ਕੋਲਕਾਤਾ (ਸਮਾਜ ਵੀਕਲੀ): ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਾਂਗਰਸ ਸਮੇਤ ਸਾਰੇ ਗੈਰ-ਭਾਜਪਾ ਮੁੱਖ ਮੰਤਰੀਆਂ ਅਤੇ ਵਿਰੋਧੀ ਧਿਰਾਂ ਨੂੰ ਲਿਖੇ ਪੱਤਰ ’ਚ ਕੇਂਦਰ ਦੀ ਭਾਜਪਾ ਹਕੂਮਤ ਖ਼ਿਲਾਫ਼ ਸਾਂਝੀ ਜੰਗ ਲੜਨ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਸਾਰੀਆਂ ‘ਉਸਾਰੂ ਸੋਚ ਵਾਲੀਆਂ ਤਾਕਤਾਂ’ ਨੂੰ ਸੱਦਾ ਦਿੰਦਿਆਂ ਮਮਤਾ ਨੇ ਭਗਵਾ ਪਾਰਟੀ ਦੇ ਟਾਕਰੇ ਲਈ ਰਣਨੀਤੀ ਬਣਾਉਣ ਵਾਸਤੇ ਮੀਟਿੰਗ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕਜੁੱਟ ਅਤੇ ਸਿਧਾਂਤਕ ਤੌਰ ’ਤੇ ਮਜ਼ਬੂਤ ਵਿਰੋਧੀ ਧਿਰ ਹੀ ਅਜਿਹੀ ‘ਸਰਕਾਰ ਦਾ ਰਾਹ ਪੱਧਰਾ ਕਰੇਗੀ ਜਿਸ ਦੀ ਮੁਲਕ ਨੂੰ ਲੋੜ’ ਹੈ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਬਦਲਾਖੋਰੀ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ, ਸੀਬੀਆਈ ਅਤੇ ਸੀਵੀਸੀ ਜਿਹੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਦੇਸ਼ ਦੇ ਜਮਹੂਰੀ ਤਾਣੇ-ਬਾਣੇ ’ਤੇ ਹਮਲੇ ਕੀਤੇ ਜਾ ਰਹੇ ਹਨ ਤਾਂ ਜੋ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਕੇ ਖੁੱਡੇ ਲਾਇਆ ਜਾ ਸਕੇ। ਮਮਤਾ ਵੱਲੋਂ 27 ਮਾਰਚ ਨੂੰ ਚਿੱਠੀ ਲਿਖੀ ਗਈ ਹੈ ਜੋ ਅੱਜ ਸਵੇਰੇ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਉਸ ਸਮੇਂ ਹਰਕਤ ’ਚ ਆਉਂਦੀਆਂ ਹਨ ਜਦੋਂ ਚੋਣਾਂ ਨੇੜੇ ਹੋਣ।
ਉਨ੍ਹਾਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਇਰਾਦਿਆਂ ਨੂੰ ਠੱਲ੍ਹ ਪਾਉਣ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਨਿਆਂਪਾਲਿਕਾ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਮਤਾ ਦੀ ਇਹ ਅਪੀਲ ਉਸ ਸਮੇਂ ਆਈ ਹੈ ਜਦੋਂ ਉਸ ਦੀ ਪਾਰਟੀ ਬੀਰਮੂਭ ਹੱਤਿਆ ਕਾਂਡ ਕਾਰਨ ਸਿਆਸੀ ਘੁੰਮਣ-ਘੇਰੀ ’ਚ ਫਸੀ ਹੋਈ ਹੈ। ਉਧਰ ਪੱਛਮੀ ਬੰਗਾਲ ਭਾਜਪਾ ਦੇ ਤਰਜਮਾਨ ਸਾਮਿਕ ਭੱਟਾਚਾਰੀਆ ਨੇ ਕਿਹਾ ਕਿ ਟੀਐੱਮਸੀ ਦੀਆਂ ਕੌਮੀ ਪੱਧਰ ’ਤੇ ਪੈਰ ਪਸਾਰਨ ਦੀਆਂ ਆਸਾਂ ’ਤੇ ਪਾਣੀ ਪੈ ਗਿਆ ਹੈ। ਸੀਨੀਅਰ ਕਾਂਗਰਸ ਆਗੂ ਅਬਦੁੱਲ ਮਨਨ ਨੇ ਦਾਅਵਾ ਕੀਤਾ ਕਿ ਭਾਜਪਾ ਨਾਲ ਟਾਕਰੇ ’ਚ ਟੀਐੱਮਸੀ ਦੀ ਭਰੋਸੇਯੋਗਤਾ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਟੀਐੱਮਸੀ ਆਗੂ ਨਿਯਮਤ ਤੌਰ ’ਤੇ ਕਾਂਗਰਸ ਨੂੰ ਭੰਡਦੇ ਸਨ ਪਰ ਹੁਣ ਅਜਿਹਾ ਕੀ ਹੋ ਗਿਆ ਕਿ ਉਹ ਅਚਾਨਕ ਹੀ ਪਾਰਟੀ ਕੋਲ ਪਹੁੰਚ ਕਰ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly