ਪਵਾਰ ਦੇ ਘਰ ’ਤੇ ਹਮਲਾ: ਵਕੀਲ ਸਣੇ 110 ਨੂੰ ਹਿਰਾਸਤ ਵਿੱਚ ਲਿਆ

ਮੁੰਬਈ, (ਸਮਾਜ ਵੀਕਲੀ):  ਮੁੰਬਈ ਦੀ ਇੱਕ ਅਦਾਲਤ ਨੇ ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ) ਪ੍ਰਧਾਨ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਮਐੱਸਆਰਟੀਸੀ) ਮੁਲਾਜ਼ਮਾਂ ਦੇ ਵਕੀਲ ਐਡਵੋਕੇਟ ਗੁਨਰਤਨ ਸਦਵਰਤੇ ਨੂੰ ਅੱਜ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਹ 11 ਅਪਰੈਲ ਤੱਕ ਪੁਲੀਸ ਹਿਰਾਸਤ ਵਿੱਚ ਰਹੇਗਾ। ਇਸ ਤੋਂ ਇਲਾਵਾ ਟਰਾਂਸਪੋਰਟ ਕਾਰਪੋਰੇਸ਼ਨ ਦੇ 109 ਹੋਰ ਕਾਮਿਆਂ ਨੂੰ ਇਸੇ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਉਹ ਜ਼ਮਾਨਤ ਲਈ ਅਰਜ਼ੀ ਦੇ ਸਕਦੇ ਹਨ। ਸਦਵਰਤੇ ’ਤੇ ਐੱਨਸੀਪੀ ਮੁਖੀ ਪਵਾਰ ਦੇ ਘਰ ’ਤੇ ਦੋ ਦਿਨ ਪਹਿਲਾਂ ਹੋਏ ਹਮਲੇ ਲਈ ਮੁਲਾਜ਼ਮਾਂ ਨੂੰ ਭੜਕਾਉਣ ਦਾ ਦੋਸ਼ ਹੈ।

ਉਧਰ, ਮਹਾਰਾਸ਼ਟਰ ਦੀ ਸੱਤਾਧਾਰੀ ਸ਼ਿਵ ਸੈਨਾ ਨੇ ਸਿੱਧਾ ਦੋਸ਼ ਲਾਇਆ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਘਰ ’ਤੇ ਹੋਏ ਹਮਲੇ ਦੀ ਸਾਜ਼ਿਸ਼ ਵਿਰੋਧੀ ਧਿਰ ਭਾਜਪਾ ਨੇ ਘੜੀ ਸੀ। ਜਦੋਂਕਿ ਇੱਕ ਮੰਤਰੀ ਨੇ ਕਿਹਾ ਕਿ ਸੀਨੀਅਰ ਆਗੂ ਸ਼ਰਦ ਪਵਾਰ ਅਤੇ ਉਸ ਦੇ ਪਰਿਵਾਰ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਇਹ ਯੋਜਨਾ ਬਣਾਈ ਗਈ ਸੀ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਹਾਊਸਿੰਗ ਮੰਤਰੀ ਡਾ. ਜਤਿੰਦਰ ਅਵਦ ਨੇ ਦਾਅਵਾ ਕੀਤਾ ਕਿ ਇਸ ਹਮਲੇ ਦਾ ਮਕਸਦ ਪਾਵਰ, ਉਨ੍ਹਾਂ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ‘ਸਰੀਰਕ ਨੁਕਸਾਨ’ ਪਹੁੰਚਾਉਣਾ ਸੀ, ਜੋ ਉਸ ਸਮੇਂ ਆਪਣੇ ਸਿਲਵਰ ਓਕਸ ਬੰਗਲੇ ਵਿੱਚ ਮੌਜੂਦ ਸਨ। ਐੱਨਸੀਪੀ ਦੇ ਸੂਬਾਈ ਬੁਲਾਰੇ ਮਹੇਸ਼ ਤਾਪਸੀ ਨੇ ਕਿਹਾ ਕਿ ਇਹ ਹਮਲਾ ਯੋਜਨਾਬੱਧ ਤੇ ਸਿਆਸਤ ਤੋਂ ਪ੍ਰੇਰਿਤ ਸੀ। ਇਹ ਸਾਜ਼ਿਸ਼ ਸਰਕਾਰ ਨੂੰ ਅਸਥਿਰ ਕਰਨ ਦੇ ਮਕਸਦ ਨਾਲ ਘੜੀ ਗਈ ਸੀ।

ਪਵਾਰ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਸੰਸਦ ਮੈਂਬਰ ਅਤੇ ਮੁੱਖ ਬੁਲਾਰੇ ਸੰਜੈ ਰਾਊਤ ਨੇ ਕਿਹਾ ਕਿ ਸੰਘਰਸ਼ ਕਰ ਰਹੇ ਟਰਾਂਸਪੋਰਟ ਕਾਮਿਆਂ ਦਾ ਸ਼ੁੱਕਰਵਾਰ ਨੂੰ ਕੋਈ ਪ੍ਰਦਰਸ਼ਨ ਨਹੀਂ ਸੀ, ਪਰ ਐੱਨਸੀਪੀ ਆਗੂ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ ’ਤੇ ‘ਯੋਜਨਾਬੱਧ ਢੰਗ ਨਾਲ ਹਮਲਾ’ ਕੀਤਾ ਗਿਆ। ਮੁੰਬਈ ਪੁਲੀਸ ਨੇ ਇਸ ਘਟਨਾ ਮਗਰੋਂ ਮੁੱਖ ਮੰਤਰੀ ਊਧਵ ਠਾਕਰੇ, ਡਿਪਟੀ ਉਪ ਮੁੱਖ ਮੰਤਰੀ ਅਜੀਤ ਪਵਾਰ, ਟਰਾਂਸਪੋਰਟ ਮੰਤਰੀ ਅਨਿਲ ਪਰਬ ਅਤੇ ਪਵਾਰ ਦੇ ਪਰਿਵਾਰ ਸਣੇ ਹੋਰ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਨਾਟਕ ਵਿੱਚ ਸਿਧਾਰਮੱਈਆ ਤੇ 63 ਹੋਰਾਂ ਨੂੰ ਮੌਤ ਦੀ ਧਮਕੀ
Next articleਇਹਤਿਆਤੀ ਡੋਜ਼ ਵੀ ਪਹਿਲਾਂ ਲਈ ਵੈਕਸੀਨ ਦੀ ਹੀ ਹੋਵੇਗੀ