ਨਵੀਂ ਦਿੱਲੀ (ਸਮਾਜ ਵੀਕਲੀ): ਲੋਕ ਸਭਾ ਨੇ ਵਿਆਪਕ ਤਬਾਹੀ ਦੇ ਹਥਿਆਰਾਂ ਅਤੇ ਉਨ੍ਹਾਂ ਦੀ ਡਿਲੀਵਰੀ ਪ੍ਰਣਾਲੀ (ਗ਼ੈਰਕਾਨੂੰਨੀ ਸਰਗਰਮੀਆਂ ’ਤੇ ਪਾਬੰਦੀ) ਸੋਧ ਬਿੱਲ ਅੱਜ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਇਸ ਨਾਲ ਸਮੂਹਿਕ ਤਬਾਹੀ ਦੇ ਹਥਿਆਰਾਂ ਦੀ ਫੰਡਿੰਗ ’ਤੇ ਪਾਬੰਦੀ ਲੱਗ ਸਕੇਗੀ ਅਤੇ ਅਜਿਹੀਆਂ ਕਾਰਵਾਈਆਂ ’ਚ ਲੱਗੇ ਲੋਕਾਂ ਦੇ ਅਸਾਸੇ ਜ਼ਬਤ ਕੀਤੇ ਜਾ ਸਕਣਗੇ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਇਸ ਸੋਧ ਬਿੱਲ ਦੇ ਪਾਸ ਹੋਣ ਨਾਲ ਦੇਸ਼ ਦੀ ਸੁਰੱਖਿਆ ਅਤੇ ਆਲਮੀ ਪੁਜ਼ੀਸ਼ਨ ਮਜ਼ਬੂਤ ਹੋਵੇਗੀ। ਉਨ੍ਹਾਂ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਕੁਝ ਅਜਿਹੇ ਮੁਲਕ ਹਨ ਜੋ ਵਿੱਤੀ ਕਾਰਵਾਈ ਕਾਰਜ ਬਲ (ਐੱਫਏਟੀਐੱਫ) ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ ਅਤੇ ਉਨ੍ਹਾਂ ਦੇ ਇਰਾਦਿਆਂ ’ਤੇ ਲਗਾਮ ਲੱਗੇਗੀ।
ਸੰਸਦ ਵੱਲੋਂ ਕ੍ਰਿਮੀਨਲ ਪ੍ਰੋਸੀਜਰ ਬਿੱਲ ਪਾਸ: ਉਧਰ ਰਾਜ ਸਭਾ ’ਚ ਕ੍ਰਿਮੀਨਲ ਪ੍ਰੋਸੀਜਰ (ਆਇਡੈਂਟੀਫਿਕੇਸ਼ਨ) ਬਿੱਲ ਪਾਸ ਹੋ ਗਿਆ ਹੈ। ਇਸ ਨਾਲ ਜਾਂਚਕਾਰਾਂ ਨੂੰ ਦੋਸ਼ੀਆਂ ਅਤੇ ਹੋਰ ਵਿਅਕਤੀਆਂ ਦੀ ਵਿਸ਼ੇਸ਼ ਸੂਚਨਾ ਇਕੱਤਰ ਕਰਨ ’ਚ ਸਹਾਇਤਾ ਮਿਲੇਗੀ। ਇਹ ਬਿੱਲ ਲੋਕ ਸਭਾ ਵੱਲੋਂ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਦੇ ਖਦਸ਼ਿਆਂ ਨੂੰ ਦੂਰ ਕਰਦਿਆਂ ਕਿਹਾ ਕਿ ਜੇਕਰ ਕਿਸੇ ਪ੍ਰਦਰਸ਼ਨ ’ਚ ਸ਼ਮੂਲੀਅਤ ਕਾਰਨ ਸਿਆਸੀ ਆਗੂ ਹਿਰਾਸਤ ’ਚ ਲਏ ਜਾਂਦੇ ਹਨ ਤਾਂ ਉਨ੍ਹਾਂ ਦੇ ਬਾਇਓਮੀਟਰਿਕ ਡੇਟਾ ਇਕੱਤਰ ਨਹੀਂ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਦੀ ਨਿੱਜਤਾ ਦੀ ਉਲੰਘਣਾ ਨਹੀਂ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly