(ਸਮਾਜ ਵੀਕਲੀ)
ਸਿਆਣਿਆਂ ਨੇ ਕਹਾਵਤਾਂ ਐਵੇਂ ਨਹੀਂ ਬਣਾਈਆਂ, ਉਹਨਾਂ ਦਾ ਕੋਈ ਨਾ ਕੋਈ ਨਿਚੋੜ ਜ਼ਰੂਰ ਨਿਕਲ਼ਦਾ ਹੈ।ਸਾਡੇ ਬਜ਼ੁਰਗ ਚਾਹੇ ਬਹੁਤਾ ਪੜ੍ਹੇ ਲਿਖੇ ਨਹੀਂ ਹੁੰਦੇ ਸਨ ਪਰ ਉਹਨਾਂ ਦੀ ਸਮਝ ਅੱਜ ਦੇ ਪੜ੍ਹਾਕੂਆਂ ਤੋਂ ਕਿਤੇ ਵੱਧ ਸੀ। ਪੁਰਾਣੇ ਸਮਿਆਂ ਦੇ ਮਨੁੱਖਾਂ ਦੀਆਂ ਦਿਨ ਭਰ ਦੀਆਂ ਚਾਹੇ ਕਿਸੇ ਕਿਸਮ ਦੀਆਂ ਗਤੀਵਿਧੀਆਂ ਬਾਰੇ ਪੜ੍ਹੀਏ ਜਾਂ ਸੁਣੀਏ, ਉਹਨਾਂ ਵਿੱਚ ਕੋਈ ਨਾ ਕੋਈ ਸਿੱਖਿਆ ਛੁਪੀ ਹੁੰਦੀ ਸੀ। ਉਹਨਾਂ ਦੀ ਨਿੱਕੀ ਜਿਹੀ ਗੱਲ ਵਿੱਚ ਜ਼ਿੰਦਗੀ ਜਿਊਣ ਦਾ ਵੱਡੇ ਤੋਂ ਵੱਡਾ ਰਾਜ਼ ਛੁਪਿਆ ਹੋਇਆ ਹੁੰਦਾ ਸੀ। ਉਹਨਾਂ ਦੇ ਸਵੇਰੇ ਉੱਠਣ ਤੋਂ ਲੈਕੇ ਸੌਣ ਦੇ ਸਮੇਂ ਤੱਕ ਦੀਆਂ ਆਦਤਾਂ ਅਤੇ ਉਹਨਾਂ ਨਾਲ ਜੁੜੀਆਂ ਉਹਨਾਂ ਦੀਆਂ ਕਹਾਵਤਾਂ ਨੂੰ ਧਿਆਨ ਨਾਲ ਵਿਚਾਰੀਏ ਤਾਂ ਸਾਨੂੰ ਉਹ ਬਹੁਤ ਸੋਹਣੇ ਢੰਗ ਨਾਲ ਜ਼ਿੰਦਗੀ ਬਤੀਤ ਕਰਨ ਦੀ ਲੀਹੇ ਪਾ ਕੇ ਗਏ ਸਨ।
ਉਹਨਾਂ ਕੋਲ ਨਾ ਫੋਨ ਸਨ,ਨਾ ਐਸ਼ ਇਸ਼ਰਤ ਦੇ ਸਾਧਨ ਸਨ,ਨਾ ਉਹਨਾਂ ਨੂੰ ਕੋਈ ਜ਼ਿੰਦਗੀ ਜਿਊਣ ਸਬੰਧੀ ਕੋਈ ਜਾਂਚ ਸਿਖਾਈ ਜਾਂਦੀ ਸੀ ਨਾ ਕੋਈ ਟ੍ਰੇਨਿੰਗ ਸੈਂਟਰ ਖੋਲ੍ਹੇ ਜਾਂਦੇ ਸਨ।ਪਰ ਫਿਰ ਵੀ ਸਾਡੇ ਪੁਰਖਿਆਂ ਦੇ ਦਿਮਾਗ ਅੱਜ ਦੇ ਨਵੇਂ ਜ਼ਮਾਨੇ ਵਾਲੇ ਪਾੜ੍ਹਿਆਂ ਨਾਲੋਂ ਕਿਤੇ ਵੱਧ ਤੇਜ਼ ਸਨ। ਉਹਨਾਂ ਦੀ ਸੁਭਾਵਿਕ ਕੀਤੀ ਗੱਲਬਾਤ ਹੀ ਇੱਕ ਕਹਾਵਤ ਜਾਂ ਸਿੱਖਿਆ ਬਣ ਜਾਂਦੀ ਸੀ। ਅੱਜ ਜੰਮਦੇ ਬੱਚਿਆਂ ਨੂੰ ਖਾਣ ਪੀਣ ਤੋਂ ਲੈਕੇ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਹਨ ਤਿਵੇਂ ਤਿਵੇਂ ਉਮਰ ਦੇ ਹਿਸਾਬ ਨਾਲ ਟ੍ਰੇਨਿੰਗ ਸੈਂਟਰ ਖੋਲ੍ਹੇ ਜਾਂਦੇ ਹਨ।ਪਰ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਹਨ ਅਕਲ ਉਹਨਾਂ ਦੀ ਗਿੱਟਿਆਂ ਵਿੱਚ ਵੜੀ ਜਾਂਦੀ ਹੈ।
ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ “ਕਾਹਲੀ ਅੱਗੇ ਟੋਏ” ਕਹਾਵਤ ਦੀ ਗੱਲ ਕਰੀਏ ਤਾਂ ਇਸ ਕਹਾਵਤ ਨੂੰ ਆਪਾਂ ਸਭ ਬਚਪਨ ਤੋਂ ਸੁਣਦੇ ਆ ਰਹੇ ਹਾਂ। ਜੇ ਅੱਜ ਇਸ ਨਾਲ ਇੱਕ ਗੱਲ ਹੋਰ ਜੋੜ ਦੇਈਏ “ਕਾਹਲੀ ਅੱਗੇ ਟੋਏ, ਓਹਦੇ ਵਿੱਚ ਡੁੱਬ ਕੇ ਸਭ ਮੋਏ” ,ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਅੱਜ ਵਟਸਐਪ, ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਹੋਰ ਅੰਗਾਂ ਤੇ ਝਾਤੀ ਮਾਰੀਏ ਤਾਂ ਬਹੁਤੀਆਂ ਅਕਲਾਂ ਵਾਲਿਆਂ ਦੇ ਵੱਡੇ ਵੱਡੇ ਸਟੇਟਸ, ਸਿਆਣੀਆਂ ਸਿਆਣੀਆਂ ਗੱਲਾਂ ਇਸ ਤਰ੍ਹਾਂ ਪਾਏ ਜਾ ਰਹੇ ਹਨ ਜਿਵੇਂ ਧਰਤੀ ਉੱਪਰ ਸਾਰੇ ਫ਼ਰਿਸ਼ਤੇ ਹੀ ਵਸਣ ਲੱਗ ਪਏ ਹੋਣ,ਪਰ ਜੇ ਉਹਨਾਂ ਦੀ ਅਸਲੀ ਤਸਵੀਰ ਤੇ ਨਜ਼ਰ ਮਾਰੀਏ ਤਾਂ ਉਹਨਾਂ ਦਾ ਘਰ ਤੇ ਸਮਾਜ ਪ੍ਰਤੀ ਵਰਤਾਰਾ ਕੁਝ ਹੋਰ ਹੀ ਹੁੰਦਾ ਹੈ। ਇਹਨਾਂ ਨੂੰ ਫੇਸਬੁੱਕੀਏ ਵਿਦਵਾਨ ਕਹਿ ਕੇ ਪੰਜਾਬੀ ਸ਼ਬਦਾਵਲੀ ਵਿੱਚ ਇੱਕ ਹੋਰ ਸ਼ਬਦ ਜੋੜ ਦਿੱਤਾ ਗਿਆ ਹੈ।
ਮਨੁੱਖ ਦੀ ਜ਼ਿੰਦਗੀ ਪਾਣੀ ਵਿੱਚ ਬੁਲਬੁਲੇ ਸਮਾਨ ਹੁੰਦੀ ਹੈ।ਇਸ ਲਈ ਇਸ ਬੁਲਬੁਲੇ ਸਮਾਨ ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਨਾਲ ਨਾਲ ਬਾਕੀ ਜ਼ਿੰਦਗੀਆਂ ਨੂੰ ਬਚਾਉਣਾ ਵੀ ਮਨੁੱਖੀ ਧਰਮ ਹੈ। ਰੋਜ਼ ਟੀ. ਵੀ. ਦੀਆਂ ਖ਼ਬਰਾਂ ਸੁਣ ਲਵੋ ਜਾਂ ਅਖ਼ਬਾਰਾਂ ਦੇ ਮੁੱਖ ਪੰਨੇ ਉੱਤੇ ਝਾਤ ਮਾਰੀਏ ਤਾਂ ਸੜਕਾਂ ਤੇ ਤੇਜ਼ ਰਫ਼ਤਾਰੀ ਕਿੰਨੇ ਪਰਿਵਾਰਾਂ ਦੇ ਪਰਿਵਾਰ ਹੀ ਨਿਗਲ ਰਹੀ ਹੈ। ਅੱਜ ਦਾ ਮਨੁੱਖ ਐਨਾ ਬੇਦਰਦ ਅਤੇ ਸਵਾਰਥੀ ਕਿਉਂ ਹੋ ਗਿਆ ਹੈ?ਸਾਡੇ ਪੰਜਾਬ ਵਿੱਚ ਇੱਕ ਦਿਨ ਵਿੱਚ ਹੀ ਕਈ ਕਈ ਖ਼ਬਰਾਂ ਇਹੋ ਜਿਹੀਆਂ ਘਟਨਾਵਾਂ ਦੀਆਂ ਆਉਂਦੀਆਂ ਹਨ।ਕਿਤੇ ਤੇਜ਼ ਰਫ਼ਤਾਰ ਬੱਸ ਨੇ ਕਾਰ ਨੂੰ ਫੇਟ ਮਾਰ ਦਿੱਤੀ,ਕਿਤੇ ਦੋ ਪਹੀਆ ਵਾਹਨ ਨੂੰ ਕੁਚਲ ਦਿੱਤਾ,ਕਿਤੇ ਸਕੂਲੀ ਬੱਚਿਆਂ ਨੂੰ ਕੁਚਲ ਦਿੱਤਾ।ਕੀ ਅੱਜ ਦੇ ਜ਼ਮਾਨੇ ਵਿੱਚ ਮੌਤ ਐਨੀ ਸਸਤੀ ਹੋ ਗਈ ਹੈ?
ਵੱਡੀਆਂ ਗੱਡੀਆਂ ਚਲਾਉਣ ਵਾਲੇ ਡਰਾਈਵਰਾਂ ਨੂੰ ਇਹ ਕੀਮਤੀ ਜਾਨਾਂ ਦੀ ਕਿਉਂ ਕੋਈ ਪ੍ਰਵਾਹ ਨਹੀਂ ਹੈ? ਕੀ ਤੇਜ਼ ਰਫ਼ਤਾਰੀ ਉਹਨਾਂ ਦਾ ਸ਼ੌਕ ਹੈ?ਇਹੋ ਜਿਹੇ ਸ਼ੌਕ ਪਾਲਣ ਵਾਲੇ ਦਰਿੰਦੇ ਇੱਕ ਸਕਿੰਟ ਵਿੱਚ ਹੱਸਦੇ ਖੇਡਦੇ ਘਰਾਂ ਦੇ ਘਰ ਤਬਾਹ ਕਰ ਦਿੰਦੇ ਹਨ। ਸੂਬੇ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਰੋਜ਼ਾਨਾ ਸੈਂਕੜੇ ਮਾਸੂਮ ਲੋਕ, ਜਿਨ੍ਹਾਂ ‘ਵਿੱਚੋਂ ਜ਼ਿਆਦਾ ਨੌਜੁਆਨ ਵਰਗ ਆਉਂਦਾ ਹੈ, ਹਾਦਸਿਆਂ ਦਾਂ ਸ਼ਿਕਾਰ ਹੋ ਰਹੇ ਹਨ ।ਜ਼ਿਆਦਾਤਾਰ ਸੜਕ ਹਾਦਸੇ ਵਾਹਨਾਂ ਦੇ ਚਾਲਕਾਂ ਦੀ ਗਲਤੀ, ਟੁੱਟੀਆਂ ਸੜਕਾਂ,ਅਵਾਰਾ ਪਸ਼ੂਆਂ ਅਤੇ ਤੇਜ਼-ਗਤੀ ਆਦਿ ਕਰਕੇ ਵਾਪਰ ਰਹੇ ਹਨ। ਭਿਆਨਕ ਸੜਕੀ ਹਾਦਸਿਆਂ ਦੀਆਂ ਖਬਰਾਂ ਪੜ੍ਹ ਕੇ ਦਿਲ ਕੰਬ ਉੱਠਦਾ ਹੈ। ਸਾਰੇ ਜ਼ਿੰਮੇਵਾਰ ਨਾਗਰਿਕ ਤਦ ਹੀ ਹੋ ਸਕਦੇ ਹਨ, ਜੇ ਸੜਕ ਸੁਰੱਖਿਆ ਸੰਬੰਧੀ ਨਿਯਮਾਂ ਦਾ ਪੂਰਾ ਪਾਲਣ ਕੀਤਾ ਜਾਵੇ। ਸੜਕ ਸੁਰੱਖਿਆ ਨਿਯਮਾਂ ਦੀ ਦੁਰਵਰਤੋਂ ਵੀ ਹਾਦਸਿਆਂ ਨੂੰ ਜਨਮ ਦਿੰਦੀ ਹੈ ਅਤੇ ਕੀਮਤੀ ਜਾਨਾਂ ਮੌਤ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਜ਼ਿਆਦਾਤਾਰ ਸੜਕ ਹਾਦਸੇ ਵਾਹਨਾਂ ਦੀ ਓਵਰਸਪੀਡ, ਸ਼ਰਾਬ ਪੀ ਕੇ ਗੱਡੀ ਚਲਾਉਣ,ਅਣਸਿੱਖਿਅਤ ਡ੍ਰਾਈਵਿੰਗ ਕਰਕੇ, ਰਾਤ ਨੂੰ ਸੜਕ ਤੇ ਚਲਣ ਸਮੇਂ ਤੇਜ਼ ਤੇ ਚਮਕਦਾਰ ਲਾਈਟਾਂ ਦੀ ਵਰਤੋਂ ਕਾਰਨ,ਮੋਬਾਈਲ ਫੋਨ ਦੀ ਵਰਤੋਂ, ਅਵਾਰਾ ਪਸ਼ੂਆਂ ਦੇ ਸੜਕਾਂ ਉੱਪਰ ਘੁੰਮਣ ਕਰਕੇ, ਟੁੱਟੀਆਂ ਤੇ ਇਕਹਿਰੀਆ ਸੜਕਾਂ ਕਰਕੇ, ਮਾਨਸਿਕ ਤੌਰ ਤੇ ਪ੍ਰੇਸ਼ਾਨੀ ਵਿੱਚ ਵਾਹਨ ਚਲਾਉਣ ਕਰਕੇ ਆਦਿ ਕਾਰਨਾਂ ਕਰਕੇ ਹੁੰਦੇ ਹਨ। ਵੱਡੀਆਂ ਗੱਡੀਆਂ ਦੇ ਚਾਲਕਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਕਿ ਉਹਨਾਂ ਦੀ ਕਾਹਲ਼ੀ ਕਾਰਨ ਚੰਗੀਆਂ ਭਲੀਆਂ ਸਹੀ ਜਾ ਰਹੀਆਂ ਗੱਡੀਆਂ ਵਿੱਚ ਬੈਠੇ ਪੂਰੇ ਪੂਰੇ ਪਰਿਵਾਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ, ਸੜਕਾਂ ਕਿਨਾਰੇ ਖੜ੍ਹੇ ਲੋਕ ਦਿਓ ਵਰਗੀਆਂ ਬੱਸਾਂ ਜਾਂ ਟਰੱਕਾਂ ਹੇਠ ਕੀੜਿਆਂ ਮਕੌੜਿਆਂ ਵਾਂਗ ਕੁਚਲੇ ਜਾਂਦੇ ਹਨ।
ਸੜਕਾਂ ਤੇ ਖੜ੍ਹੇ ਕੀਤੇ ਵੱਡੇ ਵੱਡੇ ਟਰਾਲੇ ਜਾਂ ਟਰਾਲੀਆਂ ਵਿੱਚ ਤੇਜ਼ ਰਫ਼ਤਾਰ ਛੋਟੀਆਂ ਗੱਡੀਆਂ ਵੱਜ ਕੇ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ।ਲੋੜ ਹੈ ਸਰਕਾਰਾਂ ਵੱਲੋਂ ਇਨ੍ਹਾਂ ਦੇ ਡਰਾਈਵਰਾਂ ਦੀ ਰਾਹਾਂ ਵਿੱਚ ਅਚਨਚੇਤ ਚੈਕਿੰਗ ਕਰਨ ਦੀ, ਗ਼ਲਤੀ ਹੋਣ ਤੇ ਲਾਈਸੈਂਸ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਗਲਤੀ ਕਰਨ ਤੋਂ ਪਹਿਲਾਂ ਉਹਨਾਂ ਦੇ ਮਨਾਂ ਵਿੱਚ ਉਹਨਾਂ ਦੀ ਗ਼ਲਤੀ ਦੇ ਨਤੀਜੇ ਦਾ ਡਰ ਹੋਵੇ। ਦੂਜੇ ਪਾਸੇ ਛੋਟੇ ਵਾਹਨਾਂ ਵਾਲੇ ਲੋਕਾਂ ਨੂੰ ਵੱਡੀਆਂ ਗੱਡੀਆਂ ਤੋਂ ਦੂਰੀ ਬਣਾ ਕੇ ਰੱਖਣ ਅਤੇ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਧੀਰਜ ਨਾਲ ਵਾਹਨ ਚਲਾਉਣ ਦੀ ਲੋੜ ਹੈ, ਕਿਉਂਕਿ ਹਮੇਸ਼ਾ ਕਾਹਲ਼ੀ ਅੱਗੇ ਟੋਏ ਹੁੰਦੇ ਹਨ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly