ਚੰਡੀਗੜ੍ਹ (ਸਮਾੲਜ ਵੀਕਲੀ): ਕਾਂਗਰਸ ਹਾਈਕਮਾਨ ਨੇ ਪੰਜਾਬ ਵਿੱਚ ਨਵੀਂ ਟੀਮ ਨੂੰ ਕਮਾਨ ਦੇ ਕੇ ਪਾਰਟੀ ਵਿੱਚ ਤਾਰ ਤਾਰ ਹੋ ਰਹੇ ਅਨੁਸ਼ਾਸਨ ਨੂੰ ਰੋਕਣ ਲਈ ਸਖ਼ਤ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕੁੱਲ ਹਿੰਦ ਕਾਂਗਰਸ ਕਮੇਟੀ ਨੇ ਪੰਜਾਬ ਇਕਾਈ ਵਿੱਚ ਅਨੁਸ਼ਾਸਨਹੀਣਤਾ ਨੂੰ ਠੱਲ੍ਹਣ ਲਈ ਅੱਜ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਜਾਖੜ ਨੂੰ ਇੱਕ ਹਫ਼ਤੇ ਅੰਦਰ ਜੁਆਬ ਦੇਣ ਲਈ ਕਿਹਾ ਗਿਆ।
ਪੰਜਾਬ ਕਾਂਗਰਸ ਵਿੱਚ ਇੱਕ ਵਰ੍ਹੇ ਤੋਂ ਆਪਹੁਦਰਾਪਣ ਫੈਲਿਆ ਹੋਇਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਇਸ ਮਾਮਲੇ ਵਿਚ ਸਭ ਤੋਂ ਅੱਗੇ ਰਹੇ ਹਨ। ਪੰਜਾਬ ਕਾਂਗਰਸ ਵਿੱਚ ਧੜੇਬੰਦੀ ਏਨੀ ਵਧ ਗਈ ਹੈ ਕਿ ਕਿਸੇ ਨੂੰ ਹਾਈਕਮਾਨ ਦੀ ਪ੍ਰਵਾਹ ਨਹੀਂ ਰਹੀ ਸੀ। ਹਾਈਕਮਾਨ ਦਾ ਮੰਨਣਾ ਹੈ ਕਿ ਪਾਰਟੀ ਦੇ ਅੰਦਰੂਨੀ ਕਲੇਸ਼ ਕਾਰਨ ਉਸ ਨੇ ਪੰਜਾਬ ਨੂੰ ਹੱਥੋਂ ਗੁਆ ਲਿਆ। ਇਸ ਤੋਂ ਸਬਕ ਲੈਂਦਿਆਂ ਹਾਈਕਮਾਨ ਨੇ ਸਖ਼ਤ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਤਿੰਨ ਦਫ਼ਾ ਵਿਧਾਇਕ ਰਹੇ ਸੁਰਜੀਤ ਸਿੰਘ ਧੀਮਾਨ ਨੂੰ ਬੀਤੇ ਦਿਨੀਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਧੀਮਾਨ ਨੇ ਨਵਨਿਯੁਕਤ ਪ੍ਰਧਾਨ ਰਾਜਾ ਵੜਿੰਗ ’ਤੇ ਸਿਆਸੀ ਵਾਰ ਕੀਤੇ ਸਨ।
ਵੇਰਵਿਆਂ ਅਨੁਸਾਰ, ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਅੱਜ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਸੁਨੀਲ ਜਾਖੜ ਅਤੇ ਸੀਨੀਅਰ ਆਗੂ ਕੇ ਵੀ ਥੌਮਸ ਦਾ ਮਾਮਲਾ ਵਿਚਾਰਿਆ ਗਿਆ। ਥੌਮਸ ਨੇ 9 ਅਪਰੈਲ ਨੂੰ ਸੀਪੀਐੱਮ ਦੀ ਕਾਨਫਰੰਸ ਵਿੱਚ ਹਿੱਸਾ ਲਿਆ ਸੀ। ਹਾਈਕਮਾਨ ਵੱਲੋਂ ਇਸ ਮਾਮਲੇ ’ਤੇ ਥੌਮਸ ਨੂੰ ਵੀ ਕਾਰਨ ਦੱਸੋ ਕੱਢਿਆ ਗਿਆ ਹੈ। ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਹਾਈਕਮਾਨ ਕੋਲ ਸੁਨੀਲ ਜਾਖੜ ਖ਼ਿਲਾਫ਼ ਸ਼ਿਕਾਇਤਾਂ ਭੇਜੀਆਂ ਗਈਆਂ ਸਨ ਅਤੇ ਇਨ੍ਹਾਂ ਨਾਲ ਜਾਖੜ ਵੱਲੋਂ ਕੀਤੇ ਟਵੀਟ ਨੂੰ ਨੱਥੀ ਕੀਤਾ ਗਿਆ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪਿਛਲੇ ਦਿਨਾਂ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਜਾਖੜ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਾਇਆ ਸੀ। ਸੁਨੀਲ ਜਾਖੜ ਨੂੰ ਦਲਿਤ ਭਾਈਚਾਰੇ ਖ਼ਿਲਾਫ਼ ਇੱਕ ਟਿੱਪਣੀ ਨੂੰ ਆਧਾਰ ਬਣਾ ਕੇ ਘੇਰਿਆ ਜਾ ਰਿਹਾ ਹੈ।
ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਵੀ ਹਾਈਕਮਾਨ ਨੂੰ ਪੱਤਰ ਲਿਖਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸੁਨੀਲ ਜਾਖੜ ਵੱਲੋਂ ਪਾਰਟੀ ਲੀਡਰਸ਼ਿਪ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਾ ਰਹੀ ਹੈ। ਬੇਸ਼ੱਕ ਸੁਨੀਲ ਜਾਖੜ ਨੇ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ, ਪਰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸੇ ਦੌਰਾਨ ਚਰਚੇ ਹਨ ਕਿ ਪਾਰਟੀ ਦਾ ਜ਼ਾਬਤਾ ਭੰਗ ਕਰਨ ਵਾਲੇ ਸਾਬਕਾ ਮੰਤਰੀ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਪ੍ਰਤੀ ਹਾਈਕਮਾਨ ਕੀ ਵਤੀਰਾ ਰੱਖਦੀ ਹੈ, ਉਸ ਤੋਂ ਵੀ ਕਈ ਸਿਆਸੀ ਅਨੁਮਾਨ ਲੱਗਣਗੇ। ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕਾਫ਼ੀ ਸਮਾਂ ਪਹਿਲਾਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਬਾਅਦ ਵਿੱਚ ਇਸ ਮਾਮਲੇ ’ਤੇ ਕਾਂਗਰਸ ਨੇ ਚੁੱਪ ਵੱਟ ਲਈ ਸੀ। ਕਾਂਗਰਸ ਹਾਈਕਮਾਨ ਨੂੰ ਖ਼ਦਸ਼ਾ ਹੈ ਕਿ ਕਿਤੇ ਕਾਂਗਰਸ ਵਿਚ ਨਵੀਂ ਟੀਮ ਬਣਾਏ ਜਾਣ ਮਗਰੋਂ ਵੀ ਨਵੀਂ ਕਤਾਰਬੰਦੀ ਖੜ੍ਹੀ ਨਾ ਹੋ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly