ਸ੍ਰੀਲੰਕਾ: ਰਾਜਪਕਸੇ ਦੀ ਸੱਤਾ ਉਤੇ ਪਕੜ ਕਮਜ਼ੋਰ ਹੋਈ

 

  • ਨਵ-ਨਿਯੁਕਤ ਵਿੱਤ ਮੰਤਰੀ ਨੇ ਵੀ ਦਿੱਤਾ ਅਸਤੀਫ਼ਾ

ਕੋਲੰਬੋ (ਸਮਾਜ ਵੀਕਲੀ):  ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਦੀ ਅਗਵਾਈ ਵਾਲੇ ਸ੍ਰੀਲੰਕਾ ਦੇ ਸੱਤਾਧਾਰੀ ਗੱਠਜੋੜ ਦੀਆਂ ਮੁਸ਼ਕਲਾਂ ਅੱਜ ਉਦੋਂ ਹੋਰ ਵੱਧ ਗਈਆਂ ਜਦ ਨਵ-ਨਿਯੁਕਤ ਵਿੱਤ ਮੰਤਰੀ ਅਲੀ ਸਾਬਰੀ ਨੇ ਅਸਤੀਫ਼ਾ ਦੇ ਦਿੱਤਾ। ਸਾਬਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੀ ਅਗਵਾਈ ਵਾਲੇ ਅਸੰਤੁਸ਼ਟ ਸੰਸਦ ਮੈਂਬਰਾਂ ਨੇ ਦੇਸ਼ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਉਤੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸਰਕਾਰ ਛੱਡਣ ਦੀ ਯੋਜਨਾ ਬਣਾਈ ਹੈ। ਸੱਤਾਧਾਰੀ ਗੱਠਜੋੜ, ਜਿਸ ਨੇ 2020 ਦੀਆਂ ਆਮ ਚੋਣਾਂ ਵਿਚ 150 ਸੀਟਾਂ ਜਿੱਤੀਆਂ ਸਨ, ਤੇ ਆਪਣੇ ਮੈਂਬਰਾਂ ਦੀ ਗਿਣਤੀ ਵਿਰੋਧੀ ਧਿਰ ਤੋਂ ਦਲ-ਬਦਲੀਆਂ ਰਾਹੀਂ ਵਧਾਈ ਸੀ, ਨੇ 41 ਸੰਸਦ ਮੈਂਬਰਾਂ ਦੀ ਹਮਾਇਤ ਗੁਆ ਲਈ ਹੈ। ਇਸ ਕੋਲ ਹੁਣ 109 ਸੀਟਾਂ ਹਨ ਜੋ ਕਿ ਆਮ ਬਹੁਮਤ ਤੋਂ ਪੰਜ ਘੱਟ ਹਨ। ਸੰਸਦ ਵਿਚ ਕੁੱਲ 225 ਮੈਂਬਰ ਹਨ। ਸਰਕਾਰ ਹਾਲਾਂਕਿ ਬਹੁਮਤ ਦਾ ਦਾਅਵਾ ਕਰ ਰਹੀ ਹੈ। 41 ਸੰਸਦ ਮੈਂਬਰ ਗੱਠਜੋੜ ਸਰਕਾਰ ਵਿਚੋਂ ਬਾਹਰ ਹੋ ਰਹੇ ਹਨ ਦੇ ਇਹ ਹੁਣ ਆਜ਼ਾਦ ਮੈਂਬਰ ਹਨ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਰਾਜਪਕਸੇ ਨੇ ਆਪਣੇ ਭਰਾ ਬਾਸਿਲ ਰਾਜਪਕਸੇ ਨੂੰ ਬਰਖਾਸਤ ਕਰਨ ਤੋਂ ਬਾਅਦ ਸਾਬਰੀ ਨੂੰ ਨਿਯੁਕਤ ਕੀਤਾ ਸੀ ਜੋ ਕਿ ਸੱਤਾਧਾਰੀ ਐਸਐਲਪੀਪੀ ਗੱਠਜੋੜ ਦੇ ਅੰਦਰ ਗੁੱਸੇ ਦਾ ਕੇਂਦਰ ਸਨ। ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿਚ ਸਾਬਰੀ ਨੇ ਕਿਹਾ ‘ਹਾਲਾਂਕਿ ਬਹੁਤ ਵਿਚਾਰ-ਚਰਚਾ ਤੋਂ ਬਾਅਦ ਉਨ੍ਹਾਂ ਅਸਥਾਈ ਤੌਰ ਉਤੇ ਅਹੁਦਾ ਸੰਭਾਲਿਆ ਹੈ। ਪਰ ਵਰਤਮਾਨ ਸਥਿਤੀ ਦੇ ਮੱਦੇਨਜ਼ਰ ਰਾਸ਼ਟਰਪਤੀ ਨੂੰ ਵਿਆਪਕ ਪ੍ਰਬੰਧ ਕਰਨੇ ਪੈਣਗੇ। ਇਸ ਗ਼ੈਰ-ਸਾਧਾਰਨ ਸੰਕਟ ਤੋਂ ਨਿਕਲਣ ਲਈ ਨਵੇਂ ਵਿੱਤ ਮੰਤਰੀ ਨੂੰ ਨਿਯੁਕਤ ਕਰਨਾ ਵੀ ਸ਼ਾਮਲ ਹੈ। ਸਾਬਰੀ ਉਨ੍ਹਾਂ ਚਾਰ ਮੰਤਰੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਨੇ ਸੋਮਵਾਰ ਨਿਯੁਕਤ ਕੀਤਾ ਸੀ। ਇਸ ਤੋਂ ਇਕ ਦਿਨ ਪਹਿਲਾਂ ਸਾਰੇ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਸੀ। ਅੱਜ ਜਦ ਸੰਸਦ ਦਾ ਸੈਸ਼ਨ ਸੱਦਿਆ ਗਿਆ ਤਾਂ ਸਰਕਾਰ ਦੇ ਕਈ ਸਹਿਯੋਗੀਆਂ ਨੇ ਦੂਰ ਰਹਿਣ ਦਾ ਫ਼ੈਸਲਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਰਾਸ਼ਟਰਪਤੀ ਨੇ ਐਮਰਜੈਂਸੀ ਲਾ ਦਿੱਤੀ ਸੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਤੋਂ ਰੂਸੀ ਹੀਰਿਆਂ ਦੀ ਵਿਕਰੀ ’ਤੇ ਰੋਕ ਦੀ ਮੰਗ
Next articleਪਾਕਿਸਤਾਨ ਦਾ ਚੋਣ ਕਮਿਸ਼ਨ ਲੋੜ ਪੈਣ ’ਤੇ ਚੋਣਾਂ ਕਰਾਉਣ ਨੂੰ ਤਿਆਰ