ਸੱਭਿਅਕ ਸਮਾਜ ਦੀ ਨੀਂਹ : ਅਧਿਆਪਕ

(ਸਮਾਜ ਵੀਕਲੀ)

ਅਧਿਆਪਕ ਇੱਕ ਕਿੱਤੇ ਦਾ ਹੀ ਨਾਂ ਨਹੀਂ , ਸਗੋਂ ਅਧਿਆਪਕ ਆਪਣੇ ਆਪ ਵਿੱਚ ਇੱਕ ” ਪਰਉਪਕਾਰੀ – ਸੰਸਥਾ ” ਹੈ। ਆਦਿ ਕਾਲ ਤੋਂ ਹੀ ਅਧਿਆਪਕ ਨੂੰ ਪ੍ਰਮਾਤਮਾ ਤੋਂ ਉੱਚਾ ਰੁਤਬਾ ਦਿੱਤਾ ਜਾਂਦਾ ਰਿਹਾ ਹੈ। ਅਧਿਆਪਕ ਮਨੁੱਖ ਦੀ ਜ਼ਿੰਦਗੀ ਦੇ ਵਿਕਾਸ , ਤਰੱਕੀ ਅਤੇ ਉੱਚਤਾ ਲਈ ਮਹੱਤਵਪੂਰਨ ਅਤੇ ਪੂਰਕ ਰਿਹਾ ਹੈ। ਅਧਿਆਪਕ ਅਤੇ ਉਸ ਦੇ ਦਿੱਤੇ ਗਿਆਨ ਦੀ ਲੋਅ ਸਦਕਾ ਹੀ ਇੱਕ ਸੱਭਿਅਕ ਸਮਾਜ ਹੋਂਦ ਵਿੱਚ ਆਇਆ ਅਤੇ ਸਮਾਜ ਵਿਚ ਸ੍ਰੇਸ਼ਟਤਾ ਅਤੇ ਸ਼ਿਸ਼ਟਤਾ ਬਣੀ ਰਹਿੰਦੀ ਹੈ। ਅਧਿਆਪਕ ਸਾਡੇ ਜੀਵਨ ਨੂੰ ਆਪਣੇ ਗਿਆਨ , ਤਜਰਬਿਆਂ , ਸੰਸਕਾਰਾਂ ਤੇ ਉੱਚੀ – ਸੁੱਚੀ ਸੋਚ ਕਰਕੇ ਖੁਸ਼ਹਾਲ , ਸੁਖਾਲਾ , ਉੱਤਮ, ਸ੍ਰੇਸ਼ਟ ਅਤੇ ਸੱਭਿਅਕ ਬਣਾਉਂਦਾ ਹੈ। ਹਰ ਅਧਿਆਪਕ ਦੀ ਇਹ ਸਿਰ ਤੋੜ ਕੋਸ਼ਿਸ਼ ਹੁੰਦੀ ਹੈ ਕਿ ਉਸ ਦਾ ਸ਼ਗਿਰਦ ਜ਼ਿੰਦਗੀ ‘ਚ ਉੱਚ – ਪਦਵੀ ਉੱਤੇ ਪਹੁੰਚੇ , ਸ਼ਿਸ਼ਟਤਾ ਅਤੇ ਨੈਤਿਕਤਾ ਦਾ ਪੱਲਾ ਜ਼ਿੰਦਗੀ ਭਰ ਫੜੀ ਰੱਖੇ ਅਤੇ ਜੀਵਨ ਵਿੱਚ ਕਾਮਯਾਬ ਹੋ ਸਕੇ। ਅਧਿਆਪਕ ਉਸ ਦੀਵੇ ਵਾਂਗ ਹੁੰਦਾ ਹੈ , ਜੋ ਖ਼ੁਦ ਜਲ ਕੇ ਦੂਸਰਿਆਂ ਨੂੰ ਰੁਸ਼ਨਾਉਂਦਾ ਹੈ।

