ਹਿਜਾਬ ਵਿਵਾਦ ’ਤੇ ਅਲ ਕਾਇਦਾ ਮੁਖੀ ਨੇ ਭਾਰਤ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ (ਸਮਾਜ ਵੀਕਲੀ):  ਅਲ ਕਾਇਦਾ ਮੁਖੀ ਆਇਮਨ ਅਲ-ਜ਼ਵਾਹਰੀ ਨੇ ਕਰਨਾਟਕ ਦੇ ਹਿਜਾਬ ਵਿਵਾਦ ਦੀ ਵਰਤੋਂ ਭਾਰਤ ’ਚ ਜਮਹੂਰੀਅਤ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਮੁਸਲਮਾਨਾਂ ਨੂੰ ਕਾਫ਼ਰ ਹਿੰਦੂ ਜਮਹੂਰੀਅਤ ਦੇ ਛਲ ਤੋਂ ਬਚਣਾ’ ਚਾਹੀਦਾ ਹੈ। ਦਹਿਸ਼ਤੀ ਜਥੇਬੰਦੀ ਵੱਲੋਂ ਆਨਲਾਈਨ ਜਾਰੀ 8.43 ਮਿੰਟ ਦੇ ਵੀਡੀਓ ਕਲਿੱਪ ਦੀ ਅਮਰੀਕੀ ਸਾਈਟ ਇੰਟੈਲੀਜੈਂਸ ਗਰੁੱਪ ਨੇ ਤਸਦੀਕ ਕੀਤੀ ਹੈ। ਜ਼ਵਾਹਰੀ ਨੇ ਕਰਨਾਟਕ ਦੀ ਕਾਲਜ ਵਿਦਿਆਰਥਣ ਮੁਸਕਾਨ ਖ਼ਾਨ ਦੀ ਵੀ ਸ਼ਲਾਘਾ ਕੀਤੀ ਹੈ ਜੋ ਫਰਵਰੀ ’ਚ ਆਪਣੇ ਕਾਲਜ ’ਚ ਹਿਜਾਬ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਗੁੱਟ ਸਾਹਮਣੇ ਡਟ ਕੇ ਖੜ੍ਹੀ ਹੋ ਗਈ ਸੀ। ਅਰਬੀ ਭਾਸ਼ਾ ਵਾਲੇ ਵੀਡੀਓ ਕਲਿੱਪ ਦਾ ਸਾਈਟ ਇੰਟੈਲੀਜੈਂਸ ਗਰੁੱਪ ਨੇ ਅੰਗਰੇਜ਼ੀ ’ਚ ਤਰਜਮਾ ਕੀਤਾ ਹੈ।

ਜ਼ਵਾਹਰੀ ਨੇ ਇਕ ਕਵਿਤਾ ਵੀ ਪੜ੍ਹੀ ਹੈ ਜਿਸ ਨੂੰ ਉਸ ਨੇ ਉਚੇਚੇ ਤੌਰ ’ਤੇ ‘ਸਾਡੀ ਮੁਜਾਹਿਦ ਭੈਣ’ ਅਤੇ ਉਸ ਦੇ ‘ਬਹਾਦਰੀ ਵਾਲੇ ਕਾਰਨਾਮੇ’ ਲਈ ਲਿਖਿਆ ਹੈ। ਅਲ ਕਾਇਦਾ ਮੁਖੀ ਨੇ ਵੀਡੀਓ ’ਚ ਕਿਹਾ,‘‘ਹਿੰਦੂ ਭਾਰਤ ਅਤੇ ਕਾਫ਼ਰ ਲੋਕਤੰਤਰ ਦੇ ਛਲ ਦੀ ਹਕੀਕਤ ਦਾ ਪਰਦਾਫਾਸ਼ ਕਰਨ ਲਈ ਅੱਲ੍ਹਾ ਉਸ ਨੂੰ ਇਨਾਮ ਦੇਵੇ।’’ ਜ਼ਵਾਹਰੀ ਦਾ ਇਹ ਵੀਡੀਓ ਆਉਣ ਨਾਲ ਉਸ ਦੀ ਮੌਤ ਬਾਰੇ ਜਤਾਏ ਜਾ ਰਹੇ ਖ਼ਦਸ਼ੇ ਵੀ ਖ਼ਤਮ ਹੋ ਗਏ ਹਨ। ਦੁਨੀਆ ਦੇ ਸਭ ਤੋਂ ਲੋੜੀਂਦੇ ਦਹਿਸ਼ਤਗਰਦਾਂ ’ਚੋਂ ਇਕ ਜ਼ਵਾਹਰੀ ਦਾ ਵੀਡੀਓ ਹਿਜਾਬ ਵਿਵਾਦ ’ਤੇ ਕੇਂਦਰਤ ਹੈ। ਉਸ ਨੇ ਕਿਹਾ ਕਿ ਕਾਫ਼ਰ ਹਿੰਦੂ ਜਮਹੂਰੀਅਤ ਮੁਸਲਮਾਨਾਂ ਨੂੰ ਦਬਾਉਣ ਦੇ ਸੰਦ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ।

ਹਿੰਦ ਮਹਾਂਦੀਪ ਦੇ ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ ਕਿ ਉਹ ਇਹ ਗੱਲ ਸਮਝਣ ਕਿ ਹਕੀਕੀ ਦੁਨੀਆ ’ਚ ‘ਮਨੁੱਖੀ ਅਧਿਕਾਰ’ ਜਾਂ ‘ਸੰਵਿਧਾਨ ਜਾਂ ਕਾਨੂੰਨ ਦੇ ਸਤਿਕਾਰ’ ਜਿਹੀ ਕੋਈ ਚੀਜ਼ ਨਹੀਂ ਹੈ। ‘ਇਹ ਬਿਲਕੁਲ ਉਹੋ ਛਲ ਵਾਲੀ ਯੋਜਨਾ ਹੈ ਜੋ ਪੱਛਮ ਨੇ ਸਾਡੇ ਖ਼ਿਲਾਫ਼ ਵਰਤੀ ਸੀ। ਇਸ ਦੀ ਸਚਾਈ ਉਸ ਸਮੇਂ ਸਾਹਮਣੇ ਆ ਗਈ ਸੀ ਜਦੋਂ ਫਰਾਂਸ, ਹਾਲੈਂਡ ਅਤੇ ਸਵਿਟਜ਼ਰਲੈਂਡ ਵੱਲੋਂ ਜਨਤਕ ਤੌਰ ’ਤੇ ਨੰਗੇਜ਼ ਦੀ ਇਜਾਜ਼ਤ ਦੇ ਕੇ ਹਿਜਾਬ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।’ ਜ਼ਵਾਹਰੀ ਨੇ ਕਿਹਾ ਕਿ ਇਸਲਾਮ ਦੇ ਦੁਸ਼ਮਣ ਇਕੋ ਜਿਹੇ ਹਨ ਜੋ ਹਿਜਾਬ ਨੂੰ ਬਦਨਾਮ ਕਰਕੇ ਇਸਲਾਮਿਕ ਸ਼ਰੀਅਤ ’ਤੇ ਹਮਲਾ ਕਰਦੇ ਹਨ।

‘ਇਹ ਇਸਲਾਮ, ਉਸ ਦੇ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਕਾਨੂੰਨਾਂ ਖ਼ਿਲਾਫ਼ ਜੰਗ ਹੈ। ਚੀਨ ਤੋਂ ਲੈ ਕੇ ਇਸਲਾਮਿਕ ਮਗਰਿਬ ਅਤੇ ਕੌਕਸ ਤੋਂ ਸੋਮਾਲੀਆ ਤੱਕ ਮੁਸਲਮਾਨਾਂ ਦੀ ਏਕਤਾ ਦਾ ਸੱਦਾ ਦਿੰਦਿਆਂ ਉਸ ਨੇ ਕਿਹਾ ਕਿ ਸਾਰਿਆਂ ਨੂੰ ਅੱਲ੍ਹਾ ’ਤੇ ਯਕੀਨ ਕਰਨਾ ਚਾਹੀਦਾ ਹੈ ਅਤੇ ਉਹ ਇਕ-ਦੂਜੇ ਨੂੰ ਪੂਰਾ ਸਹਿਯੋਗ ਦੇਣ। ਉਸ ਨੇ ਕਿਹਾ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਮੁਸਲਮਾਨਾਂ ’ਤੇ ਥੋਪੀਆਂ ਗਈਆਂ ਸਰਕਾਰਾਂ ਉਨ੍ਹਾਂ ਦੀ ਰਾਖੀ ਲਈ ਨਹੀਂ ਹਨ ਸਗੋਂ ਉਹ ਦੁਸ਼ਮਣਾਂ ਦਾ ਬਚਾਅ ਕਰਦੀਆਂ ਹਨ ਜਿਨ੍ਹਾਂ ਨੂੰ ਮੁਸਲਮਾਨਾਂ ਖ਼ਿਲਾਫ਼ ਲੜਨ ਦੀ ਤਾਕਤ ਦਿੱਤੀ ਗਈ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਯੂਨੀਵਰਸਿਟੀ ਸਾਹਮਣੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
Next articleਹਿਜਾਬ ਵਿਵਾਦ ਪਿੱਛੇ ‘ਅਦ੍ਰਿਸ਼ ਤਾਕਤਾਂ ਦਾ ਹੱਥ’: ਕਰਨਾਟਕ ਮੰਤਰੀ