ਕਾਂਗਰਸ ਲਈ ਆਉਣ ਵਾਲਾ ਸਮਾਂ ਵੱਧ ਚੁਣੌਤੀਪੂਰਨ: ਸੋਨੀਆ

 

  • ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਲਾਏ ਦੋਸ਼

ਨਵੀਂ ਦਿੱਲੀ  (ਸਮਾਜ ਵੀਕਲੀ):  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਗਠਨ ਅੰਦਰ ਸਾਰੇ ਪੱਧਰਾਂ ’ਤੇ ਇਕਜੁੱਟਤਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਅੱਜ ਕਿਹਾ ਕਿ ਪਾਰਟੀ ਲਈ ਅੱਗੇ ਦਾ ਰਾਹ ਪਹਿਲਾਂ ਨਾਲੋਂ ਵੀ ਵੱਧ ਚੁਣੌਤੀਪੂਰਨ ਅਤੇ ਪਾਰਟੀ ਵਰਕਰਾਂ ਦੇ ਮੁੜ ਉਭਰਨ ਦੇ ਜੋਸ਼ ਦੀ ਵੱਡੀ ਪਰਖ ਹੈ। ਕਾਂਗਰਸ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਗਾਂਧੀ ਨੇ ਭਾਜਪਾ ਨੂੰ ਵੀ ਭੰਡਿਆ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦਾ ‘ਵੰਡੀਆਂ ਪਾਉਣ ਵਾਲਾ ਏਜੰਡਾ’ ਸਾਰੇ ਰਾਜਾਂ ਵਿੱਚ ਸਿਆਸੀ ਭਾਸ਼ਣਾਂ ਦਾ ਨਿਯਮਤ ਮੁਹਾਂਦਰਾ ਬਣ ਗਿਆ ਹੈ। ਏਜੰਡੇ ਨੂੰ ਹਵਾ ਦੇਣ ਲਈ ਇਤਿਹਾਸ ਨੂੰ ‘ਤੋੜ-ਮਰੋੜ’ ਕੇ ਪੇਸ਼ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਤੇ ਕਈ ਹੋਰ ਸੰਸਦ ਮੈਂਬਰ ਸ਼ਾਮਲ ਸਨ।

ਹਾਲੀਆ ਅਸੈਂਬਲੀ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਦੇ ਹਵਾਲੇ ਨਾਲ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ‘ਤੁਸੀਂ ਕਿੰਨੇ ਨਿਰਾਸ਼ ਹੋ’ ਕਿਉਂਕਿ ਉਨ੍ਹਾਂ ਨੂੰ ‘ਝਟਕਾ ਵੀ ਲੱਗਾ ਹੈ ਤੇ ਪੀੜ ਵੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਸੀ, ਤੇ ਉਸ ਦੌਰਾਨ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਤੌਰ ਤਰੀਕਿਆਂ ਬਾਰੇ ਕਈ ਸੁਝਾਅ ਵੀ ਮਿਲੇ। ਇਨ੍ਹਾਂ ਵਿੱਚੋਂ ਕਈ ਢੁਕਵੇਂ ਸਨ, ਜਿਨ੍ਹਾਂ ’ਤੇ ਪਾਰਟੀ ਕੰਮ ਕਰ ਰਹੀ ਹੈ। ਸ੍ਰੀਮਤੀ ਗਾਂਧੀ ਨੇ ਜ਼ੋਰ ਦੇ ਕੇ ਆਖਿਆ ਕਿ ‘ਸ਼ਿਵਿਰ’ ਲਾਉਣੇ ਵੀ ਬਹੁਤ ਜ਼ਰੂਰੀ ਹਨ ਕਿਉਂਕਿ ਇਸ ਵਿੱਚ ਵੱਡੀ ਗਿਣਤੀ ਸਾਥੀਆਂ ਤੇ ਪਾਰਟੀ ਨੁਮਾਇੰਦਿਆਂ ਦੇ ਵਿਚਾਰ ਸੁਣੇ ਜਾਣਗੇ ਤੇ ਉਹ ਭਵਿੱਖੀ ਚੁਣੌਤੀਆਂ ਨੂੰ ਪਾਰ ਪਾਉਣ ਲਈ ਅੱਗੇ ਦੇ ਰੋਡਮੈਪ ਵਿੱਚ ਯੋਗਦਾਨ ਪਾਉਣਗੇ। ਪਾਰਟੀ ਪ੍ਰਧਾਨ ਨੇ ਕਿਹਾ, ‘‘ਸਾਡਾ ਪੁਨਰਜੀਵਨ, ਸਾਡੇ ’ਕੱਲਿਆਂ ਲਈ ਅਹਿਮ ਮੁੱਦਾ ਨਹੀਂ ਹੈ। ਅਸਲ ਵਿੱਚ ਇਹ ਸਾਡੀ ਜਮਹੂਰੀਅਤ ਤੇ ਸਾਡੇ ਸਮਾਜ ਲਈ ਵੀ ਓਨਾ ਹੀ ਜ਼ਰੂਰੀ ਤੱਤ ਹੈ।’