ਅਧਿਆਪਕ ਆਪਣੇ ਸ਼ਗਿਰਦ ਨਾਲ ਮਾਤਾ – ਪਿਤਾ ਅਤੇ ਸੱਚੇ ਦੋਸਤ ਵਾਲਾ ਰਿਸ਼ਤਾ ਵੀ ਨਿਭਾਉਂਦਾ ਹੈ। ਅਧਿਆਪਕ ਕੋਲ ਪੜ੍ਹਿਆ ਕੋਈ ਸ਼ਗਿਰਦ ਜਦੋਂ ਕਿਸੇ ਉੱਚ – ਅਹੁਦੇ ਉੱਤੇ ਪਹੁੰਚ ਜਾਂਦਾ ਹੈ ਜਾਂ ਜ਼ਿੰਦਗੀ ‘ਚ ਸਫਲ ਹੋ ਕੇ ਬੁਲੰਦੀਆਂ ਨੂੰ ਛੂੰਹਦਾ ਹੈ ਤਾਂ ਜੋ ਅਨੰਦ , ਖੁਸ਼ੀ , ਸਕੂਨ , ਤ੍ਰਿਪਤੀ , ਖੇੜਾ ਅਤੇ ਸ਼ਾਂਤੀ ਇੱਕ ਅਧਿਆਪਕ ਨੂੰ ਮਿਲਦੀ ਹੈ , ਉਸ ਨੂੰ ਦੱਸਣਾ , ਕਲਮਬੱਧ ਕਰਨਾ ਤੇ ਸਿੱਧ ਕਰਨਾ ਬਹੁਤ ਹੀ ਔਖਾ ਹੈ। ਅਧਿਆਪਕ ਕਦੇ ਵੀ ਕਿਸੇ ਸ਼ਗਿਰਦ ਨਾਲ ਕਿਸੇ ਵੀ ਗੱਲ ਜਾਂ ਰੁਤਬੇ ਕਰਕੇ ਕੋਈ ਵਿਤਕਰਾ ਨਹੀਂ ਕਰਦਾ। ਇੱਕ ਮਾਂ ਵਾਂਗ ਹੀ ਉਸ ਲਈ ਵੀ ਸਾਰੇ ਵਿਦਿਆਰਥੀ ਬਰਾਬਰ ਹੁੰਦੇ ਹਨ। ਉਹ ਸਭ ਨੂੰ ਇੱਕ ਅੱਖ ਨਾਲ ਵੇਖਦਾ ਹੈ ਤੇ ਸਭ ਵਿਦਿਆਰਥੀਆਂ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ। ਅਧਿਆਪਕ ਵੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਵਾਂਗ ਹੀ ਦਿਲੋਂ ਸੱਚਾ , ਈਮਾਨਦਾਰ , ਨੇਕ , ਸੱਭਿਅਕ , ਸ਼ਿਸ਼ਟਤਾ – ਭਰਪੂਰ ਅਤੇ ਸਦਾਚਾਰੀ ਹੁੰਦਾ ਹੈ।

ਅਧਿਆਪਕ ਦਾ ਦਿਲ ਵੀ ਬੱਚਿਆਂ ਦੇ ਦਿਲ ਵਾਂਗ ਸਾਫ ਅਤੇ ਨਿਰਮਲ ਹੁੰਦਾ ਹੈ। ਜ਼ਿੰਦਗੀ , ਸਮਾਜ , ਦੇਸ਼ ਅਤੇ ਮਨੁੱਖਤਾ ਦੀ ਤਰੱਕੀ ਵਿੱਚ ਅਧਿਆਪਕ ਦੀ ਅਹਿਮ ਅਤੇ ਮਜ਼ਬੂਤ ਭੂਮਿਕਾ ਸਮਝਦੇ ਹੋਏ ਸਾਨੂੰ ਅਤੇ ਸਮਾਜ ਨੂੰ ਅਧਿਆਪਕ ਦੀ ਦਿਲੋਂ ਇੱਜ਼ਤ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਅਸੀਂ ਆਪਣੀ ਜ਼ਿੰਦਗੀ ਦਾ ਸੁਨਹਿਰੀ ਪੜਾਅ ” ਬਚਪਨ ” ਆਪਣੇ ਅਧਿਆਪਕਾਂ ਕੋਲ ਹੀ ਬਤੀਤ ਕੀਤਾ ਹੁੰਦਾ ਹੈ , ਉਨ੍ਹਾਂ ਕੋਲੋਂ ਹੀ ਜੀਵਨ – ਜਾਂਚ , ਮਰਿਆਦਾ , ਸ਼ਿਸ਼ਟਤਾ ਅਤੇ ਸਫ਼ਲਤਾ ਦੇ ਗੁਰ ਸਿੱਖੇ ਹੁੰਦੇ ਹਨ ਅਤੇ ਤਰੱਕੀਆਂ ਪ੍ਰਾਪਤ ਕੀਤੀਆਂ ਹੋਈਆਂ ਹੁੰਦੀਆਂ ਹਨ , ਇਸ ਲਈ ਇਹ ਅਤਿ ਜ਼ਰੂਰੀ ਬਣਦਾ ਹੈ ਕਿ ਜੀਵਨ ਵਿੱਚ ਅਤੇ ਵੱਡੇ – ਵੱਡੇ ਮੁਕਾਮ ਹਾਸਲ ਕਰਨ ਮਗਰੋਂ ਵੀ ਆਪਣੇ ਅਧਿਆਪਕਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਦੀ ਤਸਵੀਰ ਘਰ – ਪਰਿਵਾਰ ਵਿੱਚ ਜ਼ਰੂਰ ਲਗਾਉਣੀ ਚਾਹੀਦੀ ਹੈ।

ਜੀਵਨ ਵਿੱਚ ਅਤੇ ਘਰ – ਪਰਿਵਾਰ ਦੇ ਹਰ ਦੁੱਖ – ਸੁੱਖ ਵਿੱਚ ਆਪਣੇ ਅਧਿਆਪਕਾਂ ਨੂੰ ਇੱਜ਼ਤ ਮਾਣ ਨਾਲ਼ ਬੁਲਾ ਕੇ ਉਨ੍ਹਾਂ ਦੀ ਸ਼ਿਰਕਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਜਦੋਂ ਵੀ ਯਾਦ ਆਵੇ ਤਾਂ ਆਪਣੇ ਅਧਿਆਪਕ ਨੂੰ ਫੋਨ ਜਾਂ ਚਿੱਠੀ – ਪੱਤਰ ਰਾਹੀਂ ਯਾਦ ਕਰ ਲੈਣਾ ਚਾਹੀਦਾ ਹੈ ਜਾਂ ਸਮਾਂ ਕੱਢ ਕੇ ਅਧਿਆਪਕਾਂ ਦੇ ਘਰ ਜਾ ਆਉਣਾ ਚਾਹੀਦਾ ਹੈ।ਇਹ ਗੱਲ ਦਿਲ ਵਿੱਚ ਕਦੇ ਨਹੀਂ ਲਿਆਉਣੀ ਚਾਹੀਦੀ ਕਿ ” ਹੁਣ ਅਸੀਂ ਆਪਣੇ ਅਧਿਆਪਕਾਂ ਤੋਂ ਕੀ ਲੈਣਾ ਹੈ , ਕਿਉਂ ਉਨ੍ਹਾਂ ਨੂੰ ਫੋਨ ਕਰੀਏ , ਕਿਉਂ ਉਹਨਾਂ ਨੂੰ ਮਿਲਣ ਜਾਈਏ ? ” ਇੱਕ ਅਧਿਆਪਕ ਨੂੰ ਇਹ ਆਸ ਹੁੰਦੀ ਹੈ ਅਤੇ ਉਸ ਲਈ ਇਹ ਬਹੁਤ ਵੱਡਾ ਸਨਮਾਨ ਹੁੰਦਾ ਹੈ ਕਿ ਉਸ ਦੇ ਵਿਦਿਆਰਥੀ ਉਸ ਨੂੰ ਜੀਵਨ ਭਰ ਇੱਜ਼ਤ – ਸਤਿਕਾਰ ਕਰਦੇ ਹਨ ਤੇ ਉਸ ਨੂੰ ਯਾਦ ਰੱਖਦੇ ਹਨ।

ਜਦੋਂ ਇੱਕ ਅਧਿਆਪਕ ਕੋਲ ਪੜ੍ਹਿਆ ਹੋਇਆ ਵਿਦਿਆਰਥੀ ਉਸ ਨੂੰ ਇੱਜ਼ਤ – ਮਾਣ ਅਤੇ ਸਤਿਕਾਰ ਵਜੋਂ ਬੁਲਾਉਂਦਾ , ਉਸ ਦਾ ਹਾਲ – ਚਾਲ , ਦੁੱਖ – ਸੁੱਖ ਪੁੱਛਦਾ ਹੈ ਅਤੇ ਆਪਣੇ ਘਰ ਬੁਲਾਉਂਦਾ ਹੈ ਜਾਂ ਖ਼ੁਦ ਪਰਿਵਾਰ ਅਤੇ ਬੱਚਿਆਂ ਨੂੰ ਨਾਲ਼ ਲੈ ਕੇ ਅਧਿਆਪਕ ਨੂੰ ਮਿਲਣ ਲਈ ਉਸ ਦੇ ਘਰ ਜਾਂਦਾ ਹੈ ਤਾਂ ਅਧਿਆਪਕ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਅਤੇ ਸਕੂਨ ਦੀ ਪ੍ਰਾਪਤੀ ਹੁੰਦੀ ਹੈ। ਹਮੇਸ਼ਾਂ ਯਾਦ ਰੱਖਣਾ ਕਿ ਅਧਿਆਪਕ ਦੀ ਇੱਜ਼ਤ ਮਾਣ ਕਰਨ ਵਾਲਾ , ਅਧਿਆਪਕਾਂ ਦੀ ਸਿੱਖਿਆ – ਸੰਸਕਾਰਾਂ ਤੇ ਜੀਵਨ – ਜਾਂਚ ਨੂੰ ਯਾਦ ਰੱਖਣ ਵਾਲਾ ਅਤੇ ਉਸ ਉਤੇ ਜੀਵਨ ਭਰ ਅਮਲ ਕਰਨ ਵਾਲਾ ਵਿਅਕਤੀ ਜ਼ਿੰਦਗੀ ‘ਚ ਜ਼ਰੂਰ ਹੀ ਤਰੱਕੀ ਅਤੇ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਜਾਂਦਾ ਹੈ ਅਤੇ ਸ਼ਾਂਤੀ ਤੇ ਸਕੂਨ ਭਰੀ ਖੁਸ਼ਹਾਲ ਜ਼ਿੰਦਗੀ ਜਿਊਂਦਾ ਹੈ।

ਦੁਨੀਆਂ ਵਿੱਚ ਅਨੇਕਾਂ ਉਦਾਹਰਣਾਂ ਹਨ ਕਿ ਜੀਵਨ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਿਆਂ ਨੇ ਆਪਣੇ ਅਧਿਆਪਕਾਂ ਅਤੇ ਉਨ੍ਹਾਂ ਦੀ ਦਿੱਤੀ ਸਿੱਖਿਆ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਅਤੇ ਉਹ ਜੀਵਨ ਵਿੱਚ ਸਫ਼ਲ ਅਤੇ ਖ਼ੁਸ਼ਹਾਲ ਇਨਸਾਨ ਵਜੋਂ ਉੱਭਰ ਕੇ ਸਾਹਮਣੇ ਆਏ। ਅੱਜ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਦਿਨ ਪ੍ਰਤੀ ਦਿਨ ਮਨੁੱਖਤਾ ਵਿੱਚ ਜੋ ਅਨੈਤਿਕਤਾ, ਅਸਮਾਜਿਕਤਾ , ਅਸੱਭਿਅਤਾ , ਗੈਰ – ਮਨੁੱਖਤਾ ਵਧ ਰਹੀ ਹੈ , ਸਮਾਜ ਵਿੱਚ ਦਿਨ ਪ੍ਰਤੀ ਦਿਨ ਜੋ ਕੁਰੀਤੀਆਂ ਵਧ ਰਹੀਆਂ ਹਨ ਅਤੇ ਸਮਾਜ ਨਿਘਾਰ ਵੱਲ ਜਾ ਰਿਹਾ ਹੈ , ਉਸ ਦਾ ਮੂਲ ਕਾਰਨ ਸਾਡੇ ਦਿਲੋ – ਦਿਮਾਗ ਵਿੱਚੋਂ ਆਪਣੇ ਅਧਿਆਪਕਾਂ ਨੂੰ ਵਿਸਾਰਨਾ , ਉਨ੍ਹਾਂ ਦੀ ਇੱਜ਼ਤ – ਸਤਿਕਾਰ ਨਾ ਕਰਨਾ ਅਤੇ ਅਧਿਆਪਕਾਂ ਦੀ ਦਿੱਤੀ ਸਿੱਖਿਆ ਨੂੰ ਭੁੱਲ ਜਾਣਾ ਹੀ ਹੈ।

ਦੂਜੇ ਪਾਸੇ ਅਧਿਆਪਕ ਨੂੰ ਵੀ ਬਦਲਦੇ ਸਮੇਂ ਤੇ ਸਥਿਤੀਆਂ ਦੇ ਅਨੁਸਾਰ ਆਪਣੇ ਰੁਤਬੇ , ਮਰਿਆਦਾ ਅਤੇ ਗਰਿਮਾ ਨੂੰ ਵੱਟਾ ਲੱਗਣ ਅਤੇ ਠੇਸ ਪਹੁੰਚਣ ਤੋਂ ਬਚਾਉਣਾ ਚਾਹੀਦਾ ਹੈ।ਆਖਿਰ ਇਹੋ ਕਹਿਣਾ ਵਾਜਬ ਹੋ ਸਕਦਾ ਹੈ ਕਿ ਸਾਨੂੰ ਆਪਣੇ ਅਧਿਆਪਕਾਂ ਦਾ ਸਾਰੀ ਜ਼ਿੰਦਗੀ ਇੱਜ਼ਤ – ਮਾਣ ਕਰਨਾ ਚਾਹੀਦਾ ਹੈ , ਵੇਲੇ – ਕੁਵੇਲੇ ਉਨ੍ਹਾਂ ਨਾਲ ਰਾਬਤਾ ਰੱਖਣਾ ਚਾਹੀਦਾ ਹੈ , ਉਨ੍ਹਾਂ ਦੁਆਰਾ ਦਿੱਤੀ ਸਿੱਖਿਆ ਨੂੰ ਕਦੇ ਵੀ ਮਨੋਂ ਵਿਸਾਰਨਾ ਨਹੀਂ ਚਾਹੀਦਾ ਅਤੇ ਸਮੇਂ – ਸਮੇਂ ‘ਤੇ ਅਧਿਆਪਕਾਂ ਨੂੰ ਚਰਨ ਵੰਦਨਾ ਕਰਕੇ ਉਹਨਾਂ ਦੀਆਂ ਦੁਆਵਾਂ , ਅਸੀਸਾਂ , ਮਾਰਗਦਰਸ਼ਨ ਤੇ ਅਸ਼ੀਰਵਾਦ ਲੈਂਦੇ ਰਹਿਣਾ ਚਾਹੀਦਾ ਹੈ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356.

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Covid jabs not recommended for 12-15 yr olds in UK’
Next articleਉਲਝਿਆ ਤਾਣਾ