ਭਾਰਤ ਤੋਂ ਰੂਸੀ ਹੀਰਿਆਂ ਦੀ ਵਿਕਰੀ ’ਤੇ ਰੋਕ ਦੀ ਮੰਗ

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕੀ ਸੰਸਦ ਮੈਂਬਰਾਂ ਦੇ ਇਕ ਗਰੁੱਪ ਨੇ ਰੂਸ ’ਚੋਂ ਨਿਕਲਣ ਵਾਲੇ ਹੀਰਿਆਂ ਦੀ ਵਿਕਰੀ ਤੇ ਵਪਾਰ ਉਤੇ ਰੋਕ ਲਈ ਬਾਇਡਨ ਪ੍ਰਸ਼ਾਸਨ ਤੋਂ ਮਦਦ ਮੰਗੀ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ’ਤੇ ਹਮਲੇ ਮਗਰੋਂ ਅਮਰੀਕਾ ਤੇ ਯੂਰਪੀ ਮੁਲਕਾਂ ਨੇ ਰੂਸ ਉਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹਨ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਖ਼ਜ਼ਾਨਾ ਸਕੱਤਰ ਜੈਨੇਟ ਯੈਲੇਨ ਨੂੰ ਲਿਖੇ ਪੱਤਰ ਵਿਚ ਮੈਂਬਰਾਂ ਨੇ ਕਿਹਾ ਕਿ ਖ਼ਜ਼ਾਨਾ ਵਿਭਾਗ ਨੇ ਪਹਿਲਾਂ ਰੂਸ ਦੇ ਹੀਰਾ ਉਦਯੋਗ ਉਤੇ ਜਿਹੜੀਆਂ ਪਾਬੰਦੀਆਂ ਲਾਈਆਂ ਹਨ, ਉਨ੍ਹਾਂ ਦਾ ਅਲਰੋਸਾ ਤੇ ਇਸ ਦੇ ਸੀਈਓ ਸਰਗੇਈ ਇਵਾਨੋਵ ਦੇ ਕੌਮਾਂਤਰੀ ਵਪਾਰ ਉਤੇ ਬਹੁਤ ਘੱਟ ਅਸਰ ਹੋਇਆ ਹੈ।

ਜ਼ਿਕਰਯੋਗ ਹੈ ਕਿ ਅਲਰੋਸਾ ਦੁਨੀਆ ਦੀ ਸਭ ਤੋਂ ਵੱਡੀ ਹੀਰੇ ਕੱਢਣ ਵਾਲੀ ਕੰਪਨੀ ਹੈ। ਇਵਾਨੋਵ, ਪੂਤਿਨ ਦੇ ਇਕ ਕਾਫ਼ੀ ਨੇੜਲੇ ਸਾਥੀ ਦਾ ਪੁੱਤਰ ਹੈ। ਕਾਂਗਰਸ ਮੈਂਬਰਾਂ ਨੇ ਕਿਹਾ ਕਿ 24 ਫਰਵਰੀ ਨੂੰ ਲੱਗੀਆਂ ਪਾਬੰਦੀਆਂ ਨਾਲ ਅਲਰੋਸਾ ਤੇ ਰੂਸੀ ਸਰਕਾਰ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਮਾਹਿਰਾਂ ਨੇ ਪਾਬੰਦੀਆਂ ’ਚ ਖਾਮੀਆਂ ਉਜਾਗਰ ਕੀਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤ ਜਾਂ ਕਿਤੇ ਹੋਰ ਬਣੇ ਹੀਰਿਆਂ ਦੀ ਦਰਾਮਦ-ਬਰਾਮਦ ਪਾਬੰਦੀਆਂ ਦੇ ਘੇਰੇ ਵਿਚ ਨਹੀਂ ਹੈ। ਅਹਿਮ ਤੱਥ ਇਹ ਹੈ ਕਿ ਪਾਬੰਦੀਆਂ ‘ਰੂਸੀ ਫੈਡਰੇਸ਼ਨ ਤੋਂ ਨਿਕਲਦੀਆਂ ਵਸਤਾਂ ਉਤੇ ਹਨ’ ਪਰ ਇਸ ਵਿਚ ਤੀਜੇ ਮੁਲਕ ’ਚ ਬਣਨ ਵਾਲੀਆਂ ਵਸਤਾਂ ਦਾ ਜ਼ਿਕਰ ਨਹੀਂ ਹੈ।

ਇਕ ਹਾਲੀਆ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਹੀਰਿਆਂ ਦੀ ਕਟਿੰਗ ਤੇ ਪਾਲਿਸ਼ ਦਾ 95 ਪ੍ਰਤੀਸ਼ਤ ਕੰਮ ਭਾਰਤ ਵਿਚ ਹੁੰਦਾ ਹੈ। ਇਸ ਤਰ੍ਹਾਂ ਜੇ ਅਲਰੋਸਾ ਦੀ ਕੋਈ ਇਕਾਈ ਭਾਰਤ ਵਿਚ ਕੰਮ ਕਰਦੀ ਹੈ ਤਾਂ ਇਸ ਨੂੰ ਬਿਨਾਂ ਰੋਕ ਅਮਰੀਕਾ ਪਹੁੰਚਾਇਆ ਜਾ ਸਕਦਾ ਹੈ। ਮੈਂਬਰਾਂ ਨੇ ਪ੍ਰਸ਼ਾਸਨ ਨੂੰ ਪਾਬੰਦੀਆਂ ਉਤੇ ਮੁੜ ਗੌਰ ਕਰਨ ਲਈ ਕਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਮਰੀਕਾ ਨੂੰ ਭਾਰਤ ਨਾਲ ਵੀ ਰਾਬਤਾ ਕਰਨਾ ਚਾਹੀਦਾ ਹੈ ਤਾਂ ਕਿ ਉੱਥੋਂ ਹੁੰਦੇ ਕਾਰੋਬਾਰ ਨਾਲ ਪੂਤਿਨ ਦੇ ਨੇੜਲੇ ਸਾਥੀਆਂ ਨੂੰ ਹੋ ਰਿਹਾ ਮੋਟਾ ਮੁਨਾਫ਼ਾ ਰੋਕਿਆ ਜਾ ਸਕੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਤੋਂ ਊਰਜਾ ਦੀ ਦਰਾਮਦ ਵਧਾਉਣੀ ਭਾਰਤ ਦੇ ਹਿੱਤ ’ਚ ਨਹੀਂ: ਅਮਰੀਕਾ
Next articleਸ੍ਰੀਲੰਕਾ: ਰਾਜਪਕਸੇ ਦੀ ਸੱਤਾ ਉਤੇ ਪਕੜ ਕਮਜ਼ੋਰ ਹੋਈ