ਸੋਨੀਆ ਗਾਂਧੀ ਨੇ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਦੀ ‘ਬੇਯਕੀਨੀ ਵਾਲੀ ਹਾਲਤ’ ਉੱਤੇ ਵੀ ਫ਼ਿਕਰਮੰਦੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਹੋਣਗੇ। ਉਨ੍ਹਾਂ ਰਸੋਈ ਗੈਸ, ਤੇਲ, ਪੈਟਰੋਲ, ਡੀਜ਼ਲ, ਖਾਦਾਂ ਤੇ ਹੋਰ ਜ਼ਰੂਰੀ ਵਸਤਾਂ ਦੇ ਅਸਮਾਨੀ ਪੁੱਜੇ ਭਾਅ ਦੇ ਹਵਾਲੇ ਨਾਲ ਕਿਹਾ ਕਿ ਦੇਸ਼ਵਿਆਪੀ ‘ਮਹਿੰਗਾਈ-ਮੁਕਤ ਭਾਰਤ’ ਮੁਹਿੰਮ ਨੂੰ ਜਾਰੀ ਰੱਖਿਆ ਜਾਵੇ। ਪਾਰਟੀ ਪ੍ਰਧਾਨ ਨੇ ਸਰਕਾਰ ’ਤੇ ਵਿਰੋਧੀ ਧਿਰ ਦੇ ਆਗੂਆਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰੀ ਮਸ਼ੀਨਰੀ ਨੂੰ ਹੱਥ ਧੋ ਕੇ ਉਨ੍ਹਾਂ ਦੇ ਮਗਰ ਲਾ ਦਿੱਤਾ ਗਿਆ ਹੈ। ਉਨ੍ਹਾਂ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦਾ ਮੁੱਦਾ ਵੀ ਰੱਖਿਆ। ਉਨ੍ਹਾਂ ਰਾਜ ਸਭਾ ਤੋਂ ਸੇਵਾਮੁਕਤ ਹੋਏ ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਮਰਾਨ ਨੂੰ ਅਮਰੀਕਾ ਦਾ ‘ਕਹਿਣਾ ਨਾ ਮੰਨਣ’ ਦੀ ਕੀਮਤ ਤਾਰਨੀ ਪਈ: ਰੂਸ
Next articleਪ੍ਰਧਾਨ ਮੰਤਰੀ ਵੱਲੋਂ ਭਾਜਪਾ ਸੰਸਦ ਮੈਂਬਰਾਂ ਨੂੰ ‘ਸੇਵਾ’ ਪ੍ਰਤੀ ਸਮਰਪਿਤ ਹੋਣ ਦੀ ਅਪੀਲ