ਮਾਨਸਾ (ਸਮਾਜ ਵੀਕਲੀ): ਕੈਬਨਿਟ ਮੰਤਰੀ ਪੰਜਾਬ ਡਾ. ਵਿਜੈ ਸਿੰਗਲਾ ਨੇ ਮਾਨਸਾ ਪੁਲੀਸ ਨੂੰ ਖ਼ਬਰਦਾਰ ਕਰਦਿਆਂ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਇੱਕ ਹਫ਼ਤੇ ਦੇ ਅੰਦਰ-ਅੰਦਰ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਆਦੇਸ਼ ਦਿੱਤੇ ਹਨ। ਮੰਤਰੀ ਨੇ ਇਹ ਆਦੇਸ਼ ਭਰੀ ਸਭਾ ਵਿੱਚ ਪੁਲੀਸ ਨੂੰ ਉਦੋਂ ਦਿੱਤੇ ਜਦੋਂ ਐਤਵਾਰ ਨੂੰ ਉਹ ਕਸਬਾ ਜੋਗਾ ਵਿੱਚ ਆਪਣੇ ਧੰਨਵਾਦੀ ਦੌਰੇ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਲੋਕਾਂ ਦੀ ਸਭਾ ਵਿੱਚ ਨੇੜਲੇ ਪਿੰਡ ਅਕਲੀਆ ਦਾ ਇੱਕ ਨੌਜਵਾਨ ਚਿੱਟੇ ਦੀਆਂ ਪੁੜੀਆਂ ਲੈ ਕੇ ਪਹੁੰਚ ਗਿਆ ਅਤੇ ਉਨ੍ਹਾਂ ਪੁੜੀਆਂ ਨੂੰ ਵਿਖਾਉਂਦਿਆਂ ਕਿਹਾ ਕਿ ਮਾਨਸਾ ਪੁਲੀਸ ਦੀ ਛਤਰ ਛਾਇਆ ਹੇਠ ਨਸ਼ੇ ਵੇਚਣ ਵਾਲਿਆਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਉਹ ਪੁਲੀਸ ਤੋਂ ਬੇਖੌਫ਼ ਹੋ ਕੇ ਨੌਜਵਾਨਾਂ ਨੂੰ ਸ਼ਰ੍ਹੇਆਮ ਚਿੱਟੇ ਦੀ ਸਪਲਾਈ ਕਰਦੇ ਹਨ।
ਨੌਜਵਾਨ ਦੀ ਗੁੱਸੇ ਭਰੀ ਇਸ ਤਕਰੀਰ ਨੂੰ ਸੁਣ ਕੇ ਕੈਬਨਿਟ ਮੰਤਰੀ ਸਮੇਤ ਪੁਲੀਸ ਪ੍ਰਸ਼ਾਸਨ ਤੇ ਹੋਰ ਅਮਲਾ ਵੀ ਹੈਰਾਨ ਰਹਿ ਗਿਆ। ਐਤਵਾਰ ਨੂੰ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਪਿੰਡ ਅਕਲੀਆ, ਜੋਗਾ, ਰੜ੍ਹ ਪਿੰਡਾਂ ਵਿੱਚ ਆਪਣਾ ਧੰਨਵਾਦੀ ਦੌਰਾ ਰੱਖਿਆ ਸੀ। ਪਿੰਡ ਜੋਗਾ ਵਿੱਚ ਜਦੋਂ ਕੈਬਨਿਟ ਮੰਤਰੀ ਦਰਬਾਰ ਲਾ ਕੇ ਬੈਠੇ ਸਨ ਤਾਂ ਪਿੰਡ ਅਕਲੀਆ ਦਾ ਇੱਕ ਨੌਜਵਾਨ ਉਥੇ ਪੁੱਜਿਆ। ਉਸ ਨੇ ਮੰਤਰੀ ਤੋਂ ਬੋਲਣ ਦੀ ਇਜ਼ਾਜਤ ਮੰਗੀ ਅੇ ਪੁਲੀਸ ’ਤੇ ਦੋਸ਼ਾਂ ਦੀ ਵਾਛੜ ਕਰ ਦਿੱਤੀ। ਨੌਜਵਾਨ ਨੇ ਕਿਹਾ ਕਿ ਉਸਨੇ ਨਸ਼ਾ ਵਿਕਣ ਦਾ ਸਬੂਤ ਉਦੋਂ ਹਾਸਲ ਕੀਤਾ, ਜਦੋਂ ਉਸਨੇ ਕਿਸੇ ਨਸ਼ਾ ਤਸਕਰ ਤੋਂ ਚਿੱਟਾ ਮੰਗਿਆ, ਜੋ ਉਸਨੇ ਦੋ ਨੌਜਵਾਨਾਂ ਨੂੰ ਸਪਲਾਈ ਕਰਨਾ ਸੀ। ਇੱਕ ਚਿੱਟੇ ਦੀ ਪੁੜੀ 1500 ਰੁਪਏ ਤੇ ਇੱਕ ਦੋ ਹਜ਼ਾਰ ਰੁਪਏ ਵਿੱਚ ਦਿੱਤੀ। ਨੌਜਵਾਨ ਨੇ ਦੱਸਿਆ ਕਿ ਉਸਦੀ ਨਸ਼ਾ ਤਸਕਰਾਂ ਨਾਲ ਸਿੱਧੀ ਵਾਰਤਾ ਹੋਈ ਹੈ, ਜਿਸ ਵਿੱਚ ਤਸਕਰ ਕਹਿੰਦੇ ਹਨ ਕਿ ਤੁਸੀਂ ਪੁਲੀਸ ਤੋਂ ਨਾ ਘਬਰਾਓ ਪੁਲੀਸ ਉਨ੍ਹਾਂ ਨੂੰ ਕੁਝ ਨਹੀਂ ਕਹਿੰਦੀ, ਪਰ ਜੋ ਪਿੰਡਾਂ ਦੇ ਨੌਜਵਾਨ ਨਸ਼ਾ ਤਸਕਰਾਂ ਨੂੰ ਫੜ੍ਹਨ ’ਤੇ ਲੱਗੇ ਹੋਏ ਹਨ, ਉਨ੍ਹਾਂ ਦਾ ਧਿਆਨ ਜ਼ਰੂਰ ਰੱਖਣ।
ਨੌਜਵਾਨ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਮੰਤਰੀ ਜੀ ਇਹ ਮਾਮਲਾ ਉਸ ਨੇ ਪਹਿਲਾਂ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ, ਪਰ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਹੁਣ ਪੁਲੀਸ ਦੀ ਮਿਲੀਭੁਗਤ ਨਾਲ ਸ਼ਰ੍ਹੇਆਮ ਚਿੱਟਾ ਵਿਕ ਰਿਹਾ ਹੈ। ਉਸਨੇ ਪਿਛਲੇ ਦਿਨੀਂ ਪਿੰਡ ਰੱਲਾ ਦੇ ਇੱਕ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ ਦਾ ਜ਼ਿਕਰ ਵੀ ਕੀਤਾ। ਦਿਲਚਸਪ ਗੱਲ ਹੈ ਕਿ ਜਦੋਂ ਨੌਜਵਾਨ ਨੇ ਸਟੇਜ਼ ਤੋਂ ਇਹ ਦੋਸ਼ ਲਾਏ ਤਾਂ ਉਸ ਵੇਲੇ ਥਾਣਾ ਜੋਗਾ ਦੇ ਨਵੇਂ ਆਏ ਮੁਖੀ ਮਨਜੀਤ ਸਿੰਘ ਵੀ ਮੌਕੇ ’ਤੇ ਮੌਜੂਦ ਸਨ। ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਨੇ ਨੌਜਵਾਨ ਦੇ ਇਸ ਹੌਸਲੇ ਤੇ ਹਿੰਮਤ ਵਿਖਾਉਣ ਦੀ ਦਲੇਰੀ ਦੀ ਪ੍ਰਸ਼ੰਸਾ ਕੀਤੀ। ਬਾਅਦ ਵਿੱਚ ਉਨ੍ਹਾਂ ਕਿਹਾ ਕਿ ’ਆਪ’ ਦੀ ਸਰਕਾਰ ਆਉਣ ਨਾਲ ਪਿੰਡਾਂ ਵਿੱਚ ਨੌਜਵਾਨਾਂ ’ਚ ਜਾਗਰੂਕਤਾ ਅਤੇ ਨਸ਼ੇ ਤੇ ਨਸ਼ਾ ਤਸਕਰਾਂ ਦੇ ਖਿਲਾਫ਼ ਆਢਾ ਲਾਉਣ ਦੀ ਹਿੰਮਤ ਆਈ ਹੈ। ਮੰਤਰੀ ਨੇ ਭਰੋਸਾ ਦਿਵਾਇਆ ਕਿ ’ਆਪ’ ਸਰਕਾਰ ਕਿਸੇ ਨਸ਼ਾ ਤਸਕਰ ਨੂੰ ਨਹੀਂ ਬਖ਼ਸੇਗੀ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਤੁਰੰਤ ਪੁਲੀਸ ਇਸਦਾ ਨੋਟਿਸ ਲਵੇ ਤੇ ਜੇ ਇਸ ਖੇਤਰ ਵਿੱਚ ਮੁੜ ਕੋਈ ਅਜਿਹੀ ਸ਼ਿਕਾਇਤ ਆਈ ਤਾਂ ਸੋਚ ਲਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਹਫ਼ਤੇ ਬਾਅਦ ਮੁੜ ਇਸ ਦੀ ਰਿਪੋਰਟ ਪੁਲੀਸ ਤੋਂ ਲੈਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly