ਪ੍ਰਧਾਨ ਮੰਤਰੀ ਵੱਲੋਂ ਭਾਜਪਾ ਸੰਸਦ ਮੈਂਬਰਾਂ ਨੂੰ ‘ਸੇਵਾ’ ਪ੍ਰਤੀ ਸਮਰਪਿਤ ਹੋਣ ਦੀ ਅਪੀਲ

ਨਵੀਂ ਦਿੱਲੀ(ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸਥਾਪਨਾ ਦਿਵਸ ਦੀ ਪੂਰਬਲੀ ਸੰਧਿਆ ਮੌਕੇ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ ‘ਸੇਵਾ’ ਪ੍ਰਤੀ ਸਮਰਪਿਤ ਹੋਣ ਦੀ ਅਪੀਲ ਕੀਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਗਲੇ 14 ਦਿਨਾਂ ਲਈ     ਸੰਸਦ ਮੈਂਬਰਾਂ ਵਾਸਤੇ ਤਫ਼ਸੀਲੀ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਇਸ ਪੂਰੇ ਅਮਲ ਦੌਰਾਨ ਸੰਸਦ ਮੈਂਬਰਾਂ ਨੂੰ ਰੋਜ਼ਾਨਾ ਕੋਈ ਨਾ ਕੋਈ ਟੀਚਾ ਦਿੱਤਾ ਜਾਵੇਗਾ। ਇਸੇ ਲੜੀ ਵਿੱਚ 7      ਅਪਰੈਲ ਤੋਂ ‘ਸਮਾਜਿਕ ਨਿਆਏ ਪਖਵਾੜਾ’ ਸ਼ੁਰੂ ਹੋਵੇਗਾ।

ਪਾਰਟੀ ਦੇ ਸਥਾਪਨਾ ਦਿਵਸ ਤੋਂ ਪਹਿਲਾਂ ਅੱਜ ਭਾਜਪਾ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸਰਕਾਰ ਦੀਆਂ ਕਈ ਭਲਾਈ ਸਕੀਮਾਂ ਦਾ ਹਵਾਲਾ ਦਿੱਤਾ, ਜੋ ਸਮਾਜ ਦੇ ਵੱਖ ਵੱਖ ਵਰਗਾਂ ਲਈ ਹਨ। ਉਨ੍ਹਾਂ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਇਨ੍ਹਾਂ ਸਕੀਮਾਂ ਦੀ ਤਫਸੀਲ ਨਾਲ ਲੋਕ ਤੱਕ ਰਸਾਈ ਕਰਨ। ਸ੍ਰੀ ਮੋਦੀ ਭਲਕੇ ਸਥਾਪਨਾ ਦਿਵਸ ਮੌਕੇ ਭਾਜਪਾ ਮੈਂਬਰਾਂ ਨੂੰ ਵਰਚੁਅਲੀ ਵੀ ਸੰਬੋਧਨ ਕਰਨਗੇ। ਮੀਟਿੰਗ ਦੌਰਾਨ ਉੱਤਰ-ਪੂਰਬ, ਜਿੱਥੇ ਭਾਜਪਾ ਨੇ ਆਪਣੇ ਦਮ ’ਤੇ ਸਰਕਾਰ ਬਣਾਈ ਹੈ ਜਾਂ ਫਿਰ ਉਹ ਸਰਕਾਰ ਦਾ ਹਿੱਸਾ ਹੈ, ਵਿੱਚ ਪਾਰਟੀ ਦੀ ਚੜ੍ਹਤ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ। ਮੀਟਿੰਗ ਵਿੱਚ ਨਾਗਾਲੈਂਡ ਦੀ ਪਹਿਲੀ ਮਹਿਲਾ ਸੰਸਦ ਮੈਂਬਰ ਵੀ ਮੌਜੂਦ ਰਹੀ। ਸੂਤਰਾਂ ਨੇ ਕਿਹਾ ਕਿ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਮੈਂਬਰਾਂ ਨੂੰ ਦੱਸਿਆ ਕਿ ਪਾਰਟੀ ਨੇ ਪਹਿਲੀ ਵਾਰ ਰਾਜ ਸਭਾ ਵਿੱਚ 100 ਸੰਸਦ ਮੈਂਬਰਾਂ ਦੇ ਮਾਅਰਕੇ ਨੂੰ ਪ੍ਰਾਪਤ ਕਰ ਲਿਆ ਹੈ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਪੂਰੀ ਸਰਗਰਮੀ ਨਾਲ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ। ਇਸ ਦੌਰਾਨ ਸੰਸਦ ਮੈਂਬਰਾਂ ਨੂੰ ਪਾਰਟੀ ਦੇ ਨਾਂ ਜਾਂ ਨਿਸ਼ਾਨ ਵਾਲੀਆਂ ਸੰਤਰੀ ਟੋਪੀਆਂ ਵੀ ਦਿੱਤੀਆਂ ਗਈਆਂ। ਅਗਲੇ ਦੋ ਹਫ਼ਤਿਆਂ ਦੇ ਪ੍ਰੋਗਰਾਮ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਪੜਾਅ ਵਾਰ ‘ਆਯੂਸ਼ਮਾਨ ਭਾਰਤ’, ‘ਜਨਔਸ਼ਧੀ ਕੇਂਦਰ’, ਗਰੀਬਾਂ ਲਈ ਮਕਾਨ, ਹਰ ਘਰ ਤੱਕ ਪੀਣਯੋਗ ਪਾਣੀ, ਕੋਵਿਡ ਟੀਕਾਕਰਨ ਪ੍ਰੋਗਰਾਮ, ਮੁਫ਼ਤ ਅਨਾਜ ਸਕੀਮ, ਪੋਸ਼ਣ ਪ੍ਰੋਗਰਾਮ ਆਦਿ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਲਈ ਆਉਣ ਵਾਲਾ ਸਮਾਂ ਵੱਧ ਚੁਣੌਤੀਪੂਰਨ: ਸੋਨੀਆ
Next articleਦਿੱਲੀ ਦੇ ਤਿੰਨ ਨਗਰ ਨਿਗਮਾਂ ਦੇ ਰਲੇਵੇਂ