ਮੋਦੀ ਤੇ ਬਾਇਡਨ ਨੇ ਿਵਚਾਰਿਆ ਯੂਕਰੇਨ ਜੰਗ ਦਾ ਮਸਲਾ

ਨਵੀਂ ਦਿੱਲੀ (ਸਮਾੲਜ ਵੀਕਲੀ):  ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵਰਚੁਅਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ ਜਤਾਈ ਕਿ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਗੱਲਬਾਤ ਜੰਗ ਮਾਰੇ ਮੁਲਕੇ ’ਚ ਸ਼ਾਂਤੀ ਦਾ ਰਾਹ ਪੱਧਰਾ ਕਰੇਗੀ। ਸ੍ਰੀ ਮੋਦੀ ਨੇ ਬੁਚਾ ਸ਼ਹਿਰ ’ਚ ਬੇਕਸੂਰ ਲੋਕਾਂ ਦੀ ਹੱਤਿਆ ਬਾਰੇ ਰਿਪੋਰਟਾਂ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਭਾਰਤ ਨੇ ਇਸ ਦੀ ਫ਼ੌਰੀ ਨਿੰਦਾ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨੇ ਯੂਕਰੇਨ ਅਤੇ ਰੂਸ ਦੇ ਰਾਸ਼ਟਰਪਤੀਆਂ ਨਾਲ ਫੋਨ ’ਤੇ ਹੋਈ ਗੱਲਬਾਤ ਦਾ ਹਵਾਲਾ ਵੀ ਦਿੱਤਾ।

ਸ੍ਰੀ ਮੋਦੀ ਨੇ ਕਿਹਾ,‘‘ਮੈਂ ਰਾਸ਼ਟਰਪਤੀ ਪੂਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਨਾਲ ਸਿੱਧੀ ਗੱਲਬਾਤ ਦਾ ਸੁਝਾਅ ਦਿੱਤਾ ਹੈ।’’ ਅਮਰੀਕਾ ਨਾਲ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤੰਤਰ (ਭਾਰਤ ਅਤੇ ਅਮਰੀਕਾ) ਹਮੇਸ਼ਾ ਕੁਦਰਤੀ ਭਾਈਵਾਲ ਰਹੇ ਹਨ। ਬਾਇਡਨ ਨੇ ਭਾਰਤ ਵੱਲੋਂ ਯੂਕਰੇਨ ਦੇ ਲੋਕਾਂ ਲਈ ਦਿੱਤੀ ਗਈ ਮਾਨਵੀ ਸਹਾਇਤਾ ਦਾ ਸਵਾਗਤ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਜੰਗ ਦੇ ਪ੍ਰਭਾਵ ਨਾਲ ਸਿੱਝਣ ਲਈ ਦੋਵੇਂ ਮੁਲਕ (ਭਾਰਤ-ਅਮਰੀਕਾ) ਵਿਚਾਰ ਵਟਾਂਦਰਾ ਜਾਰੀ ਰਖਣਗੇ। ਉਨ੍ਹਾਂ ਭਾਰਤ ਅਤੇ ਅਮਰੀਕਾ ਵਿਚਕਾਰ ਮਜ਼ਬੂਤ ਅਤੇ ਵਧ ਰਹੀ ਰੱਖਿਆ ਭਾਈਵਾਲੀ ਦਾ ਜ਼ਿਕਰ ਵੀ ਕੀਤਾ। ਬਾਇਡਨ ਨੇ ਕਿਹਾ ਕਿ ਅਜਿਹੀ ਫਿਕਰ ਉਨ੍ਹਾਂ ਕੋਵਿਡ-19, ਸਿਹਤ ਸੁਰੱਖਿਆ ਅਤੇ ਵਾਤਾਵਰਨ ਸੰਕਟ ਨਾਲ ਸਿੱਝਣ ਸਮੇਂ ਵੀ ਜ਼ਾਹਿਰ ਕੀਤੀ ਸੀ। ਉਨ੍ਹਾਂ ਸ੍ਰੀ ਮੋਦੀ ਨੂੰ ਕਿਹਾ ਕਿ ਉਹ ਜਪਾਨ ’ਚ 24 ਮਈ ਨੂੰ ਕੁਆਡ ਸਿਖਰ ਸੰਮੇਲਨ ਦੌਰਾਨ ਮਿਲਣਗੇ।

ਮੋਦੀ-ਬਾਇਡਨ ਵਿਚਕਾਰ ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਭਾਰਤ ਅਤੇ ਅਮਰੀਕਾ ਵਿਚਕਾਰ ਵਾਸ਼ਿੰਗਟਨ ’ਚ ਚੌਥੀ 2+2 ਵਾਰਤਾ ਹੋ ਰਹੀ ਹੈ। ਭਾਰਤ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਅਮਰੀਕੀ ਹਮਰੁਤਬਾ ਲਾਇਡ ਆਸਟਿਨ ਤੇ ਐਂਟਨੀ ਜੇ ਬਲਿੰਕਨ ਨਾਲ ਗੱਲਬਾਤ ਕਰਨਗੇ। ਉਧਰ ਰੱਖਿਆ ਮੰਤਰੀ ਦਾ ਪੈਂਟਾਗਨ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਵੀ ਸਨ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰੀਕੀ ਐਰੋਸਪੇਸ, ਬੋਇੰਗ ਅਤੇ ਰੇਅਥਿਓਨ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲੇ। ਰਾਜਨਾਥ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਭਾਰਤ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੀਤੀਆਂ ਦਾ ਲਾਹਾ ਲੈਣ। ਉਹ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਵਾਸ਼ਿੰਗਟਨ ’ਚ ਭਾਰਤ ਅਤੇ ਅਮਰੀਕਾ ਵਿਚਕਾਰ 2+2 ਮੰਤਰੀ ਪੱਧਰ ਦੀ ਗੱਲਬਾਤ ਲਈ ਐਤਵਾਰ ਨੂੰ ਇਥੇ ਪਹੁੰਚੇ ਹਨ। ਇਹ ਗੱਲਬਾਤ ਯੂਕਰੇਨ ’ਚ ਜੰਗ ਦਰਮਿਆਨ ਹੋ ਰਹੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIPL 2022: Pandya’s fifty, Manohar’s quickfire 35 take Gujarat to 162/7 against Hyderabad
Next articleਕਾਂਗਰਸ ਹਾਈਕਮਾਨ ਵੱਲੋਂ ਜਾਖੜ ਨੂੰ ਕਾਰਨ ਦੱਸੋ ਨੋਟਿਸ