ਮਲੇਰੀਆ: ਕਾਰਨ, ਲੱਛਣ, ਇਲਾਜ ਅਤੇ ਰੋਕਥਾਮ

ਚਾਨਣ ਦੀਪ ਸਿੰਘ ਔਲਖ

(ਸਮਾਜ ਵੀਕਲੀ)

ਵਿਸ਼ਵ ਮਲੇਰੀਆ ਦਿਵਸ ਤੇ ਵਿਸ਼ੇਸ਼

(ਮਲੇਰੀਆ ਤੋਂ ਬਚਾਅ ਲਈ ਇਸ ਬਾਰੇ ਪੂਰੀ ਜਾਣਕਾਰੀ ਹੋਣਾ ਲਾਜ਼ਮੀ ਹੈ)

25 ਅਪ੍ਰੈਲ ਦਾ ਦਿਨ ਵਿਸ਼ਵ ਮਲੇਰੀਆ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਗਰਮੀ ਦੇ ਮੌਸਮ ਦੌਰਾਨ ਮੱਛਰ ਬਹੁਤ ਵਧ ਜਾਂਦਾ ਹੈ। ਜਿਸ ਦੇ ਕੱਟਣ ਨਾਲ ਮਲੇਰੀਆ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮਲੇਰੀਆ ਤੋਂ ਬਚਾਅ ਲਈ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ।

ਮਲੇਰੀਆ: ਮਲੇਰੀਆ ਇੱਕ ਆਮ ਜਾਣਿਆ ਜਾਣ ਵਾਲਾ ਰੋਗ ਹੈ। ਆਮ ਭਾਸ਼ਾ ਵਿੱਚ ਇਸਨੂੰ ਤੇਈਆ ਤਾਪ ਵੀ ਕਿਹਾ ਜਾਂਦਾ ਹੈ। ਇਸ ਵਿੱਚ ਠੰਢ ਅਤੇ ਸਿਰਦਰਦ ਦੇ ਨਾਲ ਮੁੜ-ਮੁੜ ਬੁਖ਼ਾਰ ਚੜ੍ਹਦਾ ਹੈ। ਰੋਗੀ ਨੂੰ ਬੁਖ਼ਾਰ ਹੋਣ ਤੋਂ ਬਾਅਦ ਕਦੇ ਬੁਖ਼ਾਰ ਉੱਤਰਦਾ ਤੇ ਕਦੇ ਫਿਰ ਚੜ੍ਹ ਜਾਂਦਾ ਹੈ। ਬੁਖਾਰ ਉਤਰਨ ਤੋਂ ਬਾਅਦ ਮਰੀਜ਼ ਨੂੰ ਪਸੀਨਾ ਆਉਂਦਾ ਹੈ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਇਹ ਰੋਗ, ਭੂਮੱਧ ਦੇ ਆਲੇ-ਦੁਆਲੇ ਖੰਡੀ ਅਤੇ ਉਪ-ਖੰਡੀ ਖੇਤਰ ਵਿੱਚ ਫੈਲਦਾ ਹੈ ਜਿਸ ਵਿਚ ਸਬ–ਸਹਾਰਾ, ਅਫ਼ਰੀਕਾ ਅਤੇ ਏਸ਼ੀਆ ਵੀ ਸ਼ਾਮਿਲ ਹਨ। ਭਾਰਤ ਦੇਸ਼ ਵਿਚ ਇਹ ਰੋਗ ਸਾਲ ਭਰ ਹੁੰਦਾ ਰਹਿੰਦਾ ਹੈ। ਪਰ ਬਰਸਾਤੀ ਮੌਸਮ ਦੌਰਾਨ ਅਤੇ ਬਾਅਦ ‘ਚ ਮੱਛਰ ਦੇ ਪ੍ਰਜਨਨ ਕਾਰਨ ਇਹ ਵੱਡੇ ਪੱਧਰ ‘ਤੇ ਫੈਲਦਾ ਹੈ।

ਮਲੇਰੀਆ ਹੋਣ ਦਾ ਕਾਰਨ: ਮਲੇਰੀਆ ਪਲਾਸਮੋਡੀਅਮ ਦੇ ਤੌਰ ‘ਤੇ ਜਾਣੇ ਜਾਂਦੇ ਪਰਜੀਵੀ ਦੇ ਕਾਰਨ ਹੁੰਦਾ ਹੈ। ਮਲੇਰੀਆ ਦੇ ਪਰਜੀਵੀ ਚਾਰ ਪ੍ਰਕਾਰ ਦੇ ਹੁੰਦੇ ਹਨ ਪੀ. ਵਾਈਵੈਕਸ, ਪੀ. ਫੈਲਸੀਪੈਰਮ, ਪੀ. ਮਲੇਰੀ ਅਤੇ ਪੀ. ਓਵੇਲ। ਇਨ੍ਹਾਂ ਵਿੱਚੋਂ ਪੀ. ਵਾਈਵੈਕਸ ਜ਼ਿਆਦਾਤਰ ਹੁੰਦਾ ਹੈ ਅਤੇ ਪੀ. ਫੈਲਸੀਪੈਰਮ ਘੱਟ ਹੁੰਦਾ ਹੈ ਪਰ ਸਭ ਤੋਂ ਵਧ ਘਾਤਕ ਹੈ। ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਜ਼ਿਆਦਾਤਰ ਰਾਤ ਸਮੇਂ ਕੱਟਦਾ ਹੈ।

ਮੱਛਰ ਦੇ ਸਰੀਰ ਅੰਦਰ ਮਲੇਰੀਆ ਦੇ ਪਰਜੀਵੀ ਉਸ ਵੇਲੇ ਪ੍ਰਵੇਸ਼ ਕਰਦਾ ਹੈ ਜਦੋਂ ਇਹ ਮਲੇਰੀਆ ਕਿਸੇ ਪੀੜਤ ਵਿਅਕਤੀ ਨੂੰ ਕੱਟਦਾ ਹੈ। ਅਜਿਹਾ ਮੱਛਰ ਜਦੋਂ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਉੁਸ ਵਿਅਕਤੀ ਦੇ ਖੂਨ-ਪ੍ਰਵਾਹ ‘ਚ ਮਲੇਰੀਆ ਦੇ ਪਰਜੀਵੀ ਛੱਡ ਦਿੰਦਾ ਹੈ। ਜਿਸ ਨਾਲ 10 ਤੋਂ 14 ਦਿਨ ਵਿੱਚ ਉੁਸ ਵਿਅਕਤੀ ਵਿੱਚ ਵੀ ਮਲੇਰੀਆ ਦੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ।

ਲੱਛਣ: ਇਸ ਦੇ ਆਮ ਲੱਛਣ ਬੁਖ਼ਾਰ, ਸਿਰਦਰਦ, ਉਲਟੀ ਅਤੇ ਹੋਰ ਫ਼ਲੂ ਵਰਗੇ ਲੱਛਣ ਹੁੰਦੇ ਹਨ। ਬੁਖਾਰ ਜੋ ਚਾਰ ਤੋਂ ਅੱਠ ਘੰਟੇ ਦੇ ਚੱਕਰ ਵਿੱਚ ਹੁੰਦਾ ਹੈ। ਪੈਰਾਸਾਈਟ ਲਾਲ ਖ਼ੂਨ ਦੇ ਸੈੱਲ ਨੂੰ ਸੰਕ੍ਰਮਿਤ ਅਤੇ ਨਸ਼ਟ ਕਰਦਾ ਹੈ ਨਤੀਜੇ ਵਜੋਂ ਥਕਾਵਟ, ਡੋਬ/ਕੜਵੱਲ ਅਤੇ ਚੇਤਨਾ ਦਾ ਨੁਕਸਾਨ ਹੁੰਦਾ ਹੈ।ਜੇਕਰ ਮਲੇਰੀਆ ਦੇ ਲੱਛਣਾਂ ਦੀ ਪਛਾਣ ਸਮੇਂ ਰਹਿੰਦੇ ਨਾ ਹੋਵੇ ਤਾਂ, ਇਸ ਦਾ ਨਤੀਜਾ ਘਾਤਕ ਹੋ ਸਕਦਾ ਹੈ।

ਜਾਂਚ ਅਤੇ ਇਲਾਜ: ਮਲੇਰੀਆ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਬੁਖਾਰ ਹੋਣ ‘ਤੇ ਜਿੰਨਾ ਛੇਤੀ ਹੋ ਸਕੇ ਡਾਕਟਰ ਦੀ ਸਲਾਹ ਨਾਲ ਖੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਮਲੇਰੀਆ ਹੋਣ ਦੀ ਪੁਸ਼ਟੀ ਹੋਣ ‘ਤੇ ਇਲਾਜ 24 ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇ। ਬਲੱਡ ਸਲਾਈਡ ਤੋਂ ਇਲਾਵਾ ਅੱਜ ਕੱਲ੍ਹ ਰੈਪਿਡ ਟੈਸਟ ਵੀ ਹੋ ਜਾਂਦਾ ਹੈ ਜਿਸ ਨਾਲ ਨਤੀਜਾ ਤੁਰੰਤ ਮਿਲ ਜਾਂਦਾ ਹੈ। ਬੁਖਾਰ ਦੌਰਾਨ ਮਰੀਜ਼ ਨੂੰ ਕੰਬਲਾਂ ਨਾਲ ਢੱਕ ਕੇ ਅਰਾਮ ਕਰਨਾ ਚਾਹੀਦਾ ਹੈ। ਧਿਆਨ ਦੇਣ ਯੋਗ ਹੈ ਕਿ ਜੇ ਫੈਲਸੀਪੈਰਮ ਮਲੇਰੀਆ ਦੀ ਸ਼ਨਾਖਤ ਹੋ ਜਾਵੇ ਤਾਂ ਬਹੁਤ ਚੌਕਸੀ ਵਰਤਣ ਦੀ ਲੋੜ ਪੈਂਦੀ ਹੈ ਕਿਉਂਕਿ ਇਸ ਵਿੱਚ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਨ ਤੋਂ ਰੋਕਣ ਲਈ ਤੁਰੰਤ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ।

ਰੋਕਥਾਮ ਦੇ ਉੁਪਾਅ: ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਸਾਫ ਖੜ੍ਹੇ ਪਾਣੀ ‘ਤੇ ਪੈਦਾ ਹੁੰਦਾ ਹੈ। ਪਹਿਲੀ ਗੱਲ ਤਾਂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਵਿੱਚ ਅਤੇ ਆਲੇ-ਦੁਆਲੇ ਪਾਣੀ ਨਾ ਖੜ੍ਹਨ ਦਿੱਤਾ ਜਾਵੇ।ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ। ਪਾਣੀ ਦੀਆਂ ਟੂਟੀਆਂ ਆਦਿ ਲੀਕ ਨਾ ਹੋਣ। ਕੂਲਰਾਂ ਵਿਚਲਾ ਪਾਣੀ ਹਫਤੇ ਦੇ ਅੰਦਰ ਨਿਯਮਿਤ ਬਦਲਿਆ ਜਾਵੇ। ਛੱਤਾਂ ‘ਤੇ ਵਾਧੂ ਕਬਾੜ ਭਾਂਡੇ, ਟਾਇਰ ਆਦਿ ਨਾ ਰੱਖੇ ਜਾਣ। ਘਰ ਵਿੱਚ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਦੂਸਰਾ ਮੱਛਰ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ, ਕਮਰਿਆਂ ਦੀਆਂ ਖਿੜਕੀਆਂ ਤੇ ਜਾਲੀ ਲਗਵਾਉਣੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨਣਾ, ਘਰ ਵਿੱਚ ਸਮੇਂ-ਸਮੇਂ ‘ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਬਹੁਤ ਜਰੂਰੀ ਹੈ। ਮਲੇਰੀਆ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੀਸਰਾ ਵੱਡੀ ਪੱਧਰ ‘ਤੇ ਲੋਕਾਂ ਵਿੱਚ ਮਲੇਰੀਆ ਬਾਰੇ ਜਾਗਰੂਕਤਾ ਅਤੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਂਕਿ ਜਾਣਕਾਰੀ ਵਿੱਚ ਹੀ ਇਸਦਾ ਬਚਾਅ ਹੈ ਜਿਸ ਨਾਲ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਚਾਨਣ ਦੀਪ ਸਿੰਘ ਔਲਖ

ਪਿੰਡ ਗੁਰਨੇ ਖੁਰਦ (ਮਾਨਸਾ), ਸੰਪਰਕ 9876888177

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleArmed forces will also cross border to take actions against terrors inimical to India: Rajnath
Next articleਆਓ ਖ਼ੁਸ਼ੀ ਮਨਾਈਏ