ਰੂਸ ਨੇ ਯੂਰੋਪ ਦੀ ਸੁਰੱਖਿਆ ਤੇ ਅਮਨ ਉਪਰ ਕੀਤਾ ਹਮਲਾ: ਬਾਇਡਨ

US President Joe Biden

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰੂਸ ਵੱਲੋਂ ਯੂਕਰੇਨ ’ਤੇ ਹਮਲਾ ਸਿਰਫ਼ ਉਸ ਦੇਸ਼ ’ਤੇ ਕੀਤਾ ਗਿਆ ਹਮਲਾ ਹੀ ਨਹੀਂ ਹੈ ਬਲਕਿ ਇਹ ਯੂਰੋਪ ਦੀ ਸੁਰੱਖਿਆ ਅਤੇ ਆਲਮੀ ਸ਼ਾਂਤੀ ’ਤੇ ਵੀ ਹਮਲਾ ਹੈ। ਉਨ੍ਹਾਂ ਨੇ ਪੂਰਬੀ ਯੂਰੋਪੀ ਦੇਸ਼ ਖ਼ਿਲਾਫ਼ ਰੂਸ ਦਾ ਹਮਲਾਵਰ ਰੁਖ ਵਧਣ ਦੌਰਾਨ ‘ਨਾਟੋ’ ਦੇ ਸਹਿਯੋਗੀ ਦੇਸ਼ਾਂ ਦੀ ਸੁਰੱਖਿਆ ਪ੍ਰਤੀ ਅਮਰੀਕਾ ਦੀ ਪ੍ਰਤੀਬੱਧਤਾ ਨੂੰ ਵੀ ਉਭਾਰਿਆ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਫਿਨਲੈਂਡ ਦੇ ਆਪਣੇ ਹਮਰੁਤਬਾ ਸਾਓਲੀ ਨਿਨਸਤੋ ਨਾਲ ਦੁਵੱਲੀ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਦੋਵੇਂ ਦੇਸ਼ ਕੁਝ ਵਕਤ ਤੋਂ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਦੋਵਾਂ ਦੇਸ਼ਾਂ ਨੇ ਮਿਲ ਕੇ ਰੂਸੀਆਂ ਖ਼ਿਲਾਫ਼ ਪ੍ਰਤੀਕਿਰਿਆ ਦਿੱਤੀ ਹੈ ਅਤੇ ਯੂਕਰੇਨ ਖ਼ਿਲਾਫ਼ ਬੇਵਜ੍ਹਾ ਅਤੇ ਉਕਸਾਊ ਹਮਲੇ ਲਈ ਰੂਸ ਦੀ ਜਵਾਬਦੇਹੀ ਤੈਅ ਕਰ ਰਹੇ ਹਨ। ਬਾਇਡਨ ਨੇ ਕਿਹਾ, ‘‘ਅਤੇ, ਅਸੀਂ ਸਹਿਮਤ ਹਾਂ ਕਿ ਇਹ ਸਿਰਫ ਯੂਕਰੇਨ ’ਤੇ ਹਮਲਾ ਨਹੀਂ ਹੈ, ਬਲਕਿ ਯੂਰੋਪ ਦੀ ਸੁਰੱਖਿਆ ਅਤੇ ਆਲਮੀ ਸ਼ਾਂਤੀ ਅਤੇ ਸਥਿਰਤਾ ’ਤੇ ਵੀ ਹਮਲਾ ਹੈ।’’

ਵ੍ਹਾਈਟ ਹਾਊਸ ਨੇ ਮੀਟਿੰਗ ਬਾਰੇ ਕਿਹਾ ਕਿ ਬਾਇਡਨ ਅਤੇ ਨਿਨਸਤੋ ਵੱਲੋਂ ਦੁਵੱਲੇ ਸਬੰਧ ਮਜ਼ਬੂਤ ਕਰਨ ਅਤੇ ਉੱਤਰੀ ਯੂਰੋਪ ਵਿੱਚ ਰੱਖਿਆ ਸਹਿਯੋਗ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ ਗਈ ਹੈ। ਦੋਵਾਂ ਨੇਤਾਵਾਂ ਨੇ ਰੂਸ ’ਤੇ ਪਾਬੰਦੀਆਂ ਸਬੰਧੀ ਚੱਲ ਰਹੇ ਤਾਲਮੇਲ ਅਤੇ ਆਪੋ ਆਪਣੇ ਦੇਸ਼ਾਂ ਵੱਲੋਂ ਯੂਕਰੇਨ ਨੂੰ ਸੁਰੱਖਿਆ ਅਤੇ ਮਨੁੱਖੀ ਮਦਦ ਮੁਹੱਈਆ ਕਰਵਾਉਣ ਬਾਰੇ ਵੀ ਚਰਚਾ ਕੀਤੀ। ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵੱਲੋਂ ਨਾਟੋ ਦੀ ‘ਓਪਨ ਡੋਰ ਨੀਤੀ’ ਦੀ ਅਹਿਮੀਅਤ ’ਤੇ ਚਰਚਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼ੁੁੱਕਰਵਾਰ ਸਵੇਰੇ ਬਾਇਡਨ ਵੱਲੋਂ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਡੂਡਾ ਨਾਲ ਵੀ ਯੂਕਰੇਨ ’ਤੇ ਰੂਸ ਦੇ ਹਮਲੇ ਸਣੇ ਹੋਰ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਵੱਲੋਂ 10 ਹਜ਼ਾਰ ਰੂਸੀ ਸੈਨਿਕ ਮਾਰਨ ਦਾ ਦਾਅਵਾ
Next articleਬੀਬੀਐੱਮਬੀ ਮੁੱਦੇ ਉਤੇ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