਦੇ ਪੁਨਰ ਨਿਰਮਾਣ ਦੇ ਸਬੰਧ ’ਚ ਮੁਗਲ ਦਰਬਾਰਾਂ ਦੇ ਇਤਿਹਾਸ ਦੀ ਪੜਤਾਲ ਕਰਦਾ ਹੈ।

ਸਾਲ 2022-23 ਦੇ ਅਕਾਦਮਿਕ ਵਰ੍ਹੇ ਲਈ ਸਕੂਲਾਂ ਨਾਲ ਸਾਂਝੇ ਕੀਤੇ ਗਏ ਸਿਲੇਬਸ ’ਚ ਪਿਛਲੇ ਸਾਲ ਦੇ ਦੋ ਟਰਮਾਂ ’ਚ ਲਈਆਂ ਗਈਆਂ ਪ੍ਰੀਖਿਆਵਾਂ ਤੋਂ ਹੁਣ ਇਕ ਬੋਰਡ ਪ੍ਰੀਖਿਆ ਲਏ ਜਾਣ ਦੇ ਫ਼ੈਸਲੇ ਵੱਲ ਵੀ ਸੰਕੇਤ ਕੀਤਾ ਗਿਆ ਹੈ। ਉਂਜ ਇਹ ਪਹਿਲੀ ਵਾਰ ਨਹੀਂ ਹੈ ਕਿ ਬੋਰਡ ਨੇ ਸਿਲੇਬਸ ’ਚੋਂ ਕੁਝ ਖਾਸ ਅਧਿਆਇ ਹਟਾਏ ਹਨ ਜੋ ਦਹਾਕਿਆਂ ਤੋਂ ਪਾਠਕ੍ਰਮ ਦਾ ਹਿੱਸਾ ਰਹੇ ਹਨ। ਸੀਬੀਐੱਸਈ ਨੇ 2020 ’ਚ ਐਲਾਨ ਕੀਤਾ ਸੀ ਕਿ 11ਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਪਾਠ ਪੁਸਤਕ ’ਚੋਂ ਸੰਘਵਾਦ, ਨਾਗਰਿਕਤਾ, ਰਾਸ਼ਟਰਵਾਦ ਅਤੇ ਧਰਮ ਨਿਰਪੱਖਤਾ ਦੇ ਚੈਪਟਰਾਂ ਨੂੰ ਵਿਦਿਆਰਥੀਆਂ ਦਾ ਮੁਲਾਂਕਣ ਕਰਦੇ ਸਮੇਂ ਵਿਚਾਰ ਨਹੀਂ ਕੀਤਾ ਜਾਵੇਗਾ ਜਿਸ ਨਾਲ ਵੱਡਾ ਵਿਵਾਦ ਪੈਦਾ ਹੋ ਗਿਆ ਸੀ। ਉਂਜ ਇਹ ਵਿਸ਼ੇ 2021-22 ਦੇ ਸੈਸ਼ਨ ’ਚ ਬਹਾਲ ਕਰ ਦਿੱਤੇ ਗਏ ਸਨ ਅਤੇ ਇਹ ਸਿਲੇਬਸ ਦਾ ਹਿੱਸਾ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article184 ਸਿਆਸੀ ਹਸਤੀਆਂ ਤੋਂ ਸੁਰੱਖਿਆ ਵਾਪਸ ਲਈ
Next articleਅੱਖਾਂ ਬੰਦ ਕਰਕੇ ਨਿਯਮ ਲਾਗੂ ਨਾ ਕਰਨ ਜੱਜ: ਜਸਟਿਸ ਰਾਮੰਨਾ