ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਨੇ ਅੱਜ ਕਿਹਾ ਕਿ ਰੂਸ ਤੋਂ ਊਰਜਾ ਤੇ ਹੋਰ ਵਸਤਾਂ ਦੀ ਦਰਾਮਦ ‘ਵਧਾਉਣੀ ਜਾਂ ਤੇਜ਼ ਕਰਨੀ’ ਭਾਰਤ ਦੇ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਰੂਸ ਤੋਂ ਦਰਾਮਦ ’ਤੇ ਨਿਰਭਰਤਾ ਘਟਾਉਣ ਲਈ ਬਾਇਡਨ ਪ੍ਰਸ਼ਾਸਨ ਨਵੀਂ ਦਿੱਲੀ ਦੀ ਮਦਦ ਕਰਨ ਨੂੰ ਤਿਆਰ ਹੈ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਸਲਾਹਕਾਰ ਦਲੀਪ ਸਿੰਘ ਦੀ ਪਿਛਲੇ ਹਫ਼ਤੇ ਦੀ ਭਾਰਤ ਯਾਤਰਾ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਮੀਡੀਆ ਨੂੰ ਕਿਹਾ ਕਿ ‘ਉਨ੍ਹਾਂ ਸਾਡੇ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਬਾਰੇ ਵਿਸਤਾਰ ਵਿਚ ਸਮਝਾਇਆ ਹੈ ਤੇ ਨਾਲ ਹੀ ਕਿਹਾ ਹੈ ਕਿ ਕਿਸੇ ਵੀ ਦੇਸ਼ ਨੂੰ ਇਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ।’ ਸਾਕੀ ਨੇ ਨਾਲ ਹੀ ਕਿਹਾ ਕਿ ਹਾਲੇ ਭਾਰਤ ਵੱਲੋਂ ਰੂਸ ਤੋਂ ਮੰਗਵਾਈ ਜਾ ਰਹੀ ਊਰਜਾ ਉਸ ਦੀ ਕੁੱਲ ਊਰਜਾ ਦਰਾਮਦ ਦਾ ਮਹਿਜ਼ ਇਕ-ਦੋ ਪ੍ਰਤੀਸ਼ਤ ਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਊਰਜਾ ਲਈ ਨਵੀਂ ਦਿੱਲੀ ਤੋਂ ਕੀਤੇ ਜਾ ਰਹੇ ਭੁਗਤਾਨ ਉਤੇ ਰੋਕ ਨਹੀਂ ਲਾਈ ਗਈ ਹੈ। ਸਾਕੀ ਨੇ ਕਿਹਾ ਕਿ ਇਹ ਫ਼ੈਸਲਾ ਦੇਸ਼ ਨੇ ਖ਼ੁਦ ਕਰਨਾ ਹੈ। ਵਾਈਟ ਹਾਊਸ ਅਧਿਕਾਰੀ ਨੇ ਇਹ ਵੀ ਸਾਫ਼ ਕੀਤਾ ਕਿ ਨਿਰਭਰਤਾ, ਚਾਹੇ ਬਹੁਤ ਹੀ ਘੱਟ ਕਿਉਂ ਨਾ ਹੋਵੇ, ਉਸ ਨੂੰ ਹੋਰ ਘੱਟ ਕਰਨ ਵਿਚ ਅਮਰੀਕਾ ਨੂੰ ਖ਼ੁਸ਼ੀ ਹੋਵੇਗੀ। ਉਨ੍ਹਾਂ ਕਿਹਾ, ‘ਅਸੀਂ ਇਸ ਬਾਰੇ ਬਿਲਕੁਲ ਸਪੱਸ਼ਟ ਹਾਂ ਕਿ ਹਰ ਦੇਸ਼ ਨੇ ਆਪਣੇ ਬਦਲ ਖ਼ੁਦ ਚੁਣਨੇ ਹਨ, ਜਿਵੇਂ ਕਿ ਅਸੀਂ ਤੇ ਹੋਰਾਂ ਦੇਸ਼ਾਂ ਨੇ ਊਰਜਾ ਦੀ ਦਰਾਮਦ ਉਤੇ ਪਾਬੰਦੀ ਲਾਉਣ ਲਈ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਡਿਪਟੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਭਾਰਤ ਦੌਰੇ ਦੌਰਾਨ ਆਪਣੇ ਹਮਰੁਤਬਾ ਨੂੰ ਕਿਹਾ ਸੀ ਕਿ ਅਮਰੀਕਾ ਇਹ ਨਹੀਂ ਮੰਨਦਾ ਕਿ ਰੂਸ ਤੋਂ ਊਰਜਾ ਜਾਂ ਹੋਰ ਉਤਪਾਦਾਂ ਦੀ ਦਰਾਮਦ ਵਧਾਉਣੀ ਭਾਰਤ ਦੇ ਹਿੱਤ ਵਿਚ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly